ਨਵੀਂ ਦਿੱਲੀ – ਲੋਕਸਭਾ ਵਿੱਚ ਲਲਿਤਗੇਟ ਅਤੇ ਵਿਆਪਮ ਦੇ ਮੁੱਦੇ ਤੇ ਵਿਰੋਧ ਕਰ ਰਹੇ ਕਾਂਗਰਸ ਦੇ 25 ਸੰਸਦ ਮੈਂਬਰਾਂ ਨੂੰ ਸਸਪੈਂਡ ਕਰ ਦਿੱਤਾ ਹੈ।ਕਾਂਗਰਸ ਦੇ ਸੰਸਦ ਮੈਂਬਰਾਂ ਵੱਲੋਂ ਸਦਨ ਵਿੱਚ ਪਲੇਕਾਰਡ ਵਿਖਾਉਣ ਅਤੇ ਕਾਲੀ ਪੱਟੀ ਬੰਨਣ ਤੋਂ ਸਪੀਕਰ ਨਾਰਾਜ਼ ਸੀ। ਸਪੀਕਰ ਨੇ ਲਗਾਤਾਰ ਸੰਸਦ ਦੀ ਕਾਰਵਾਈ ਵਿੱਚ ਵਿਘਨ ਪੈਦਾ ਕਰਨ ਤੇ ਸੰਸਦਾਂ ਦੇ ਖਿਲਾਫ਼ ਕਾਰਵਾਈ ਕੀਤੀ।
ਲੋਕਸਭਾ ਸਪੀਕਰ ਸੁਮਿਤਰਾ ਮਹਾਜਨ ਨੇ ਸੋਮਵਾਰ ਨੂੰ ਸੰਸਦ ਨੂੰ ਡਿਸਟਰਬ ਕਰਨ ਕਰਕੇ ਕਾਂਗਰਸ ਦੇ 44 ਮੈਂਬਰਾਂ ਵਿੱਚੋਂ 25 ਸੰਸਦ ਮੈਂਬਰਾਂ ਨੂੰ 5 ਦਿਨਾਂ ਲਈ ਸਸਪੈਂਡ ਕਰ ਦਿੱਤਾ ਹੈ। ਮਹਾਜਨ ਨੇ ਕਿਹਾ ਕਿ ਮੇਰਾ ਕੰਮ ਇਹ ਵੇਖਣਾ ਹੈ ਕਿ ਸਦਨ ਸਹੀ ਢੰਗ ਨਾਲ ਕੰਮ ਕਰੇ। ਉਨ੍ਹਾਂ ਨੇ ਕਿਹਾ ਕਿ ਇਹ ਸੰਦੇਸ਼ ਸੱਭ ਦੇ ਲਈ ਹੈ ਅਤੇ ਸੱਭ ਨੂੰ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ।
ਕਾਂਗਰਸੀ ਸੰਸਦਾਂ ਨੇ ਲੋਕਸਭਾ ਦਾੀ ਕਾਰਵਾਈ ਦੌਰਾਨ ਸਦਨ ਵਿੱਚ ਪਲੇਕਾਰਡ ਵਿਖਾਏ ਅਤੇ ਮੋਦੀ ਸਰਕਾਰ ਅਤੇ ਪ੍ਰਧਾਨਮੰਤਰੀ ਦੇ ਖਿਲਾਫ਼ ਜਮਕੇ ਨਾਅਰੇਬਾਜ਼ੀ ਕੀਤੀ। ਕਾਂਗਰਸੀਆਂ ਨੇ ਦਾਗੀਆਂ ਨਾਲੋਂ ਨਾਤਾ ਤੋੜੋ, ਮੌਨ ਮੋਦੀ ਚੁੱਪੀ ਤੋੜੋ ਦੇ ਨਾਅਰੇ ਲਗਾਏ।
ਸੰਸਦਾਂ ਨੂੰ ਸਸਪੈਂਡ ਕਰਨ ਦੇ ਵਿਰੋਧ ਵਿੱਚ ਕਾਂਗਰਸ,ਤ੍ਰਿਣਮੂਲ, ਮਾਕਪਾ,ਭਾਕਪਾ,ਆਰਐਸਪੀ, ਮੁਸਲਿਮ ਲੀਗ,ਰਾਜਦ,ਜਦਯੂ ਅਤੇ ਆਪ ਨੇ ਅਗਲੇ ਪੰਜ ਦਿਨਾਂ ਤੱਕ ਲੋਕਸਭਾ ਦੀ ਕਾਰਵਾਈ ਦਾ ਬਾਈਕਾਟ ਕਰਨ ਦਾ ਫੈਂਸਲਾ ਕੀਤਾ ਹੈ।
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਇਸ ਨੂੰ ਲੋਕਤੰਤਰ ਲਈ ਕਾਲਾ ਦਿਨ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸੰਸਦ ਵਿੱਚ ਬਹੁਮੱਤ ਦੇ ਸਹਾਰੇ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।