ਨਵੀਂ ਦਿੱਲੀ – ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੇ ਖਿਲਾਫ਼ ਅਮਰੀਕਾ ਵਿਖੇ ਟੀ।ਵੀ।ਪੀ।ਏ। ਐਕਟ ਤਹਿਤ ਸਿੱਖ ਫਾਰ ਜਸਟਿਸ ਵੱਲੋਂ ਬੀਤੇ ਦਿਨੀਂ ਜਾਰੀ ਕਰਵਾਏ ਗਏ ਸੰਮਨ ਦੇ ਕੇਸ ਨੂੰ ਆਧਾਰਹੀਨ ਦੱਸਦੇ ਹੋਏ ਜੀ।ਕੇ। ਦੇ ਵਕੀਲ ਜਸਪ੍ਰੀਤ ਸਿੰਘ ਵੱਲੋਂ ਖਾਰਿਜ ਕਰਨ ਦੀ ਮੰਗ ਕੀਤੀ ਗਈ ਹੈ। ਜਸਪ੍ਰੀਤ ਸਿੰਘ ਨੇ ਜੀ.ਕੇ. ਦੇ ਵਲੋਂ ਨਿਊਯਾਰਕ ਦੀ ਦੱਖਣੀ ਜਿਲਾ ਅਦਾਲਤ ਵਿਖੇ ਦਰਜ ਕਰਵਾਏ ਗਏ ਬਿਆਨਾਂ ਵਿਚ ਜੀ.ਕੇ. ਨੂੰ ਸਹੀ ਤਰੀਕੇ ਨਾਲ ਨਿਊਯਾਰਕ ਵਿੱਖੇ ਸੰਮਨ ਨਾ ਤਾਮੀਲ ਹੋਣ ਦਾ ਦਾਅਵਾ ਕੀਤਾ ਹੈ। ਇਸਦੇ ਨਾਲ ਹੀ ਜੀ.ਕੇ. ਤੇ ਲੱਗੇ ਸਾਰੇ ਦੋਸ਼ਾਂ ਨੂੰ ਖਾਰਿਜ ਕਰਦੇ ਹੋਏ ਪੂਰਣ ਤੌਰ ਤੇ ਕੇਸ ਨੂੰ ਤਥਾਂ ਤੋਂ ਦੂਰ, ਆਧਾਰਹੀਨ ਅਤੇ ਝੂਠ ਦਾ ਪੁਲਿੰਦਾ ਦੱਸਿਆ ਹੈ।
ਜਸਪ੍ਰੀਤ ਸਿੰਘ ਨੇ ਅਦਾਲਤ ’ਚ ਸ਼ਿਕਾਇਤ ਕਰਤਾ ਹਰਜੀਤ ਸਿੰਘ ਅਤੇ ਜਾਨਕੀ ਕੌਰ ਕੋਲ ਸਬੂਤ ਨਾ ਹੋਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਵੱਲੋਂ ਜੀ.ਕੇ. ਦੇ ਖਿਲਾਫ਼ ਲਗਾਏ ਗਏ ਦੋਸਾਂ ਨੂੰ ਆਧਾਰਹੀਨ ਅਤੇ ਕਾਨੂੰਨੀ ਤੌਰ ਤੇ ਗੈਰਯੋਗ ਦੱਸਿਆ ਹੈ।ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਮਸਲੇ ਤੇ ਆਪਣੇ ਪ੍ਰਤੀਕ੍ਰਮ ਦਿੰਦੇ ਹੋਏ ਇਸ ਕੇਸ ਦੇ ਛੇਤੀ ਹੀ ਖਾਰਿਜ ਹੋਣ ਦੀ ਆਸ਼ ਜਤਾਈ। ਸਿਰਸਾ ਨੇ ਕਿਹਾ ਕਿ ਅਸੀਂ ਇਸ ਕੇਸ ਨੂੰ ਮਜ਼ਬੂਤੀ ਨਾਲ ਲੜਦੇ ਹੋਏ ਸਿੱਖ ਫਾੱਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂੰ ਦੀਆਂ ਝੂਠੀਆਂ ਧਮਕੀਆਂ ਤੇ ਅਧਾਰਿਤ ਇਸ ਕੇਸ ਦਾ ਸੱਚ ਕੌਮ ਦੇ ਸਾਹਮਣੇ ਰੱਖਾਂਗੇ। ਸਿਰਸਾ ਨੇ ਕਾਨੂੰਨੀ ਤਰੀਕੇ ਨਾਲ ਲੜਾਈ ਲੜਦੇ ਹੋਏ ਝੂਠੀ ਧਮਕੀਆਂ ਦੇ ਬੱਦਲੇ ਅਵੈਧ ਉਗਰਾਹੀ ਕਰਨ ਦੇ ਪਨੂੰ ਦੇ ਕਥਿਤ ਮਨਸੂਬਿਆਂ ਨੂੰ ਵੀ ਢਾਹ ਲਾਉਣ ਦਾ ਦਾਅਵਾ ਕੀਤਾ।
ਸਿਰਸਾ ਨੇ ਕਿਹਾ ਕਿ ਅਮਰੀਕਾ ਸਰਕਾਰ ਨੂੰ ਪਨੂੰ ਦੇ ਵੱਲੋਂ ਸ਼ਿਆਸੀ ਪਨਾਹ ਦਿਵਾਉਣ ਦੇ ਏਵਜ਼ ’ਚ ਪੰਨੂੰ ਵੱਲੋਂ ਕੀਤੀ ਜਾਂਦੀ ਪਾਬੰਦੀਸ਼ੁਦਾ ਵਸੂਲੀ ਦੀ ਪੜਤਾਲ ਕਰਨ ਦੀ ਕਮੇਟੀ ਵੱਲੋਂ ਕੀਤੀ ਗਈ ਮੰਗ ਤੇ ਅਸੀਂ ਪੂਰਨ ਤੌਰ ਤੇ ਕਾਇਮ ਹਾਂ ਕਿਉਂਕਿ ਪੰਥਕ ਭਾਵਨਾਵਾਂ ਦੀ ਆੜ੍ਹ ’ਚ ਕਿਸੇ ਵੀ ਸਿੱਖ ਦਾ ਮਾਨਸਿਕ ਜਾਂ ਆਰਥਿਕ ਸ਼ੋਸਣ ਕਰਨਾ ਸਿੱਖਾਂ ਧਰਮ ਦੇ ਮੁੱਢਲੇ ਸਿਧਾਂਤਾਂ ਦੇ ਖਿਲਾਫ਼ ਹੈ।