ਫਤਿਹਗੜ੍ਹ ਸਾਹਿਬ – “ਹਿੰਦ ਦੇ ਵਿਧਾਨ ਦੀ ਧਾਰਾ 19 ਜੋ ਇਥੋਂ ਦੇ ਨਿਵਾਸੀਆਂ ਨੂੰ ਆਪਣੇ ਖਿਆਲਾਤ ਆਜ਼ਾਦੀ ਨਾਲ ਪ੍ਰਗਟਾਉਣ ਦਾ ਅਧਿਕਾਰ ਦਿੰਦੀ ਹੈ, ਹਿੰਦੂਤਵ ਹਕੂਮਤ ਨੇ ਕੌਮਾਂਤਰੀ ਪੱਧਰ ‘ਤੇ ਹਰਮਨ ਪਿਆਰੀ ਹੋਈਆਂ ਸੋ਼ਸ਼ਲ ਸਾਈਟਾਂ ਰਾਹੀਂ ਇਕ ਦੂਸਰੇ ਤੱਕ ਆਪਣੇ ਖਿਆਲਾਤ ਅਤੇ ਵਿਚਾਰ ਅਤਿ ਸੌਖੇ ਅਤੇ ਸਸਤੇ ਤਰੀਕੇ ਪਹੁੰਚਾਉਣ ਦੀ ਸਮਾਜਪੱਖੀ ਵਿਧੀ ਉਤੇ ਪਾਬੰਦੀ ਲਗਾ ਕੇ ਇਥੋਂ ਦੇ ਨਿਵਾਸੀਆਂ ਦੇ ਵਿਧਾਨਿਕ ਹੱਕ ਨੂੰ ਕੁਚਲ ਕੇ ਇਕ ਤਰ੍ਹਾਂ ਦੀ ਮਰਹੂਮ ਇੰਦਰਾ ਗਾਂਧੀ ਦੀ ਤਰ੍ਹਾਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਕਰ ਰਹੀ ਹੈ। ਇਥੇ ਇਹ ਵੀ ਵਰਸਨ ਕਰਨਾ ਜਰੂਰੀ ਹੈ ਕਿ ਮੌਜੂਦਾ ਸੈਂਟਰ ਦੀ ਮੋਦੀ ਹਕੂਮਤ ਵਿਚ ਜਮਹੂਰੀਅਤ ਕਦਰਾਂ-ਕੀਮਤਾਂ, ਦਾ ਘਾਣ ਕਰਕੇ ਅਤੇ ਵਿਧਾਨਕ ਨਿਯਮਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਆਰਡੀਨੈਂਸਾਂ ਰਾਹੀਂ ਹੀ ਹਕੂਮਤ ਚਲਾਈ ਜਾ ਰਹੀ ਹੈ। ਜੇਕਰ ਪਾਰਲੀਮੈਂਟ ਦਾ ਸੈਸ਼ਨ ਨਹੀਂ ਚੱਲ ਰਿਹਾ ਤਾਂ ਇਸ ਵਿਚ ਮੁੱਖ ਤੌਰ ‘ਤੇ ਬੀਜੇਪੀ ਅਤੇ ਸੈਂਟਰ ਹਕੂਮਤ ਦੇ ਮੁਤੱਸਵੀ ਆਗੂ ਹੀ ਜਿੰਮੇਵਾਰ ਹਨ। ਜੋ ਇਥੋਂ ਦੇ ਨਿਵਾਸੀਆਂ ਦੀਆਂ ਭਾਵਨਾਵਾਂ ਨੂੰ ਕੁਚਲ ਕੇ ਆਪਣੇ ਮੂੰਹੋਂ ਨਿਕਲਣ ਵਾਲੇ ਸ਼ਬਦਾਂ ਨੂੰ ਹੁਕਮ ਅਤੇ ਕਾਨੂੰਨ ਬਣਾ ਕੇ ਤਾਨਾਸ਼ਾਹੀ ਸੋਚ ਅਧੀਨ ਰਾਜਭਾਗ ਕਰਨਾ ਚਾਹੁੰਦੇ ਹਨ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੈਂਟਰ ਦੀ ਮੋਦੀ ਹਕੂਮਤ ਵੱਲੋਂ ਇਥੋਂ ਦੇ ਨਿਵਾਸੀਆਂ ਉੱਤੇ ਤਾਨਾਸ਼ਾਹੀ ਨੀਤੀਆਂ ਅਤੇ ਸੋਚ ਨੂੰ ਲਾਗੂ ਕਰਨ ਦੇ ਅਮਲਾਂ ਅਤੇ ਉਹਨਾਂ ਦੀ ਭਾਈਵਾਲ ਜਮਾਤ ਬਾਦਲ ਦਲੀਆਂ ਵੱਲੋਂ ਪੰਜਾਬ ਵਿਚ ਵੀ ਜਮਹੂਰੀਅਤ ਕਦਰਾਂ ਕੀਮਤਾਂ ਅਤੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਕਰਕੇ ਚਲਾਏ ਜਾ ਰਹੇ ਦੋਸ਼ਪੂਰਨ ਨਿਜਾਮ ਨੂੰ ਜਮਹੂਰੀਅਤ ਦਾ ਕਤਲ ਕਰਾਰ ਦਿੰਦੇ ਹੋਏ ਪ੍ਰਗਟ ਕੀਤੇ। ਸ.ਮਾਨ ਨੇ ਇਸ ਗੱਲ ਦਾ ਵੀ ਡੂੰਘਾ ਖਦਸ਼ਾ ਜਾਹਿਰ ਕੀਤਾ ਕਿ ਸੋਸ਼ਲ ਮੀਡੀਏ, ਵੈੱਬਸਾਈਟਾਂ ਅਤੇ ਫੇਸਬੁੱਕਾਂ ਦੇ ਵਰਤਾਰੇ ਨਾਲ ਜੋ ਇਥੇ ਪ੍ਰਕਾਸਿ਼ਤ ਹੋਣ ਵਾਲੀਆਂ ਇੰਗਲਿਸ਼ , ਪੰਜਾਬੀ ਅਤੇ ਹਿੰਦੀ ਅਖਬਾਰਾਂ ਦੀ ਸਰਕੂਲੇਸ਼ਨ ਘਟਦੀ ਜਾ ਰਹੀ ਹੈ ਅਤੇ ਇਥੋਂ ਦੇ ਨਿਵਾਸੀ ਸੋਸ਼ਲ ਮੀਡੀਆ ਨਾਲ ਜੁੜਦੇ ਜਾ ਰਹੇ ਹਨ, ਉਸ ਖਤਰੇ ਨੂੰ ਭਾਂਪਦੇ ਹੋਏ ਅਖਬਾਰਾਂ ਦੇ ਮਾਲਿਕ ਵਿਸ਼ੇਸ਼ ਤੌਰ ‘ਤੇ ਅੰਗਰੇਜ਼ੀ ਅਖਬਾਰਾਂ ਵਾਲੇ ਵੀ ਜੋ ਕਿ ਵੱਡੇ ਵੱਡੇ ਉਦਯੋਗਪਤੀ ਹਨ, ਉਹਨਾਂ ਦੀ ਇੱਛਾ ਦੇ ਮੁਤਾਬਿਕ ਮੋਦੀ ਦੀ ਹਕੂਮਤ ਸੋਸ਼ਲ ਮੀਡੀਏ ਦੇ ਦਾਇਰੇ ਨੂੰ ਵਧਣ ਫੁੱਲਣ ਤੋਂ ਰੋਕਣ ਲਈ ਅਜਿਹਾ ਕਰ ਰਹੀ ਹੋਵੇ। ਜੇਕਰ ਇਹ ਅਮਲ ਸੱਚ ਹਨ ਤਾਂ ਮੋਦੀ ਹਕੂਮਤ ਅਤੇ ਇਥੋਂ ਦੇ ਧਨਾਢ ਉਦਯੋਗਪਤੀ ਜੋ ਸਮੁੱਚੀ ਹਕੂਮਤ , ਸਰਕਾਰ, ਨਿਜਾਮ ਉਤੇ ਕਬਜ਼ਾ ਕਰਨ ਵੱਲ ਵਧ ਰਹੇ ਹਨ, ਅਜਿਹੇ ਅਮਲ ਹੋਰ ਵੀ ਦੁੱਖਦਾਇਕ ਅਤੇ ਮਨੁੱਖਤਾ ਵਿਰੋਧੀ ਹੋਣਗੇ। ਜਿਸ ਨੂੰ ਇਥੋਂ ਦੀ ਜਨਤਾ ਬਿਲਕੁਲ ਪ੍ਰਵਾਨ ਨਹੀਂ ਕਰੇਗੀ।
ਉਹਨਾਂ ਕਿਹਾ ਕਿ ਇਕ ਪਾਸੇ ਸਾਡੀ ਪਾਰਟੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਵੈਬਸਾਈਟ ਕੌਮਾਂਤਰੀ ਪੱਧਰ ‘ਤੇ ਇਸ ਗੱਲ ਨੂੰ ਜਾਹਰ ਕਰ ਰਹੀ ਹੈ ਕਿ ਮਨੁੱਖਤਾ ਵਿਰੋਧੀ ਅਮਲਾਂ ਦੀ ਬਦੌਲਤ ਆਈ ਐਸ ਆਈ ਐਸ ਦੀ ਜਥੇਬੰਦੀ ਆਪਣੀ ਸਾਖ਼ ਨੂੰ ਖੌਰਾ ਲਗਾ ਰਹੀ ਹੈ, ਪਰ ਦੂਸਰੇ ਪਾਸੇ ਸ਼੍ਰੀ ਮੋਦੀ ਅਤੇ ਉਸਦੀ ਪਾਰਟੀ ਬੀਜੇਪੀ , ਇਜ਼ਰਾਇਲ ਅਤੇ ਸੁੰਨੀ ਅਰਬ ਮੁਲਕਾਂ ਨਾਲ ਆਪਣੇ ਸੰਬੰਧਾਂ ਨੂੰ ਪਹਿਲਾਂ ਨਾਲੋਂ ਵੀ ਵਧੇਰੇ ਮਜਬੂਤ ਬਣਾ ਰਹੀ ਹੈ, ਜਿਹੜੇ ਮੁਲਕ ਆਈ ਐਸ ਆਈ ਐਸ ਦੀ ਜਥੇਬੰਦੀ ਨੂੰ ਗੁਪਤ ਰੂਪ ਵਿਚ ਮਦਦ ਕਰਦੇ ਹਨ। ਉਹਨਾਂ ਕਿਹਾ ਕਿ ਹਿੰਦ ਦੇ ਗ੍ਰਹਿ ਸਕੱਤਰ ਨੂੰ ਇਹ ਗੱਲ ਆਪਣੇ ਜਹਿਨ ਵਿਚ ਰੱਖਣੀ ਪਵੇਗੀ ਕਿ ਹਿੰਦ ਦੇ ਵਿਧਾਨ ਦੇ ਮੁਢੱਲੇ ਸਿਧਾਂਤਾਂ ਨੂੰ ਖਤਮ ਕਰਕੇ ਉਹ ਕੁਝ ਵੀ ਨਤੀਜਾ ਨਹੀਂ ਕੱਢ ਸਕਣਗੇ, ਬਲਕਿ ਇਥੋਂ ਦੇ ਹਾਲਾਤਾਂ ਨੂੰ ਬਦਤਰ ਬਣਾਉਣ ਲਈ ਜਿੰਮੇਵਾਰ ਹੋਣਗੇ। ਉਹਨਾਂ ਕਿਹਾ ਕਿ ਘੱਟ ਗਿਣਤੀਆਂ ਦੇ ਹੱਕ ਅਤੇ ਅਧਿਕਾਰਾਂ ਨੂੰ ਕੁਚਲ ਕੇ ਉਹ ਇਥੇ ਨਿਰਪੱਖਤਾ ਵਾਲਾ ਨਿਜਾਮ ਕਾਇਮ ਨਹੀਂ ਰੱਖ ਸਕਣਗੇ। ਇਸ ਲਈ ਹਿੰਦ ਹਕੂਮਤ ਅਤੇ ਇਥੋਂ ਦੇ ਗ੍ਰੀਹ ਸਕੱਤਰ ਨੂੰ ਚਾਹੀਦਾ ਹੈ ਕਿ ਉਹ ਸ. ਸੂਰਤ ਸਿੰਘ ਖਾਲਸਾ ਦੀ ਭੁੱਖ ਹੜਤਾਲ ਨੂੰ ਖਤਮ ਕਰਨ ਲਈ ਉਹਨਾਂ ਵੱਲੋਂ ਰੱਖੀਆਂ ਜਾਇਜ਼ ਸ਼ਰਤਾਂ ਨੂੰ ਪ੍ਰੜਾਨ ਕਰਕੇ ਹਾਲਾਤਾਂ ਨੂੰ ਵਿਸਫੋਟਕ ਹੋਣ ਤੋਂ ਬਚਾਉਣ ਤਾਂ ਬਿਹਤਰ ਹੋਵੇਗਾ। ਸ.ਮਾਨ ਨੇ ਜਿਥੇ ਸ. ਸੂਰਤ ਸਿੰਘ ਦੇ ਦ੍ਰਿੜ੍ਹ ਇਰਾਦੇ ਅੱਗੇ ਸੀਸ ਝੁਕਾਇਆ , ਉਥੇ ਉਹਨਾਂ ਨੇ ਉਹਨਾਂ ਦੇ ਅਮਰੀਕਾ ਨਿਵਾਸੀ ਪੁੱਤਰ ਸ. ਰਵਿੰਦਰਜੀਤ ਗੋਗੀ ਅਤੇ ਉਹਨਾਂ ਦੀ ਸਪੁੱਤਰੀ ਸਰਵਿੰਦਰ ਕੌਰ ਜੋ ਇਥੋਂ ਦੀ ਹਕੂਮਤ ਦੇ ਜਬਰ ਜੁਲਮ ਦਾ ਟਾਕਰਾ ਕਰਦੇ ਹੋਏ ਕੌਮੀ ਮਿਸ਼ਨ ਨੂੰ ਹਰ ਤਰ੍ਹਾਂ ਸਹਿਯੋਗ ਦੇ ਰਹੇ ਹਨ ਉਹਨਾਂ ਦਾ ਸਮੁੱਚੀ ਸਿੱਖ ਕੌਮ ਵੱਲੋਂ ਧੰਨਵਾਦ ਵੀ ਕੀਤਾ।