ਟਰਾਂਟੋ :- ਬਾਪੂ ਸੂਰਤ ਸਿੰਘ ਖਾਲਸਾ ਵਲੋਂ ਵਿੱਢੇ ਸੰਘਰਸ਼ ਨੂੰ ਲੈ ਕੇ ਟਰਾਂਟੋ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਵਲੋਂ ਉਨਟਾਰੀਓ ਦੀ ਅਸੰਬਲੀ ਮੂਹਰੇ ਜਬਰਦਸਤ “ਵੰਗਾਰ ਰੈਲੀ” ਕੀਤੀ ਗਈ। ਇਸ ਰੈਲੀ ਵਿੱਚ ਬੱਚੇ ਬਜ਼ੁਰਗਾਂ ਅਤੇ ਨੌਜੁਆਨਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਟਰਾਂਟੋ ਦੀਆਂ ਸਮੂਹ ਪੰਥਕ ਜਥੇਬੰਦੀਆਂ ਨੇ ਇੱਕ ਮੁੱਠ ਹੋ ਕੇ ਬਾਪੂ ਖਾਲਸਾ ਦੇ “ਬੰਦੀ ਸਿੰਘਾਂ ਦੇ ਸੰਘਰਸ਼” ਨੂੰ ਸਮਰਥਨ ਦਿੱਤਾ।
ਅਸੀਂ ਇਨਕਾਲਬੀ ਲੋਕ ਹਾਂ ਅਤੇ ਇਸ ਇਨਕਲਾਬੀ ਬੱਸ ਦੀਆਂ ਬਰੇਕਾਂ ਖਾਲਿਸਤਾਨ ਦੀਆਂ ਬਰੂਹਾਂ ਤੇ ਜਾ ਕੇ ਹੀ ਲੱਗਣਗੀਆਂ। ਇਹ ਗੱਲ ਸੁਖਮਿੰਦਰ ਸਿੰਘ ਹੰਸਰਾ ਨੇ ਕਹੀ। ਉਨ੍ਹਾਂ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਸੰਘਰਸ਼ ਕੋਈ ਵਿਅਕਤੀਗਤ ਲੜਾਈ ਨਹੀਂ ਹੈ, ਇਹ ਇਨਕਲਾਬ ਦੀ ਪੌੜੀ ਦਾ ਇੱਕ ਟੰਬਾ ਹੈ ਜਿਸ ਨੂੰ ਆਪਾਂ ਰਲ ਕੇ ਚੜਨਾ ਹੈ। ਹੰਸਰਾ ਨੇ ਕਿਹਾ ਕਿ ਬਾਪੂ ਸੂਰਤ ਸਿੰਘ ਖਾਲਸਾ ਦਾ ਪ੍ਰੀਵਾਰ ਵੀ ਕੌਮੀ ਸੰਘਰਸ਼ ਹੀ ਲੜ ਰਿਹਾ ਹੈ ਅਤੇ ਸਾਰੀ ਕੌਮ ਉਨ੍ਹਾਂ ਦੇ ਸਮਰਥਨ ਵਿੱਚ ਹੈ। ਉਨਾਂ ਕਿਹਾ ਕਿ ਅੱਜ ਅਸੀਂ ਉਨਟਾਰੀਓ ਦੀ ਸੂਬਾ ਸਰਕਾਰ ਅਤੇ ਕੈਨੇਡਾ ਦੇ ਫਾਰਨ ਅਫੇਅਰਜ਼ ਮੰਤਰੀ ਨੂੰ ਮੈਮੋਰੰਡਮ ਦੇ ਕੇ ਇਹ ਮੰਗ ਕਰ ਰਹੇ ਹਾਂ ਕੈਨੇਡਾ ਸਰਕਾਰ ਤੁਰੰਤ ਦਖਲ ਦੇ ਕੇ ਪੰਜਾਬ ਵਿੱਚ ਖਾਸ ਕਰਕੇ ਹਸਨਪੁਰ ਵਿੱਚ ਹੋ ਰਹੀ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਬੰਦ ਕਰਵਾਵੇ, ਸਿੱਖ ਜੈਨੋਸਾਈਡ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੁਆਵੇ ਅਤੇ ਸਿੱਖਾਂ ਦੇ ਖੁਦਮੁਖਤਿਆਰੀ ਦੇ ਹੱਕਾਂ ਤੇ ਗੱਲਬਾਤ ਸ਼ੁਰੂ ਕਰੇ।
ਸ੍ਰ. ਸਿਮਰਨਜੀਤ ਸਿੰਘ ਮਾਨ ਨੇ ਟੈਲੀਫੋਨ ਰਾਹੀਂ ਇਸ ਰੈਲੀ ਵਿੱਚ ਸ਼ਮੂਲੀਅਤ ਕਰਦਿਆਂ ਸਮੁੱਚੀ ਕਮਿਊਨਟੀ ਦਾ ਧੰਨਵਾਦ ਕੀਤਾ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਦਾ ਪੂਰਣ ਸਮਰਥਨ ਦੇਣ ਦੀ ਗੱਲ ਕਹੀ। ਸ੍ਰ. ਮਾਨ ਨੇ ਕਿਹਾ ਕਿ ਸਾਡੀ ਮੁਸ਼ਕਲਾਂ ਦਾ ਹੱਲ ਖਾਲਿਸਤਾਨ ਦੀ ਆਜ਼ਾਦੀ ਹੈ, ਜੋ ਅਸੀਂ ਪ੍ਰਾਪਤ ਕਰਨਾ ਹੈ।
ਇਸ ਮੌਕੇ ਉਨਟਾਰੀਓ ਦੇ ਵਿਧਾਇਕ ਜਗਮੀਤ ਸਿੰਘ ਨੇ ਭਾਰਤ ਸਰਕਾਰ ਵਲੋਂ ਕੀਤੀਆਂ ਜਾ ਰਹੀਆਂ ਵਧੀਕੀਆਂ ਦਾ ਖੁੱਲ ਕੇ ਵਿਰੋਧ ਕੀਤਾ ਅਤੇ ਬਾਪੂ ਸੂਰਤ ਸਿੰਘ ਖਾਲਸਾ ਦੇ ਸੰਘਰਸ਼ ਨੂੰ ਸਹੀ ਕਰਾਰ ਦਿੱਤਾ। ਉਨ੍ਹਾਂ ਨੇ ਉਨਟਾਰੀਓ ਦੇ ਮੁੱਖ ਮੰਤਰੀ ਲਈ ਮੈਮੋਰੰਡਮ ਹਾਸਿਲ ਕੀਤਾ।
ਇਸ ਤੋਂ ਇਲਾਵਾ 19 ਅਕਤੂਬਰ ਨੂੰ ਹੋਣ ਜਾ ਰਹੀਆਂ ਫੈਡਰਲ ਚੋਣਾਂ ਵਿੱਚ ਸਿੱਖ ਭਾਈਚਾਰੇ ਨਾਲ ਸਬੰਧਤ ਕਈ ਉਮੀਦਵਾਰ ਇਥੇ ਪਹੁੰਚੇ ਜਿੰਨ੍ਹਾਂ ਵਿੱਚ ਹਰਬਲਜੀਤ ਸਿੰਘ ਕਾਹਲੋਂ, ਮਾਰਟਿਨ ਸਿੰਘ ਅਤੇ ਰਾਜ ਗਰੇਵਾਲ ਦੇ ਨਾਮ ਸ਼ਾਮਲ ਹਨ।
ਉਨਟਾਰੀਓ ਦੇ 12 ਗੁਰਦੁਆਰਿਆਂ ਦੀ ਸਾਂਝੀ ਸੰਸਥਾ ਦੇ ਉਨਟਾਰੀਓ ਦੇ ਸਿੱਖ ਐਂਡ ਗੁਰਦੁਆਰਾਜ਼ ਕੌਂਸਲ ਦੇ ਚੇਅਰਮੈਨ ਭੁਪਿੰਦਰ ਸਿੰਘ ਊਭੀ, ਉਨਟਾਰੀਓ ਗੁਰਦੁਆਰਾਜ਼ ਕਮੇਟੀ ਦੇ ਸੀਨੀਅਰ ਮੈਂਬਰ ਅਤੇ ਮਾਲਟਨ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਭਾਈ ਦਲਜੀਤ ਸਿੰਘ ਸੇਖੋਂ ਅਤੇ ਉਨਟਾਰੀਓ ਖਾਲਸਾ ਦਰਬਾਰ ਡਿਕਸੀ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਪੂਨੀਆ ਨੇ ਸੰਬੋਧਨ ਕੀਤਾ।
ਇਸ ਤੋਂ ਇਲਾਵਾ ਜੋਤ ਪ੍ਰਕਾਸ਼ ਗੁਰਦੁਆਰਾ ਸਾਹਿਬ, ਸ਼ਹੀਦਗੜ ਗੁਰਦੁਆਰਾ ਸਾਹਿਬ, ਗੁਰੂ ਨਾਨਕ ਮਿਸ਼ਨ ਗੁਰਦੁਆਰਾ ਸਾਹਿਬ ਅਤੇ ਰੈਕਸਡੇਲ ਗੁਰਦੁਆਰਾ ਸਾਹਿਬ ਦੇ ਨੁਮਾਇੰਦੇ ਰੈਲੀ ਵਿੱਚ ਸ਼ਾਮਲ ਹੀ ਨਹੀਂ ਸਨ ਬਲਕਿ ਇਨ੍ਹਾਂ ਗੁਰਦੁਆਰਾ ਸਾਹਿਬਾਨਾਂ ਤੋਂ ਬੱਸਾਂ ਰਾਹੀਂ ਸੰਗਤ ਨੂੰ ਰੈਲੀ ਵਿੱਚ ਪਹੁੰਚਾਇਆ ਗਿਆ।
ਇਸ ਮੌਕੇ ਰੈਲੀ ਵਿੱਚ ਪਹੁੰਚੀ ਸੰਗਤ ਨੇ ਆਪ ਮੁਹਾਰੇ ਹੋ ਕੇ “ਬਾਪੂ ਤੇਰੀ ਸੋਚ ਤੇ ਪਹਿਰਾ ਦੇਆਂਗੇ ਠੋਕ ਕੇ” ਅਤੇ “ਖਾਲਿਸਤਾਨ ਜਿ਼ੰਦਾਬਾਦ” ਦੇ ਨਾਹਰੇ ਲਾ ਕੇ ਟਰਾਂਟੋ ਸ਼ਹਿਰ ਦੀਆਂ ਇਮਾਰਤ ਨੂੰ ਇਨਕਲਾਬੀ ਛੂਹ ਬਖਸ਼ੀ।
ਵੰਗਾਰ ਰੈਲੀ ਨੂੰ ਤਰਤੀਬ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਜਨਰਲਕ ਸਕੱਤਰ ਜਗਦੇਵ ਸਿੰਘ ਤੂਰ ਅਤੇ ਜੀ ਟੀ ਏ ਦੇ ਯੂਥ ਕੋਆਰਡੀਨੇਟਰ ਕੇ ਐਸ ਬਾਜਵਾ ਨੇ ਅਹਿਮ ਭੂਮਿਕਾ ਨਿਭਾਈ।