ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੜ੍ਹਦੀ ਕਲਾ ਤੇ ਸਿਹਤਯਾਬੀ ਲਈ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮਾਂ ਤੇ ਇਲਾਕਾ ਨਿਵਾਸੀਆਂ ਵੱਲੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ, ਬਾਬਾ ਬਕਾਲਾ ਵਿਖੇ ਪਰਸੋਂ ਤੋਂ ਰਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ।ਉਪਰੰਤ ਭਾਈ ਬਲਜਿੰਦਰ ਸਿੰਘ ਹਜ਼ੂਰੀ ਰਾਗੀ ਜਥਾ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਨੇ ‘ਧੁਰ ਕੀ ਬਾਣੀ’ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ।ਅਰਦਾਸ ਹੈਡ ਗ੍ਰੰਂਥੀ ਗਿਆਨੀ ਭੂਪਿੰਦਰ ਸਿੰਘ ਨੇ ਕੀਤੀ ਤੇ ਹੁਕਮਨਾਮਾ ਗਿਆਨੀ ਕੇਵਲ ਸਿੰਘ ਗ੍ਰੰਥੀ ਨੇ ਲਿਆ।ਸਮਾਗਮ ਉਪਰੰਤ ਗੁਰਦੁਆਰਾ ਸਾਹਿਬ ਦੇ ਮੈਨੇਜਰ ਸ੍ਰ: ਮੁਖਤਿਆਰ ਸਿੰਘ, ਹੈਡ ਗ੍ਰੰਥੀ ਗਿਆਨੀ ਭੂਪਿੰਦਰ ਸਿੰਘ ਤੇ ਗ੍ਰੰਥੀ ਭਾਈ ਬਲਜਿੰਦਰ ਸਿੰਘ ਨੇ ਜਥੇਦਾਰ ਅਵਤਾਰ ਸਿੰਘ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।
ਉਪਰੰਤ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹੀ ਨੌਵੀਂ ਵਿਖੇ ਮੇਨ ਬਾਜ਼ਾਰ ਨੂੰ ਖੁੱਲਾ ਕਰਨ ਸਮੇਂ ਪ੍ਰਭਾਵਿਤ ਹੋਏ ਦੁਕਾਨਦਾਰਾਂ ਦੇ ਮੁੜ ਵਸੇਬੇ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਾਤਾ ਗੁਜਰੀ ਮਾਰਕੀਟ ਵਿਖੇ ਤਿਆਰ ਕੀਤੀਆਂ ਗਈਆਂ ੪੧ ਦੁਕਾਨਾਂ ਦਾ ਲਾਟਰੀ ਸਿਸਟਮ ਰਾਹੀਂ ਰਸਮੀ ਉਦਘਾਟਨ ਕੀਤਾ।ਜਥੇਦਾਰ ਅਵਤਾਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਕਿ ੫ ਹਜ਼ਾਰ ਸਕੇਅਰ ਫੁੱਟ ਵਿੱਚ ਬਣੀਆਂ ੪੧ ਦੁਕਾਨਾਂ ਤੇ ੫੨ ਲੱਖ ੭੫ ਹਜ਼ਾਰ ਰੁਪਏ ਖਰਚਾ ਆਇਆ ਹੈ।
ਜਥੇਦਾਰ ਅਵਤਾਰ ਸਿੰਘ ਵੱਲੋਂ ਬਾਬਾ ਬਕਾਲਾ ਦੇ ਦੁਕਾਨਦਾਰਾਂ ਦੇ ਮੁੜ ਵਸੇਬੇ ਲਈ ਮਾਤਾ ਗੁਜਰੀ ਮਾਰਕੀਟ ਦਾ ਉਦਘਾਟਨ
This entry was posted in ਪੰਜਾਬ.