ਅੰਮ੍ਰਿਤਸਰ – ਜਦ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਬਰਮਿੰਘਮ, ਲੰਡਨ, ਟੋਰਾਂਟੋ (ਕੈਨੇਡਾ) ਨੂੰ ਜਾਂਦੀਆਂ ਸਿੱਧੀਆਂ ਉਡਾਣਾਂ ਬੰਦ ਕਰਕੇ ਬਰਾਸਤਾ ਦਿੱਲੀ ਕੀਤੀਆਂ ਗਈਆਂ ਸਨ ਤਾਂ ਇਸ ਦੀ ਸਭ ਪਾਸਿਆਂ ਤੋਂ ਨਿਖੇਧੀ ਹੋਈ ਸੀ।ਮੁੱਖ-ਮੰਤਰੀ ਸ. ਪ੍ਰਕਾਸ਼ ਸਿੰਘ ਬਾਦਲ ਨੇ 4 ਅਪ੍ਰੈਲ 2013 ਨੂੰ ਦੋਸ਼ ਲਾਇਆ ਸੀ ਕਿ ਭਾਰਤ ਸਰਕਾਰ ਅੰਮ੍ਰਿਤਸਰ ਹਵਾਈ ਅੱਡੇ ਦੀ ਕੀਮਤ ’ਤੇ ਦਿੱਲੀ ਹਵਾਈ ਅੱਡੇ ਨੂੰ ਲਾਭ ਪਹੁੰਚਾਉਣ ਲਈ ਅਜਿਹਾ ਕਰ ਰਹੀ ਹੈ। ਉਨ੍ਹਾਂ ਉਸ ਸਮੇਂ ਕਿਹਾ ਸੀ ਕਿ ਇਹ ਪੰਜਾਬ ਦਾ ਇਕੋ ਇਕ ਅੰਤਰ ਰਾਸ਼ਟਰੀ ਹਵਾਈ ਅੱਡਾ ਹੈ ਜਿੱਥੋਂ ਕਿ ਸੈਂਕੜੇ ਪੰਜਾਬੀ ਰੋਜ਼ਾਨਾ ਕੈਨੇਡਾ, ਇੰਗਲੈਂਡ ਆਦਿ ਮੁਲਕਾਂ ਨੂੰ ਜਾਂਦੇ ਹਨ ਤੇ ਹੁਣ ਉਨ੍ਹਾਂ ਨੂੰ ਦਿੱਲੀ ਤੋਂ ਉਡਾਣਾਂ ਲੈਣ ਲਈ ਵਧੇਰੇ ਸਮਾਂ ਬਰਬਾਦ ਕਰਨਾ ਪਵੇਗਾ। ਉਸ ਸਮੇਂ ਦੇ ਲੋਕ ਸਭਾ ਮੈਂਬਰ ਸ. ਨਵਜੋਤ ਸਿੰਘ ਸਿੱਧੂ ਨੇ 20 ਫ਼ਰਵਰੀ 2013 ਨੂੰ ਅੰਦੋਲਨ ਸ਼ੁਰੂ ਕਰਨ ਦੀ ਧਮਕੀ ਦਿੱਤੀ ਪਰ ਹੈਰਾਨੀ ਵਾਲੀ ਗੱਲ ਹੈ ਕਿ ਕੇਂਦਰ ਵਿਚ ਭਾਜਪਾ ਦੀ ਸਰਕਾਰ ਬਣਨ ਦੇ ਇੱਕ ਸਾਲ ਤੋਂ ਵੱਧ ਬੀਤ ਜਾਣ ’ਤੇ ਵੀ ਇਹ ਉਡਾਣਾਂ ਮੁੜ ਸ਼ੁਰੂ ਨਹੀਂ ਹੋਈਆਂ।ਸਗੋਂ ਕੇਂਦਰ ਸਰਕਾਰ ਨੇ ਕੋਰੀ ਨਾਂਹ ਕਰ ਦਿੱਤੀ ਹੈ।ਹੁਣ ਸ. ਨਵਜੋਤ ਸਿੰਘ ਸਿੱਧੂ ਵੀ ਚੁੱਪ ਹੈ ਤੇ ਮੁੱਖ ਮੰਤਰੀ ਜੀ ਵੀ ਚੁੱਪ ਨੇ। ਹਾਂ ਪਿਛਲੇ ਮਹੀਨੇ ਮੀਡੀਆ ਵਿਚ ਇਹ ਉਡਾਣਾਂ ਮੁੜ ਸ਼ੁਰੂ ਕਰਨ ਲਈ ਉਪ- ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਦਾ ਬਿਆਨ ਜਰੂਰ ਆਇਆ ਹੈ।
ਇਸ ਸਬੰਧੀ ਪ੍ਰੈੱਸ ਨੂੰ ਜਾਰੀ ਬਿਆਨ ਵਿਚ ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਕਿਹਾ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਇਕ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਅਤੇ ਲੰਡਨ ਲਈ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕੀਤੀਆਂ ਜਾਣ ।ਇਸ ਦੇ ਉਤਰ ਵਿਚ ਸ਼ਹਿਰੀ ਹਵਾਬਾਜ਼ੀ ਮਹਿਕਮੇ ਨੇ ਜੁਆਬ ਭੇਜਿਆ ਹੈ ਕਿ ਦਿੱਲੀ ਏਅਰ ਇੰਡੀਆ ਦੀ ਹਬ ਹੈ ਇਸ ਲਈ ਅੰਮ੍ਰਿਤਸਰ ਦੀਆਂ ਸਾਰੀਆਂ ਉਡਾਣਾਂ ਬਰਾਸਤਾ ਦਿੱਲੀ ਜਾਣਗੀਆਂ।ਦੂਜੀ ਦਲੀਲ ਦਿੱਤੀ ਗਈ ਹੈ ਕਿ ਅੰਮ੍ਰਿਤਸਰ ਤੋਂ ਸਵਾਰੀ ਨਹੀਂ ਮਿਲਦੀਆਂ ਤੇ ਬਹੁਤੀਆਂ ਸਵਾਰੀਆਂ ਦਿੱਲੀ ਤੋਂ ਚੜ੍ਹਦੀਆਂ ਹਨ,ਜਦ ਕਿ ਅਸਲੀਅਤ ਇਹ ਹੈ ਕਿ ਬਰਮਿੰਘਮ ਦੀਆਂ ਸਾਰੀਆਂ ਸੁਆਰੀਆਂ ਪੰਜਾਬ ਤੋਂ ਹੁੰਦੀਆਂ ਹਨ।
ਇਸ ਤੋਂ ਸਪੱਸ਼ਟ ਹੈ ਕਿ ਅਕਾਲੀ ਭਾਜਪਾ ਸਰਕਾਰ ਦਾ ਸ੍ਰੀ ਗੁਰੂ ਰਾਮਦਾਸ ਜੀ ਅੰਤਰ-ਰਾਸ਼ਟਰੀ ਅੰਮ੍ਰਿਤਸਰ ਹਵਾਈ ਅੱਡੇ ਨਾਲ ਕੋਈ ਪਿਆਰ ਨਹੀਂ ਤੇ ਇਹ ਪਿਛਲੀ ਸਰਕਾਰ ਨੂੰ ਬਦਨਾਮ ਕਰਨ ਲਈ ਅਜਿਹੇ ਬਿਆਨ ਦਿੰਦੀ ਰਹੀ ਹੈ।ਵਾਜਪਾਈ ਸਰਕਾਰ ਸਮੇਂ ਵੀ ਇਨ੍ਹਾਂ ਨੇ ਇਸ ਹਵਾਈ ਅਡੇ ਦੇ ਵਿਕਾਸ ਲਈ ਬਹੁਤਾ ਕੁਝ ਨਹੀਂ ਸੀ ਕੀਤਾ।ਮੌਜੂਦਾ ਸ਼ਾਨਦਾਰ ਹਵਾਈ ਅੱਡਾ ਡਾ.ਮਨਮੋਹਨ ਸਿੰਘ ਦੀ ਦੇਣ ਹੈ,ਜਿਨ੍ਹਾਂ ਨੇ ਦਿੱਲ ਖੋਲ ਕੇ ਫ਼ੰਡ ਜਾਰੀ ਕੀਤੇ।ਮੰਚ ਆਗੂ ਗੁਮਟਾਲਾ ਦਾ ਕਹਿਣਾ ਹੈ ਕਿ ਜੇ ਵਾਕਿਆ ਹੀ ਅਕਾਲੀ ਭਾਜਪਾ ਸਰਕਾਰ ਦਾ ਅੰਮ੍ਰਿਤਸਰ ਨਾਲ ਮੋਹ ਹੈ ਤਾਂ ਇਸ ਹਵਾਈ ਅਡੇ ਨੂੰ ਦਿੱਲੀ ਵਾਂਗ ਹੱਬ ਬਣਾ ਕੇ ਬਰਮਿੰਘਮ, ਟੋਰਾਂਟੋ, ਲੰਡਨ, ਸਾਨ ਫ਼ਰਾਂਸਿਸਕੋ,ਵੈਨਕੁਅਰ, ਮਿਲਾਨ, ਆਦਿ ਲਈ ਸਿੱਧੀਆਂ ਉਡਾਣਾਂ ਸ਼ੁਰੂ ਕੀਤੀਆਂ ਜਾਣ ਤਾਂ ਜੋ ਪ੍ਰਵਾਸੀ ਪੰਜਾਬੀਆਂ ਨੂੰ ਧਕੇ ਨਾ ਖਾਣੇ ਪੈਣ।ਇਸ ਵਿਚ ਅੰਮ੍ਰਿਤਸਰ ਹਵਾਈ ਅੱਡੇ, ਏਅਰ ਇੰਡੀਆ ਅਤੇ ਪੰਜਾਬ ਦੀ ਭਲਾਈ ਹੈ।ਇਸ ਨਾਲ ਪ੍ਰਵਾਸੀ ਪੰਜਾਬੀਆਂ ਨੂੰ ਬਹੁਤ ਲਾਭ ਮਿਲੇਗਾ ਤੇ ਉਨ੍ਹਾਂ ਅੰਦਰ ਸਰਕਾਰ ਪ੍ਰਤੀ ਸੁਨੇਹ ਜਾਗੇਗਾ ਤੇ 2017 ਦੀਆਂ ਚੋਣਾਂ ਵਿਚ ਵੀ ਮੌਜੂਦਾ ਸਰਕਾਰ ਨੂੰ ਇਸ ਦਾ ਫ਼ਾਇਦਾ ਹੋਵੇਗਾ।