ਲੁਧਿਆਣਾ : ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵਿਖੇ ਅੱਜ ਇੰਗਲੈਂਡ ਵੱਸਦੇ ਪ੍ਰਸਿੱਧ ਚਿਤਰਕਾਰ ਅਤੇ ਕਵੀ ਕਮਲ ਧਾਲੀਵਾਲ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ ਨਾਲ ਆਏ ਉਨ੍ਹਾਂ ਆਪਣੀਆਂ ਪੇਂਟਿੰਗਜ਼ ਇੰਟਰਨੈੱਟ ’ਤੇ ਲੁਧਿਆਣੇ ਦੇ ਅਦੀਬਾਂ ਨਾਲ ਸਾਂਝੀਆਂ ਕੀਤੀਆਂ। ਉਨ੍ਹਾਂ ਆਪਣੀ ਚਿਤਰਕਾਰੀ ਦੀਆਂ ਤਿੰਨ ਲੜੀਆਂ ਸਾਂਝੀਆਂ ਕੀਤੀਆਂ। ਜਿਨ੍ਹਾਂ ਵਿਚ ਚਿੰਨਾਤਮਕ ਤੌਰ ’ਤੇ ਅਰਥ ਭਰੇ ਹੋਏ ਸਨ। ਉਨ੍ਹਾਂ ਦਸਿਆ ਕਿ ਮੈਂ ਕੋਈ ਚਿਤਰਕਾਰੀ ਕਰਨ ਤੋਂ ਪਹਿਲਾਂ ਅਤੇ ਨਾਲ ਨਾਲ ਉਸ ਵਿਸ਼ੇ ਜਾਂ ਵਿਅਕਤੀ ਬਾਰੇ ਭਰਪੂਰ ਅਧਿਐਨ ਕਰਦਾ ਹਾਂ। ਮੇਰੇ ਰੰਗਾਂ, ਚਿੰਨਾਂ ਅਤੇ ਲਕੀਰਾਂ ’ਚੋਂ ਮੈਂ ਵਿਸ਼ੇਸ਼ ਅਰਥ ਸਿਰਜਨ ਦਾ ਯਤਨ ਕਰਦਾ ਹਾਂ।
ਅੱਜ ਪੰਜਾਬੀ ਭਵਨ ਦੀ ਫੇਰੀ ਸਮੇਂ ਉਨ੍ਹਾਂ ਦੀ ਆਮਦ ਸਾਹਿਤਕ ਅਤੇ ਕਲਾਤਮਿਕ ਸਲੀਕਾ ਵੀ ਨਾਲ ਲੈ ਕੇ ਆਈ। ਚਿਤਰਕਾਰ ਦਾ ਆਪਣੀ ਚਿਤਰਕਾਰੀ ਦੇ ਨਾਲ ਹਾਜ਼ਰ ਹੋਣਾ ਮੌਕੇ ਨੂੰ ਹੋਰ ਅਰਥ ਭਰਪੂਰ ਬਣਾਉਂਦਾ ਹੈ। ਕਮਲ ਧਾਲੀਵਾਲ ਜਿਥੇ ਆਪਣੇ ਕਾਲਜ ਦੇ ਦਿਨਾਂ ਵਿਚ ਹੀ ਪੇਂਟਿੰਗ ਕਰਨ ਲੱਗ ਗਏ ਸਨ ਉਥੇ ਉਨ੍ਹਾਂ ਹੈਦਰਾਬਾਦ ਅਤੇ ਮਾਸਕੋ ਤੋਂ ਇਸ ਸਬੰਧੀ ਉ¤ਚ ਵਿਦਿਆ ਹਾਸਿਲ ਕੀਤੀ। ਜਿਸ ਨੇ ਉਨ੍ਹਾਂ ਦੀ ਕਲਾ ਨੂੰ ਹੋਰ ਚਾਰ ਚੰਦ ਲਗਾਏ। ਉਹ ਆਪਣੇ ਜੱਦੀ ਪਿੰਡ ਦੌਧਰ ਨੂੰ ਆਪਣੇ ਲੋਕਾਂ ਨੂੰ ਮਿਲਣ ਜਾ ਰਹੇ ਸਨ। ਉਨ੍ਹਾਂ ਦੀ ਚਿਤਰਕਾਰੀ ਵਿਚ ਆਮ ਲੋਕਾਂ ਦੀ ਜ਼ਿੰਦਗੀ ਦੀ ਧੜਕਣ ਸਜੀਵ ਰੂਪ ਮਹਿਸੂਸ ਕੀਤੀ ਜਾ ਸਕਦੀ ਹੈ। ਇਸ ਮੌਕੇ ਉੱਘੇ ਚਿਤਰਕਾਰ ਤੇ ਸ਼ਾਇਰ ਸ੍ਰੀ ਸਵਰਨਜੀਤ ਸਵੀ ਨੇ ਉਨ੍ਹਾਂ ਨੂੰ ਜੀ ਆਇਆਂ ਆਖਿਆ। ਸਾਹਿਤਕਾਰ ਜਨਮੇਜਾ ਸਿੰਘ ਜੌਹਲ ਜਿਨ੍ਹਾਂ ਦਾ ਆਪਣਾ ਕੰਮ ਵੀ ਕਲਾਤਮਿਕ ਫੋਟੋਗ੍ਰਾਫੀ ਹੈ ਨੇ ਕਮਲ ਧਾਲੀਵਾਲ ਅਤੇ ਇਕੱਤਰ ਸਾਹਿਤਕਾਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਅਕਾਡਮੀ ਦੇ ਪ੍ਰਧਾਨ ਡਾ. ਸੁਖਦੇਵ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਡਾ. ਸੁਰਜੀਤ ਸਿੰਘ, ਜਨਰਲ ਸਕੱਤਰ ਡਾ. ਅਨੂਪ ਸਿੰਘ, ਮੀਤ ਪ੍ਰਧਾਨ ਸੁਰਿੰਦਰ ਕੈਲੇ, ਸਕੱਤਰ ਡਾ. ਗੁਲਜ਼ਾਰ ਸਿੰਘ ਪੰਧੇਰ, ਅਕਾਡਮੀ ਦੇ ਸਰਪ੍ਰਸਤ ਲਖਵੀਰ ਸਿੰਘ, ਪ੍ਰਿੰ. ਪ੍ਰੇਮ ਸਿੰਘ ਬਜਾਜ, ਸ੍ਰੀਮਤੀ ਸੁਰਿੰਦਰ ਕੌਰ, ਕੇਂਦਰੀ ਲੇਖਕ ਸਭਾ ਦੇ ਮੀਤ ਪ੍ਰਧਾਨ ਤਰਲੋਚਨ ਝਾਂਡੇ, ਸ੍ਰੀਮਤੀ ਗੁਰਚਰਨ ਕੌਰ ਕੋਚਰ, ਤ੍ਰੈਲੋਚਨ ਲੋਚੀ, ਭਗਵਾਨ ਢਿੱਲੋਂ, ਹਰੀਸ਼ ਮੋਦਗਿਲ ਆਦਿ ਸ਼ਾਮਲ ਹੋਏ।