ਬਰੈਂਪਟਨ – ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਸਰਹੰਦ ਵਿੱਚ ਕਰਵਾਏ ਜਾਣ ਵਾਲੇ ਸੈਮੀਨਾਰ ਜਿਸ ਵਿੱਚ ਜਮਹੂਰੀਅਤ ਢੰਗ ਨਾਲ ਸਿੱਖ ਕੌਮ ਦਰਪੇਸ਼ ਮੁਸ਼ਕਲਾਂ ਬਾਰੇ ਵਿਚਾਰਾਂ ਕੀਤੀਆਂ ਜਾਣੀਆਂ ਸਨ, ਪੁਲੀਸ ਨੇ ਹੁਕਮ ਚਾੜ ਕੇ ਬੰਦ ਕਰਵਾ ਦਿੱਤਾ ਹੈ। ਅਸੀਂ ਇਸ ਘੋਰ ਧੱਕੇਸ਼ਾਹੀ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਪੁਲੀਸ ਵਲੋਂ ਜਾਰੀ ਲਿਖਤੀ ਹੁਕਮ ਵਿੱਚ ਕੋਈ ਖਾਸ ਕਾਰਣ ਨਾ ਦੱਸਣਾ ਪੁਲੀਸ ਪ੍ਰਸਾਸ਼ਨ ਦੀ ਤਾਨਾਸ਼ਾਹੀ ਦਾ ਸਬੂਤ ਹੈ। ਦਰਅਸਲ ਇਹ ਜਮਹੂਰੀਅਤ ਦਾ ਘਾਣ ਹੈ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਕੈਨੇਡਾ ਈਸਟ) ਦੇ ਪ੍ਰਧਾਨ ਸੁਖਮਿੰਦਰ ਸਿੰਘ ਹੰਸਰਾ ਅਤੇ ਯੂਥ ਦੇ ਪ੍ਰਧਾਨ ਪਰਮਿੰਦਰ ਸਿੰਘ (ਮਾਂਟਰੀਅਲ) ਨੇ ਦਿੱਤੇ ਹਨ।
ਪੰਜਾਬ ਸਰਕਾਰ ਦੇ ਸੀਨੀਅਰ ਮੰਤਰੀ ਸਿਕੰਦਰ ਮਲੂਕਾ ਵਲੋਂ ਇੱਕ ਪਾਸੇ ਵੈਨਕੂਵਰ ਦੇ ਇੱਕ ਫਾਰਮ ਵਿੱਚ ਬੈਠ ਕੇ ਪੰਜਾਬ ਪੁਲੀਸ ਦੀਆਂ ਸਿਫਤਾਂ ਕੀਤੀਆਂ ਜਾ ਰਹੀਆਂ ਸਨ ਕਿ ਪੰਜਾਬ ਅੰਦਰ ਬੋਲਣ ਦਾ ਅਧਿਕਾਰ ਹੈ, ਅਤੇ ਅੱਜ ਇਸੇ ਸਰਕਾਰ ਦੇ ਰਾਜ ਵਿੱਚ ਇੱਕ ਸੈਮੀਨਾਰ, ਜੋ ਇੱਕ ਪੈਲੇਸ ਵਿੱਚ ਹੋਣਾ ਸੀ, ਤੇ ਪਾਬੰਦੀ ਲਗਾ ਦਿੱਤੀ ਹੈ।
ਹੰਸਰਾ ਨੇ ਕਿਹਾ ਕਿ ਪ੍ਰਸਾਸ਼ਨ ਤਾਂ ਗੁਲਾਮੀ ਦਾ ਅਹਿਸਾਸ ਕਰਵਾਉਣ ਦੀ ਕਸਰ ਨਹੀਂ ਛੱਡ ਰਿਹਾ। ਹੁਣ ਵਕਤ ਆ ਗਿਆ ਹੈ ਕਿ ਪੰਜਾਬ ਦੀਆਂ ਸਮੂਹ ਪੰਥਕ ਜਥੇਬੰਦੀਆਂ ਆਪਣੇ ਵਖਰੇਵੇਂ ਲਾਂਭੇ ਛੱਡ ਕੇ ਇਸਦਾ ਸਖ਼ਤ ਨੋਟਿਸ ਲੈਂਦਿਆਂ ਇਸਦੀ ਨਿਖੇਧੀ ਕਰਨ ਅਤੇ ਅਕਾਲੀ ਦਲ ਅੰਮ੍ਰਿਤਸਰ ਨਾਲ ਮੋਢੇ ਨਾਲ ਮੋਢਾ ਲਾ ਕੇ ਸਰਕਾਰ ਖਿਲਾਫ ਜਬਰਦਸਤ ਮੁਹਿੰਮ ਵਿੱਢਣ ਵਿੱਚ ਯੋਗਦਾਨ ਪਾਉਣ।
ਸੁਖਮਿੰਦਰ ਸਿੰਘ ਹੰਸਰਾ ਨੇ ਦੋਸ਼ ਲਾਇਆ ਕਿ ਬਾਦਲ ਸਰਕਾਰ ਪੰਜਾਬ ਦਾ ਮਹੌਲ ਖੁਦ ਵਿਗਾੜਨ ਤੇ ਤੁਲੀ ਹੋਈ ਹੈ। ਅੱਜ ਪੰਜਾਬ ਅੰਦਰ ਹੋਰਡਿੰਗ ਲਗਾਏ ਗਏ ਹਨ ਜਿੰਨ੍ਹਾਂ ਉਪਰ ਜਨਰਲ ਵੈਦਿਆ, ਹਿੰਦੂ ਅੱਤਵਾਦੀ ਮੁਨੀਸ਼ ਸੂਦ ਅਤੇ ਮਰਹੂਮ ਪੁਲੀਸ ਮੁਲਾਜ਼ਮ ਬਲਜੀਤ ਸਿੰਘ ਦੀ ਫੋਟੋ ਲਾ ਕੇ “ਖਾਲਿਸਤਾਨ ਮੁਰਦਾਬਾਦ” ਲਿਖਿਆ ਗਿਆ ਹੈ। ਸਰਕਾਰ ਨੇ “ਖਾਲਿਸਤਾਨ ਮੁਰਦਾਬਾਦ” ਲਿਖਣ ਵਾਲੀ ਹਿੰਦੂ ਅੱਤਵਾਦੀ ਸੰਸਥਾ “ਸਿਵ ਸੈਨਾ” ਖਿਲਾਫ ਕੋਈ ਐਕਸਨ ਨਹੀਂ ਲਿਆ, ਸਗੋਂ ਵਿਚਾਰ ਕਰਨ ਲਈ ਰੱਖਿਆ ਸੈਮੀਨਾਰ ਮੁਲਤਵੀ ਕਰਵਾਉਣ ਲਈ ਹੁਕਮ ਚਾੜ ਦਿੱਤਾ ਅਤੇ ਸਿਮਰਨਜੀਤ ਸਿੰਘ ਮਾਨ ਦੇ ਘਰ ਨੂੰ ਘੇਰਾ ਪਾ ਕੇ ਉਨ੍ਹਾਂ ਸਮੇਤ ਸਮੂਹ ਮੈਂਬਰਾਂ ਨੂੰ ਬੰਦੀ ਬਣਾ ਲਿਆ।
ਇਹ ਸਰਕਾਰ ਦੀ ਬਹੁਤ ਵੱਡੀ ਭੁੱਲ ਹੈ ਕਿ ਇਸ ਤਰ੍ਹਾਂ ਨਾਕੇ ਲਾ ਕੇ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ, ਜੋ ਅੰਤਰਰਾਸ਼ਟਰੀ ਸੰਸਥਾ ਦਾ ਰੂਪ ਧਾਰਨ ਕਰ ਚੁੱਕੀ ਹੈ, ਦੇ ਕਦਮਾਂ ਨੂੰ ਠੱਲ ਸਕੇਗੀ।
ਇਹ ਕਾਫਲਾ ਸਿੱਖ ਕੌਮ ਦੀ ਅਜਾ਼ਦੀ “ਖਾਲਿਸਤਾਨ” ਦਾ ਸੂਰਜ ਨਿਕਲਣ ਲਈ ਜੂਝਦਾ ਰਹੇਗਾ।
ਖਾਲਿਸਤਾਨ ਦਾ ਸੈਮੀਨਾਰ ਬੰਦ ਕਰਵਾਉਣ ਵਾਲੀ ਪੰਜਾਬ ਸਰਕਾਰ ਅਤੇ ਪੰਜਾਬ ਪੁਲੀਸ ਦੀ ਤਾਨਾਸ਼ਾਹੀ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ…ਹੰਸਰਾ
This entry was posted in ਅੰਤਰਰਾਸ਼ਟਰੀ.