ਅੰਮ੍ਰਿਤਸਰ – ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ੨੩ ਸਾਲਾ ਨੌਜਵਾਨ ਜਗਤਾਰਨਜੀਤ ਸਿੰਘ ਨੂੰ ਮਰਨ ਲਈ ਮਜਬੂਰ ਕਰਨ ਵਾਲੇ ਅਕੈਡਮੀ ਆਫ ਮੈਰੀਟਾਈਮ ਐਜੂਕੇਸ਼ਨ ਤੇ ਟ੍ਰੇਨਿੰਗ ਯੂਨੀਵਰਸਿਟੀ ਚੇਨਈ ਕਾਲਜ ਦੇ ਡੀਨ ਖਿਲਾਫ ਚੇਨਈ ਸਰਕਾਰ ਨੂੰ ਸਖ਼ਤ ਕਾਰਵਾਈ ਕਰਨ ਲਈ ਕਿਹਾ ਹੈ।
ਜਥੇਦਾਰ ਅਵਤਾਰ ਸਿੰਘ ਨੇ ਇੱਕ ਪ੍ਰੈਸ ਬਿਆਨ ‘ਚ ਕਿਹਾ ਕਿ ਨੌਜਵਾਨ ਜਗਤਾਰਨਜੀਤ ਸਿੰਘ ਡਿਗਰੀ ਹਾਸਲ ਕਰਨ ਅਤੇ ਕੰਪਨੀ ‘ਚ ਸਰਵਿਸ ਮਿਲਣ ‘ਤੇ ਡੀਨ ਦਾ ਧੰਨਵਾਦ ਕਰਨ ਗਿਆ ਸੀ ਜੋ ਚੰਗੇ ਇਖਲਾਕ ਦੀ ਗੱਲ ਹੈ, ਪਰ ਡੀਨ ਵੱਲੋਂ ਉਸ ਨੂੰ ਆਪਣੇ ਦਫਤਰ ‘ਚ ਬੇ-ਇੱਜਤ ਕਰਨਾ ਤੇ ਉਸ ਦੀ ਸਰਵਿਸ ਸੇਵਾ ਖਤਮ ਕਰਵਾ ਦੇਣ ਦੀਆਂ ਦਿੱਤੀਆਂ ਧਮਕੀਆਂ ਕਾਰਨ ਜਗਤਾਰਨਜੀਤ ਸਿੰਘ ਨੇ ਮਾਯੂਸ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ਜੋ ਪ੍ਰੀਵਾਰ ਤੇ ਸਬੰਧੀਆਂ ਲਈ ਬੇਹੱਦ ਦੁਖਦਾਈ ਤੇ ਅਸਹਿ ਹੈ।ਉਨ੍ਹਾਂ ਕਿਹਾ ਕਿ ਮਾਪਿਆਂ ਵੱਲੋਂ ਔਲਾਦ ਨੂੰ ਪਾਲਣ-ਪੋਸ਼ਣ ਉਪਰੰਤ ਉਚੇਰੀ ਸਿੱਖਿਆ ਲਈ ਕਾਲਜ ਵਿਚ ਦਾਖਲ ਕਰਵਾਇਆ ਜਾਂਦਾ ਹੈ।ਕਈ ਵਾਰ ਬੱਚੇ ਸਟੂਡੈਂਟ ਲਾਈਫ ‘ਚ ਅਕਸਰ ਸ਼ੈਤਾਨੀਆਂ ਆਦਿ ਵੀ ਕਰ ਦਿੰਦੇ ਹਨ, ਜਿਸ ਦੀ ਉਹ ਸਜ਼ਾ ਵੀ ਭੁਗਤ ਲੈਂਦੇ ਹਨ।ਉਨ੍ਹਾਂ ਕਿਹਾ ਕਿ ਅਖਬਾਰੀ ਖਬਰ ਅਨੁਸਾਰ ਜੇਕਰ ਡੀਨ ਵੱਲੋਂ ਜਗਤਾਰਨਜੀਤ ਸਿੰਘ ਨੂੰ ਜੋ ਗੁਨਾਹ ਉਸ ਨੇ ਨਹੀਂ ਸੀ ਕੀਤਾ ਉਸ ਦੀ ਸਜ਼ਾ ਦਿੱਤੀ ਜਾ ਚੁੱਕੀ ਸੀ।ਫਿਰ ਯੂਨੀਵਰਸਿਟੀ ਦੇ ਡੀਨ ਵੱਲੋਂ ਉਸ ਨਾਲ ਰੰਜਿਸ਼ ਰੱਖਣੀ ਬਿਲਕੁਲ ਗਲਤ ਤੇ ਕਾਲਜ ਨਿਯਮਾਂ ਦੇ ਉਲਟ ਸੀ।ਉਨ੍ਹਾਂ ਕਿਹਾ ਕਿ ਉਸਤਾਦ ਤੇ ਸ਼ਗਿਰਦ ਦਾ ਰਿਸ਼ਤਾ ਬਹੁਤ ਹੀ ਮਹੱਤਵਪੂਰਨ ਤੇ ਅਹਿਮ ਹੁੰਦਾ ਹੈ, ਜੋ ਉਸ ਨੂੰ ਸਹੀ ਸੇਧ ਪ੍ਰਦਾਨ ਕਰਕੇ ਜ਼ਿੰਦਗੀ ਦੀਆਂ ਉਚਾਈਆਂ ਤੱਕ ਪਹੁੰਚਾਉਂਦਾ ਹੈ, ਜਿਸ ਨਾਲ ਵਿਦਿਆਰਥੀ ਕਠਿਨ ਤੋਂ ਕਠਿਨ ਮੰਜ਼ਿਲਾਂ ਵੀ ਸਰ ਕਰ ਲੈਂਦਾ ਹੈ, ਪਰ ਯੂਨੀਵਰਸਿਟੀ ਦੇ ਡੀਨ ਨੇ ਇਸ ਰਿਸ਼ਤੇ ਨੂੰ ਕਲੰਕਿਤ ਕੀਤਾ ਹੈ।ਇਸ ਲਈ ਅਜਿਹੇ ਡੀਨ ਖਿਲਾਫ ਚੇਨਈ ਸਰਕਾਰ ਵੱਲੋਂ ਮੌਤ ਲਈ ਉਕਸਾਉਣ ਵਾਲੀਆਂ ਧਾਰਾਵਾਂ ਹੇਠ ਪਰਚਾ ਦਰਜ ਕਰਨਾ ਚਾਹੀਦਾ ਹੈ ਤਾਂ ਜੋ ਹੋਰ ਮਾਵਾਂ ਦੇ ਲਾਡਲੇ ਬਚਾਏ ਜਾ ਸਕਣ।