ਫਤਿਹਗੜ੍ਹ ਸਾਹਿਬ – “ ਹਿੰਦ ਅਤੇ ਪੰਜਾਬ ਵਿੱਚ ਵੱਸਣ ਵਾਲੀਆਂ ਘੱਟ ਗਿਣਤੀ ਮੁਸਲਿਮ ਅਤੇ ਇਸਾਈਆਂ ਨੂੰ ਜਬਰੀ ਔਰੰਗਜ਼ੇਬ ਦੇ ਸਮੇਂ ਦੀ ਤਰ੍ਹਾਂ ਸ਼ਾਜਿਸ਼ੀ ਢੰਗਾਂ ਰਾਹੀਂ ਧਰਮ ਪਰਿਵਰਤਨ ਕਰਵਾਇਆ ਜਾ ਰਿਹਾ ਹੈ। ਜਿਸ ਦੀ ਪ੍ਰਤੱਖ ਮਿਸਾਲ ਹਰਿਆਣਾ ਦੇ ਜੀਂਦ ਜਿ਼ਲ੍ਹੇ ਦੇ ਬੱਲਭਗੜ੍ਹ ਪਿੰਡ ਜੋ ਕਿ ਮੁਸਲਿਮ ਪਿੰਡ ਸੀ ਉਥੇ ਦਹਿਸ਼ਤ ਫੈਲਾ ਕੇ ਸਭ ਨੂੰ ਹਿੰਦੂਤਵ ਵਿਚ ਲਿਆਉਣ ਲਈ ਮਜਬੂਰ ਕਰ ਦਿੱਤਾ ਗਿਆ। ਜਿਥੇ ਵੀ ਦਲਿਤ ਪਰਿਵਾਰ ਰਹਿੰਦੇ ਹਨ, ਉਹ ਦਹਿਸ਼ਤ ਦੇ ਕਾਰਨ ਸਹਿਮੇ ਹੋਏ ਅਤੇ ਗੁਲਾਮਾਂ ਦੀ ਤਰ੍ਹਾਂ ਜੀਵਨ ਬਸਰ ਕਰਨ ਲਈ ਮਜਬੂਰ ਹਨ। ਉਹਨਾਂ ਵਿਚ ਛੁਆ ਛਾਤ, ਜਾਤ-ਪਾਤ ਤੰਗਦਿਲੀ ਵਾਲੀ ਸੋਚ ਵਿਚ ਧਕੇਲ ਕੇ, ਉਹਨਾਂ ਨੂੰ ਨੌਕਰੀਆਂ ਦੀ ਸਹੂਲਤ ਤੋਂ ਪਾਸੇ ਰੱਖ ਕੇ ਗਰੀਬੀ ਵੱਲ ਧਕੇਲਿਆ ਜਾ ਰਿਹਾ ਹੈ। ਤਾਂ ਕਿ ਉਹ ਬਰਾਬਰਤਾ ਵਾਲਾ ਜੀਵਨ ਬਸਰ ਨਾ ਕਰ ਸਕਣ। ਹਿੰਦੂਤਵ ਆਗੂਆਂ ਦੇ ਅਜਿਹੇ ਸਮਾਜ ਵਿਰੋਧੀ ਅਮਲ ਵਿਧਾਨ ਦੀ ਧਾਰਾ 14 ਜੋ ਸਭਨਾਂ ਨੂੰ ਬਰਾਬਰਤਾ ਦੇ ਅਧਿਕਾਰ ਪ੍ਰਦਾਨ ਕਰਦੀ ਹੈ, ਉਸਦਾ ਘੋਰ ਉਲੰਘਣ ਕਰਨ ਵਾਲੇ ਦੁਖਦਾਇਕ ਅਮਲ ਹੋ ਰਹੇ ਹਨ। ਜਿਸ ਦੀ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਪੁਰਜੋਰ ਨਿਖੇਧੀ ਕਰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਅਜੋਕੇ ਹਿੰਦੋਸਤਾਨ ਵਿਚ ਹੋ ਰਹੇ ਗੈਰ ਵਿਧਾਨਿਕ ਅਮਲਾਂ ਉੱਤੇ ਗਹਿਰੀ ਚਿੰਤਾ ਜਾਹਿਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਵਿਧਾਨ ਦੀ ਧਾਰਾ 14 ਅਨੁਸਾਰ ਸਭ ਨੂੰ ਬਰਾਬਰਤਾ ਦੇ ਹੱਕ ਦੇਣ ਲਈ ਨਾ ਤਾਂ ਕਾਂਗਰਸ, ਨਾ ਬੀਜੇਪੀ, ਨਾ ਜਨਤਾ ਦਲ ਅਤੇ ਨਾ ਹੀ ਬਾਦਲ ਦਲੀਆਂ ਨੇ ਅੱਜ ਤੱਕ ਕੋਈ ਅਮਲ ਕੀਤੇ ਹਨ। ਬਲਕਿ ਇਥੋਂ ਦੇ ਦਲਿਤ ਪਰਿਵਾਰਾਂ ਨੂੰ ਹੋਰ ਨਿਘਾਰ ਵੱਲ ਲਿਜਾਣ ਲਈ ਉਹਨਾਂ ਨੂੰ ਵੱਖਰੇ ਗੁਰੂਦਵਾਰੇ ਅਤੇ ਵੱਖਰੀ ਸ਼ਮਸ਼ਾਨ ਘਾਟ ਬਣਾਉਣ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜੋ ਕਿ ਗੁਰੂ ਸਾਹਿਬਾਨ ਦੀ ਸਿੱਖੀ ਸੋਚ ਅਤੇ ਅਮਲਾਂ ਦਾ ਵੀ ਨਿਰਾਦਰ ਕਰਨ ਵਾਲੇ ਹਨ। ਸ. ਬਾਦਲ ਜੋ ਪੰਜਵੀਂ ਵਾਰ ਪੰਜਾਬ ਦੇ ਮੁੱਖ ਮੰਤਰੀ ਬਣ ਕੇ ਸਾਹਮਣੇ ਆਏ ਹਨ ਅਤੇ ਐਸ ਜੀ ਪੀ ਸੀ ਉੱਤੇ ਵੀ ਇਹਨਾਂ ਦਾ ਨਿਰੰਤਰ ਕੰਟਰੋਲ ਹੈ। ਉਹਨਾਂ ਵੱਲੋਂ ਵੀ ਬਰਾਬਰਤਾ ਦੀ ਸੋਚ ਨੂੰ ਲਾਗੂ ਨਾ ਕਰਨ ਦੇ ਅਮਲ ਅਤਿ ਦੁਖਦਾਇਕ ਅਤੇ ਸਿੱਖੀ ਤੋਂ ਦੂਰ ਜਾਣ ਵਾਲੇ ਹਨ। ।ਉਹਨਾਂ ਕਿਹਾ ਕਿ ਰੰਘਰੇਟੇ ਸਿੱਖਾਂ ਨੂੰ ਬਣਦੀਆਂ ਸਹੂਲਤਾਂ ਨਾ ਦੇ ਕੇ ਇਸਾਈ ਧਰਮ ਵਿਚ ਪਰਿਵਰਤਨ ਹੋਣ ਦੇ ਅਮਲਾਂ ਉੱਤੇ ਕੋਈ ਰੋਕ ਨਹੀਂ ਲਗਾਈ ਜਾ ਰਹੀ। ਇਸੇ ਤਰ੍ਹਾਂ ਬਠਿੰਡੇ ਜਿ਼ਲ੍ਹੇ ਦੇ ਡੇਰੇ ਰੂਮੀ ਵਿੱਚ ਰੰਘਰੇਟੇ ਸਿੱਖਾਂ ਨੂੰ ਸੇਵਾ ਨਹੀਂ ਦਿੱਤੀ ਜਾਂਦੀ, ਉਸ ਡੇਰੇ ਅਤੇ ਹੋਰਨਾ ਡੇਰਿਆਂ ਵਿਚ ਰੰਘਰੇਟੇ ਸਿੱਖਾਂ ਨੂੰ ਬਰਾਬਰ ਬੈਠ ਕੇ ਲੰਗਰ ਛਕਣ ਦੀ ਇਜਾਜ਼ਤ ਵੀ ਨਹੀਂ ਦਿੱਤੀ ਜਾਂਦੀ। ਸਕੂਲਾਂ, ਕਾਲਜਾਂ ਦੀ ਪੜ੍ਹਾਈ ਵਿਚ ਗੁਰੂ ਸਾਹਿਬਾਨ ਦੇ ਇਤਿਹਾਸ ਨੂੰ ਸਲੇਬਸਾਂ ਵਿਚ ਨਜ਼ਰ ਅੰਦਾਜ਼ ਕਰਕੇ ਵਿਤਕਰੇ ਜਾਰੀ ਹਨ। ਜੋ ਬਰਾਬਰਤਾ ਦੀ ਸੋਚ ਅਤੇ ਵਿਧਾਨਿਕ ਹੱਕ-ਹਕੂਕਾਂ ਨੂੰ ਕੁਚਲਣ ਵਾਲੇ ਹਨ।
ਉਹਨਾਂ ਕਿਹਾ ਕਿ ਹਿੰਦੂ ਫੌਜ ਇਸ ਕਰਕੇ ਪ੍ਰਫੁੱਲਿਤ ਹੈ ਕਿਉਂਕਿ ਜਿਹੜੇ ਉਹਨਾਂ ਲਈ ਨੌਜਵਾਨ ਅਫ਼ਸਰ ਹਨ ਉਹ ਅੱਗੇ ਲੱਗ ਕੇ ਅਗਵਾਈ ਕਰਦੇ ਹਨ। ਜਿਥੇ ਮਾਓਵਾਦੀ ਸਮੱਸਿਆ ਹੈ, ਜਿਵੇਂ ਬਿਹਾਰ, ਉੜੀਸਾ, ਝਾਰਖੰਡ, ਵੈਸਟ ਬੰਗਾਲ , ਛੱਤੀਸਗੜ੍ਹ ਇਥੇ ਵੀ ਨੌਜਵਾਨ ਆਈ ਪੀ ਐਸ ਅਫ਼ਸਰ ਜਾਂ ਫੌਜ ਦੇ ਅਫ਼ਸਰ ਅਗਵਾਈ ਕਰਦੇ ਹਨ। ਪਰ ਦੀਨਾਨਗਰ ਵਿਖੇ ਹੋਏ ਕਾਂਡ ਦੀ ਅਗਵਾਈ ਇਕ ਪੀ ਪੀ ਐਸ ਅਫ਼ਸਰ ਸ. ਬਲਜੀਤ ਸਿੰਘ ਕਰ ਰਹੇ ਸਨ। ਜਦੋਂ ਅਜਿਹੇ ਔਖੇ ਸਮੇਂ ਆਈ ਪੀ ਐਸ ਅਫ਼ਸਰ ਅਗਵਾਈ ਕਰਨ ਤੋਂ ਝਿਜਕਦੇ ਹਨ ਅਤੇ ਪੀ ਪੀ ਐਸ ਅਫ਼ਸਰ ਅਗਵਾਈ ਕਰਨ ਲਈ ਤਿਆਰ ਰਹਿੰਦੇ ਹਨ, ਫਿਰ ਇਹਨਾਂ ਪੀ ਪੀ ਐਸ ਅਫ਼ਸਰਾਂ ਨੂੰ ਵੀ ਅਜਿਹੀਆਂ ਜਿੰਮੇਵਾਰੀਆਂ ਹੀ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਆਈ ਪੀ ਐਸ ਅਫ਼ਸਰ ਜੋ ਅਕਸਰ ਜੋਖਿਮ ਵਾਲੀਆਂ ਜਿੰਮੇਵਾਰੀਆਂ ਨਿਭਾਉਣ ਤੋਂ ਭੱਜ ਜਾਂਦੇ ਹਨ, ਉਹਨਾਂ ਨੂੰ ਕੇਵਲ ਇੰਟੈਲੀਜੈਂਸ, ਵਿਜੀਲੈਂਸ, ਔਰਗੇਨਾਇਜ਼ਡ ਅਤੇ ਐਡਮਿਨਸਟ੍ਰੇਸ਼ਨ ਖੇਤਰਾਂ ਵਿਚ ਹੀ ਲਗਾਇਆ ਜਾਵੇ। ਇਹ ਅੱਜ ਦੇ ਹਾਲਾਤਾਂ ਦੀ ਸਖ਼ਤ ਲੋੜ ਹੈ। ਕਿਉਂ ਕਿ ਜੋਖਿਮ ਵਾਲੀਆਂ ਜਿੰਮੇਵਾਰੀਆਂ ਗੈਰ ਆਈ ਪੀ ਐਸ ਅਫ਼ਸਰ ਹੀ ਨਿਭਾਅ ਰਹੇ ਹਨ। ਅਜਿਹੇ ਅਫ਼ਸਰਾਂ ਨੂੰ ਵੀ ਅਜਿਹੇ ਮੌਕੇ ਦੇਣੇ ਬਣਦੇ ਹਨ। ਸ. ਮਾਨ ਨੇ ਇਸ ਗੱਲ ‘ਤੇ ਡੂੰਘਾ ਦੁੱਖ ਪ੍ਰਗਟ ਕੀਤਾ ਕਿ ਬੀ ਐਸ ਐਫ ਨੇ ਇਕ ਨਵਾਂ ਹੁਕਮ ਪੰਜਾਬ ਦੇ ਬੀ ਐਸ ਐਫ ਨੌਜਵਾਨਾਂ ਅਤੇ ਅਫ਼ਸਰਾਂ ਲਈ ਜਾਰੀ ਕੀਤਾ ਹੈ ਕਿ ਉਹ ਪੰਜਾਬ ਵਿਚ ਵਾਪਰਨ ਵਾਲੇ ਅਜਿਹੇ ਕਾਂਡਾਂ ਦੀ ਜਿੰਮੇਵਾਰੀ ਨਹੀਂ ਨਿਭਾਉਣਗੇ। ਫਿਰ ਜੰਮੂ ਕਸ਼ਮੀਰ, ਅਰੁਣਾਚਲ, ਆਸਾਮ, ਤ੍ਰਿਪੁਰਾ, ਵੈਸਟ ਬੰਗਾਲ ਆਦਿ ਸੂਬਿਆਂ ਵਿਚ ਉਥੋਂ ਦੇ ਬੀ ਐਸ ਐਫ਼ ਵਿਚ ਸੇਵਾ ਕਰ ਰਹੇ ਨੌਜਵਾਨ ਅਫਲਸਰਾਂ ਉਤੇ ਵੀ ਇਹ ਨਿਯਮ ਲਾਗੂ ਹੋਣਾ ਚਾਹੀਦਾ ਹੈ।