ਨਵੀਂ ਦਿੱਲੀ : ਬੀਤੇ ਦਿਨੀਂ ਅਖਬਾਰਾਂ ਦੀਆਂ ਸੁਰੱਖੀਆਂ ’ਚ ਰਹੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ, ਪੱਛਮ ਵਿਹਾਰ, ਬੀ-2, ਦੇ ਪ੍ਰਬੰਧਕਾਂ ਵੱਲੋਂ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨਾਲ ਮੁਲਾਕਾਤ ਕੀਤੀ। ਮੌਜੂਦਾ ਪ੍ਰਧਾਨ ਸੁਰਿੰਦਰ ਸਿੰਘ ਦੀ ਅਗੁਵਾਈ ਹੇਠ ਆਏ ਇੱਕ ਵੱਫਦ ਨੇ ਗੁਰਦੁਆਰਾ ਸਾਹਿਬ ਦੀ 15 ਅਗਸਤ ਨੂੰ ਹੋਣ ਜਾ ਰਹੀਆਂ ਚੋਣਾਂ ਬਾਰੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਏ ਹੁਕਮਨਾਮੇ ਦੀ ਵੀ ਚਰਚਾ ਕੀਤੀ।
ਇਥੇ ਇਹ ਜਿਕਰਯੋਗ ਹੈ ਕਿ ਗੁਰਦੁਆਰਾ ਸਾਹਿਬ ਦੀ ਵੋਟਰ ਲਿਸ਼ਟ ’ਚ 408 ਵੋਟਰਾਂ ਵਿੱਚੋਂ 51 ਵੋਟਰ ਸਹਿਜਧਾਰੀ ਹੋਣ ਦੀ ਸ਼ਿਕਾਇਤ ਸਰਨਾ ਦਲ ਦੇ ਆਗੂ ਰਜਿੰਦਰ ਸਿੰਘ ਵਾਸਨ ਵੱਲੋਂ ਬੀਤੇ ਦਿਨੀਂ ਤਖਤ ਸਾਹਿਬ ਤੇ ਕੀਤੀ ਗਈ ਸੀ। ਜਿਸਤੇ ਸੁਣਵਾਈ ਕਰਦੇ ਹੋਏ ਜਥੇਦਾਰ ਗਿਆਨੀ ਗੁਰਬਚਨ ਸਿੰਘ ਵੱਲੋਂ ਦਿੱਲੀ ਕਮੇਟੀ ਦੀ ਵੋਟਰ ਲਿਸ਼ਟ ਮੁਤਾਬਿਕ ਚੋਣਾਂ ਕਰਾਉਣ ਦੀ ਹਿਦਾਇਤ ਦਿੱਤੀ ਗਈ ਸੀ।
ਸਿਰਸਾ ਨੇ ਵੱਫਦ ਨਾਲ ਮੁਲਾਕਾਤ ਦੌਰਾਨ ਸਾਫ਼ ਕੀਤਾ ਕਿ ਅਸੀਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਪੂਰਨ ਤੌਰ ਤੇ ਸਮਰਪਿਤ ਹਾਂ ਇਸ ਕਰਕੇ ਆਪਜੀ ਕ੍ਰਿਪਾ ਕਰਕੇ ਗੁਰਦੁਆਰਾ ਐਕਟ ਦੀ ਮਰਿਯਾਦਾ ਅਨੁਸਾਰ ਚੋਣ ਕਰਵਾਉਣ ਦੀ ਕੋਸ਼ਿਸ਼ ਕਰੋ। ਸੁਰਿੰਦਰ ਸਿੰਘ ਨੇ ਮੌਜ਼ੂਦਾ ਪ੍ਰਬੰਧਕਾਂ ਤੇ ਵਾਸਨ ਵੱਲੋਂ ਸਹਿਜਧਾਰੀ ਵੋਟਾਂ ਬਣਾਉਣ ਦੇ ਲਗਾਏ ਜਾ ਰਹੇ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦੇ ਹੋਏ ਵਾਸਨ ਦੇ ਕਾਰਜਕਾਲ ਦੌਰਾਨ 2011 ਵਿੱਖੇ ਮੌਜ਼ੂਦਾ 51 ਸਹਿਜਧਾਰੀ ਵੋਟਾਂ ’ਚ 38 ਵੋਟਾਂ ਵਾਸਨ ਵੱਲੋਂ ਬਣਾਉਣ ਦਾ ਵੀ ਦਾਅਵਾ ਕੀਤਾ।
ਸਹਿਜਧਾਰੀ ਸੰਗਤ ਵੱਲੋਂ ਅੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਭੇਜੇ ਗਏ ਪੱਤਰ ਦਾ ਉਤਾਰਾ ਵੀ ਸੁਰਿੰਦਰ ਸਿੰਘ ਵੱਲੋਂ ਸਿਰਸਾ ਨੂੰ ਭੇਟ ਕੀਤਾ ਗਿਆ। ਆਪਣੇ ਪੱਤਰ ’ਚ ਸਹਿਜਧਾਰੀਆਂ ਵੱਲੋਂ ਤਖ਼ਤ ਸਾਹਿਬ ਦੀ ਸਰਬਉੱਚਤਾ ਅਤੇ ਜਥੇਦਾਰ ਜੀ ਦੇ ਆਦੇਸ਼ ਤੇ ਪਹਿਰਾ ਦੇਣ ਦਾ ਹਵਾਲਾ ਦਿੰਦੇ ਹੋਏ ਇਨ੍ਹਾਂ ਚੋਣਾਂ ’ਚ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਨਾ ਕਰਨ ਦੀ ਗੱਲ ਕੀਤੀ ਹੈ। ਸਹਿਜਧਾਰੀਆਂ ਵੱਲੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਪੂਰੀ ਆਸਥਾ ਦੱਸਦੇ ਹੋਏ ਵਾਸਨ ਵੱਲੋਂ ਆਪਣੇ ਕਾਰਜਕਾਲ ਦੌਰਾਨ ਤਖਤ ਸਾਹਿਬ ਦੇ ਆਦੇਸ਼ਾਂ ਨੂੰ ਅਨਗੋਲਿਆਂ ਕਰਦੇ ਹੋਏ ਮੂਲ ਨਾਨਕਸ਼ਾਹੀ ਕੈਲੇਂਡਰ ਅਨੁਸਾਰ ਗੁਰਪੁਰਬ ਅਤੇ ਹੋਰ ਦਿਹਾੜੇ ਮਨਾਉਣ ਦੀ ਵੀ ਜਾਣਕਾਰੀ ਜਥੇਦਾਰ ਜੀ ਨੂੰ ਦਿੱਤੀ ਗਈ ਹੈ। ਇਸਦੇ ਨਾਲ ਹੀ ਸਹਿਜਧਾਰੀਆਂ ਵੱਲੋਂ ਵਾਸਨ ਤੇ ਤਖ਼ਤ ਸਾਹਿਬ ਤੋਂ ਬਾਗੀ ਰਾਗੀ ਦਰਸ਼ਨ ਸਿੰਘ ਦਾ ਕੀਰਤਨ ਗੁਰਦੁਆਰਾ ਸਾਹਿਬ ਵਿੱਖੇ ਕਰਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ।
ਵੱਫ਼ਦ ਦੀਆਂ ਗੱਲਾਂ ਨੂੰ ਗੰਭੀਰਤਾਂ ਨਾਲ ਸੁਣਨ ਉਪਰੰਤ ਸਿਰਸਾ ਨੇ ਟਕਰਾਵ ਰੋਕਣ ਵਾਸਤੇ ਸਹਿਜਧਾਰੀ ਪਰਿਵਾਰਾਂ ਵੱਲੋਂ ਲਏ ਗਏ ਫੈਸਲੇ ਦੀ ਵੀ ਸਲਾਘਾਂ ਕੀਤੀ। ਸਿਰਸਾ ਨੇ ਹੈਰਾਨੀ ਜਤਾਈ ਕਿ ਸ੍ਰੀ ਅਕਾਲ ਤਖਤ ਸਾਹਿਬ ਤੋਂ ਲਗਾਤਾਰ ਬਾਗੀ ਰਹੇ ਲੋਕ ਅੱਜ ਕਿਨ੍ਹਾਂ ਕਾਰਨਾਂ ਕਰਕੇ ਤਖ਼ਤ ਸਾਹਿਬ ਦੀ ਸਰਬਉੱਚਤਾ ਦੀ ਦੁਹਾਈ ਦੇ ਰਹੇ ਹਨ ਇਸ ਦੀ ਧੋਖ ਕਰਨ ਦੀ ਲੋੜ ਹੈ।