ਮਜੀਠਾ (ਅੰਮ੍ਰਿਤਸਰ) – ਪੰਜਾਬ ਦੇ ਮਾਲ ਅਤੇ ਲੋਕ ਸੰਪਰਕ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਨੌਜਵਾਨ ਵਰਗ ਨੂੰ ਸਮਾਜਿਕ ਰਾਜਨੀਤਿਕ ਖੇਤਰਾਂ ਵਿੱਚ ਸਰਗਰਮ ਭੂਮਿਕਾ ਨਿਭਾਉਣ ਦਾ ਸਦਾ ਦਿੰਦਿਆਂ ਕਿਹਾ ਕਿ ਰਾਸ਼ਟਰ ਨਿਰਮਾਣ ਵਿੱਚ ਨੌਜਵਾਨ ਵਰਗ ਦੀ ਵੱਡੀ ਤੇ ਅਹਿਮ ਭੂਮਿਕਾ ਹੋਵੇਗੀ, ਜਿਸ ਦੇ ਨਤੀਜੇ ਵਜੋਂ ਭਾਰਤ ਵਿਸ਼ਵ ਸਤਰ ‘ਤੇ ਵੱਡੀ ਤੇ ਸਫਲ ਤਾਕਤ ਬਣ ਕੇ ਸਾਹਮਣੇ ਆਵੇਗੀ।
ਅੱਜ ਸ. ਮਜੀਠੀਆ ਨੇ ਅਜਾਇਬ ਵਾਲੀ ਨੂੰ 21 ਲੱਖ, ਕਲੇਰ ਮਾਂਗਟ ਨੂੰ 26 ਲੱਖ, ਰੂਪੋਵਾਲੀ ਖੁਰਦ ਨੂੰ 13 ਲੱਖ, ਰੂਪੋਵਾਲੀ ਕਲਾਂ ਨੂੰ 19 ਲੱਖ ਅਤੇ ਮਾਂਗਾਸਰਾਏ ਨੂੰ 21 ਲੱਖ ਦੀ ਗ੍ਰਾਂਟ ਸਮੇਤ ਕੁਲ 90 ਲੱਖ ਦੀ ਗ੍ਰਾਂਟ ਪਿੰਡਾਂ ਵਿਕਾਸ ਕਾਰਜਾਂ ਲਈ ਦਿੱਤੀਆਂ ਅਤੇ ਇਨ੍ਹਾਂ ਗਰਾਂਟਾਂ ਦੀ ਸਹੀ ਵਰਤੋਂ ਕਰਨ ਦੀਆਂ ਹਦਾਇਤਾਂ ਵੀ ਮਹਿਕਮੇ ਅਤੇ ਪੰਚਾਇਤਾਂ ਨੂੰ ਕੀਤੀਆਂ। ਇਸ ਮੌਕੇ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਸੰਸਦ ਅਤੇ ਹਲਕੇ ਵਿੱਚ ਗੈਰ ਹਾਜ਼ਰੀ ਸੰਬੰਧੀ ਪੁੱਛੇ ਜਾਣ ‘ਤੇ ਉਹਨਾਂ ਕਿਹਾ ਕਿ ਲੋਕ ਸਭਾ ਵਿੱਚ ਪਹੁੰਚ ਕੇ ਅਮ੍ਰਿਸਤਰ ਦੀ ਅਤੇ ਸਰਹੱਦੀ ਖੇਤਰ ਦੀ ਗਲ ਕਰਨ ਦੀ ਉਸ ਦੀ ਇੱਕ ਵੱਡੀ ਜ਼ਿੰਮੇਵਾਰੀ ਬਣ ਦੀ ਸੀ ਜੋ ਉਹ ਨਹੀਂ ਨਿਭਾ ਰਹੇ ਤਾਂ ਇਸ ਬਾਰੇ ਲੋਕ ਬੜੀ ਬਰੀਕੀ ਨਾਲ ਵਾਚ ਰਹੇ ਹਨ ਇਸ ਦਾ ਫੈਸਲਾ ਵੀ ਸਮਾ ਆਉਣ ‘ਤੇ ਲੋਕ ਹੀ ਕਰਨ ਗੇ। ਕਈ ਪਿੰਡਾਂ ਵਿੱਚ ਗਰਾਂਟਾਂ ਵੰਡਣ ਲਈ ਕਰਵਾਏ ਗਏ ਸਮਾਗਮਾਂ ਨੂੰ ਸੰਬੋਧਨ ਕਰਦੇ ਸ. ਮਜੀਠੀਆ ਨੇ ਕਿਹਾ ਕਿ ਜੇਕਰ ਕੈਪਟਨ ਲੋਕ ਸਭਾ ਵਿੱਚ ਜਾਂਦੇ ਅਤੇ ਸਰਹੱਦੀ ਖੇਤਰ ਦੀਆਂ ਉਹ ਮੁਸ਼ਕਲਾਂ, ਜੋ ਕੇਂਦਰ ਸਰਕਾਰ ਨਾਲ ਸਬੰਧਿਤ ਹਨ, ਉਠਾਉਂਦੇ ਤਾਂ ਸ਼ਾਇਦ ਲੋਕਾਂ ਨੂੰ ਕੁੱਝ ਰਾਹਤ ਮਿਲ ਜਾਂਦੀ, ਪਰ ਕੈਪਟਨ ਨੇ ਲਗਾਤਾਰ ਲੋਕ ਸਭਾ ਵਿੱਚੋਂ ਗੈਰ ਹਾਜ਼ਰ ਰਹਿ ਕੇ ਅੰਮ੍ਰਿਤਸਰ ਦੇ ਲੋਕਾਂ ਨਾਲ ਧੋਖਾ ਕੀਤਾ ਹੈ। ਉਨ੍ਹਾਂ ਆਪਣੇ ਸੰਬੋਧਨ ਵਿੱਚ ਦੱਸਿਆ ਕਿ ਪੰਜਾਬ ਨੂੰ ਗਰਮੀ ਦੇ ਇਸ ਸੀਜ਼ਨ ਦੌਰਾਨ ਜੋ ਬਿਜਲੀ ਸਪਲਾਈ ਮੁਹੱਈਆ ਕਰਵਾਈ ਗਈ ਹੈ, ਉਹ ਉਪ ਮੁੱਖ ਮੰਤਰੀ ਸ. ਸੁਖਬੀਰ ਸਿੰਘ ਬਾਦਲ ਵੱਲੋਂ ਪੰਜਾਬ ਨੂੰ ਬਿਜਲੀ ਸਪਲਾਈ ਵਿੱਚ ਆਤਮ ਨਿਰਭਰ ਕਰਨ ਲਈ ਚੁੱਕੇ ਗਏ ਕਦਮਾਂ ਸਦਕਾ ਸੰਭਵ ਹੋਈ ਹੈ। ਉਨ੍ਹਾਂ ਕਿਹਾ ਕਿ 30 ਹਜ਼ਾਰ ਕਰੋੜ ਰੁਪਏ ਦੀ ਲਾਗਤ ਨਾਲ ਜੋ ਤਿੰਨ ਥਰਮਲ ਪਲਾਂਟ ਲੱਗੇ ਹਨ, ਅੱਜ ਉਨ੍ਹਾਂ ਦੇ ਨਤੀਜਿਆਂ ਵਜੋਂ ਹੀ ਕਿਸਾਨੀ, ਘਰੇਲੂ ਅਤੇ ਵਪਾਰਕ ਲੋੜਾਂ ਲਈ ਬਿਜਲੀ ਮਿਲ ਸਕੀ ਹੈ। ਉਨ੍ਹਾਂ ਕਿਹਾ ਕਿ ਬਿਜਲੀ ਸਪਲਾਈ ਦੇ ਇਹ ਸੁਧਾਰ ਹੁਣ ਨਿਰੰਤਰ ਜਾਰੀ ਰਹਿਣਗੇ ਅਤੇ ਬਿਜਲੀ ਦੇ ਕੱਟ ਲੱਗਣ ਦੀ ਗੱਲਾਂ ਇਤਿਹਾਸ ਦਾ ਹਿੱਸਾ ਬਣ ਕੇ ਰਹਿ ਜਾਣਗੀਆਂ।
ਉਨ੍ਹਾਂ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੰਦਿਆਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਉਹ ਦੇਸ਼ ਦੀ ਆਰਥਿਕ ਤੇ ਸਮਾਜਿਕ ਤਰੱਕੀ ਲਈ ਅੱਗੇ ਆਉਣ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਦੇ ਸੰਘਰਸ਼, ਹੁਣ ਆਜ਼ਾਦ ਫ਼ਿਜ਼ਾ ਨੂੰ ਕਾਇਮ ਰੱਖਣ ਤੇ ਸਰਹੱਦਾਂ ’ਤੇ ਰਾਖੀ ਲਈ ਨੌਜਵਾਨਾਂ ਨੇ ਵੱਡੀ ਭੂਮਿਕਾ ਨਿਭਾਈ ਹੈ, ਜਿੰਨਾ ਨੂੰ ਮੈਂ ਸੀਸ ਝੁਕਾ ਕੇ ਪ੍ਰਣਾਮ ਕਰਦਾ ਹਾਂ। ਸ. ਮਜੀਠੀਆ ਨੇ ਕਿਹਾ ਕਿ ਨੌਜਵਾਨ ਦੇਸ਼ ਦੀ ਆਬਾਦੀ ਦਾ ਕਰੀਬ 60 ਫੀਸਦੀ ਹਿੱਸਾ ਹਨ ਅਤੇ ਇਹ ਜੋ ਚਾਹੁਣ ਕਰ ਸਕਣ ਦੀ ਤਾਕਤ ਰੱਖਦੇ ਹਨ, ਸੋ ਇਨ੍ਹਾਂ ਨੂੰ ਆਪਣੀ ਸ਼ਕਤੀ ਨਾਲ ਦੇਸ਼ ਨੂੰ ਸਹੀ ਰਸਤੇ ’ਤੇ ਲਿਆਉਣ ਵਿੱਚ ਮਦਦ ਕਰਨੀ ਚਾਹੀਦੀ ਹੈ।
ਮਜੀਠੀਆ ਅਨੁਸਾਰ ਅੱਜ ਵੰਡੀਆਂ ਗਰਾਂਟਾਂ ਨਾਲ ਪਿੰਡਾਂ ਦੇ ਮੁੱਖ ਬਾਜ਼ਾਰ ਕੰਕਰੀਟ ਨਾਲ ਬਣਾਏ ਜਾਣਗੇ ਅਤੇ ਫਿਰਨੀਆਂ, ਗਲੀਆਂ-ਨਾਲੀਆਂ ਤੇ ਡੇਰਿਆਂ ਨੂੰ ਜਾਂਦੇ ਰਸਤੇ ਪੱਕੇ ਬਣਾਏ ਜਾਣਗੇ। ਇਸ ਮੌਕੇ ਤਲਬੀਰ ਸਿੰਘ ਗਿੱਲ, ਮੇਜਰ ਸ਼ਿਵੀ, ਮੀਡੀਆ ਸਲਾਹਕਾਰ ਪ੍ਰੋ: ਸਰਚਾਂਦ ਸਿੰਘ, ਕੁਲਵਿੰਦਰ ਸਿੰਘ ਧਾਰੀਵਾਲ , ਡੀ ਐੱਸ ਪੀ ਵਿਸ਼ਾਲ ਜੀਤ ਸਿੰਘ, ਐਸਐਚਓ ਰਾਜਬੀਰ ਸਿੰਘ, ਸਰਪੰਚ ਸੁਚਾ ਸਿੰਘ ਕਲੇਰ ਮੰਗਟ, ਦੇਸਾ ਸਿੰਘ, ਕ੍ਰਿਪਾਲ ਸਿੰਘ, ਹਰਨੇਕ ਸਿੰਘ, ਠੇਕੇਦਾਰ ਕੁਲਵੰਤ ਸਿੰਘ, ਸਰਪੰਚ ਸਵਿੰਦਰ ਸਿੰਘ ਅਜੈਬਵਾਲੀ, ਜੋਬਨ ਪ੍ਰੀਤ ਸਿੰਘ , ਬਲਦੇਵ ਸਿੰਘ ਉਪਲ, ਬਲਦੇਵ ਸਿੰਘ ਡਢੀਆਂ, ਸ਼ਰਨਬੀਰ ਸਿੰਘ ਰੂਪੋਵਾਲੀ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਰਣਜੀਤ ਸਿੰਘ, ਹੈਪੀ ਮਾਨ, ਜਸਪਾਲ ਸਿੰਘ ਮਾਂਗਾਸਰਾਏ, ਬਚਨ ਸਿੰਘ ਬਲਕਾਰ ਸਿੰਘ, ਸ਼ਾਮ ਸਿੰਘ, ਮੈਲੇਜਰ ਸਤਨਾਮ ਸਿੰਘ, ਮਨਜਿੰਦਰ ਸਿੰਘ ਮਾਂਗਾਸਰਾਏ, ਸਰਪੰਚ ਕਸ਼ਮੀਰ ਕੌਰ ਮਾਂਗਾਸਰਾਏ, ਭਾਨ ਸਿੰਘ , ਮਹਿੰਦਰ ਸਿੰਘ, ਦਿਲਬਾਗ ਸਿੰਘ ਲਹਿਰਕਾ ਆਦਿ ਵੀ ਮੌਜੂਦ ਸਨ।