ਅੰਮ੍ਰਿਤਸਰ – ਲੋਕ ਸੰਪਰਕ ਤੇ ਮਾਲ ਮੰਤਰੀ ਸ: ਬਿਕਰਮ ਸਿੰਘ ਮਜੀਠੀਆ ਨੇ ਅੱਜ 69ਵੇਂ ਸੁਤੰਤਰਤਾ ਦਿਵਸ ਮੌਕੇ ਅੰਮ੍ਰਿਤਸਰ ਵਿਖੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਦੌਰਾਨ ਹੋਈ ਪ੍ਰਸ਼ਾਸਨਿਕ ਅਣਗਹਿਲੀ ਲਈ ਤਹਿ ਦਿਲੋਂ ਖੇਦ ਦਾ ਪ੍ਰਗਟਾਵਾ ਕੀਤਾ ਹੈ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਕਾਰਵਾਈ ਦੇ ਨਿਰਦੇਸ਼ ਦਿੱਤੇ ਹਨ।
ਜ਼ਿਕਰਯੋਗ ਹੈ ਕਿ ਝੰਡੇ ਦੀ ਰਸਮ ਲਈ ਤਿਆਰੀਆਂ ਪੱਖੋਂ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਝੰਡੇ ਨੂੰ ਫੁੱਲਾਂ ਸਮੇਤ ਤਿਆਰੀ ਕਰਕੇ ਫਲੈਗ ਪੋਸਟ ਦੇ ਉੱਪਰ ਲਗਾ ਰੱਖਿਆ ਸੀ। ਜਿਸ ਦੀ ਕਿ ਸ: ਮਜੀਠੀਆ ਵੱਲੋਂ ਰਸੀ ਖਿੱਚ ਕੇ ਝੰਡਾ ਲਹਿਰਾਉਣ ਦੀ ਰਸਮੀ ਕਾਰਵਾਈ ਪੂਰੀ ਕੀਤੀ ਗਈ।
ਝੰਡਾ ਲਹਿਰਾਉਣ ਦੀ ਰਸਮ ਪੂਰੀ ਹੁੰਦਿਆਂ ਹੀ ਝੰਡੇ ਨੂੰ ਠੀਕ ਤਰੀਕੇ ਨਾਲ ਨਾ ਲਹਿਰਾਏ ਜਾਣ ਸੰਬੰਧੀ ਸ: ਮਜੀਠੀਆ ਦੇ ਧਿਆਨ ਵਿੱਚ ਆਉਣ ਤੋਂ ਬਾਅਦ ਉਹਨਾਂ ਦੇ ਆਦੇਸ਼ ਅਨੁਸਾਰ ਰਾਸ਼ਟਰੀ ਝੰਡੇ ਨੂੰ ਸਹੀ ਤਰਾਂ ਲਹਿਰਾਇਆ ਗਿਆ। ਸ: ਮਜੀਠੀਆ ਨੇ ਝੰਡੇ ਦੀ ਰਸਮ ਸਮੇਂ ਹੋਈ ਅਣਗਹਿਲੀ ਦਾ ਸਖ਼ਤ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਡਿਪਟੀ ਕਮਿਸ਼ਨਰ ਸ੍ਰੀ ਰਵੀ ਭਗਤ ਅਤੇ ਪੁਲਿਸ ਕਮਿਸ਼ਨਰ ਸ: ਜਤਿੰਦਰ ਸਿੰਘ ਔਲਖ ਨੂੰ ਇਸ ਅਣਗਹਿਲੀ ਦੀ ਤਹਿ ਤਕ ਜਾਣ ਅਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਤੁਰੰਤ ਬਣਦੀ ਵਿਭਾਗੀ ਕਾਰਵਾਈ ਕਰਨ ਲਈ ਕਿਹਾ ।
ਉਹਨਾਂ ਕਿਹਾ ਕਿ ਉਹ ਰਾਸ਼ਟਰੀ ਝੰਡੇ ਦਾ ਹਮੇਸ਼ਾਂ ਬਹੁਤ ਮਾਨ ਸਨਮਾਨ ਕਰਦੇ ਹਨ । ਉਹਨਾਂ ਦੱਸਿਆ ਕਿ ਉਹਨਾਂ ਨੂੰ ਸੁਤੰਤਰਤਾ ਦਿਵਸ ਅਤੇ ਗਣਤੰਤਰਤਾ ਦਿਵਸ ਦੇ ਸਮਾਗਮਾਂ ਵਿੱਚ ਸ਼ਾਮਿਲ ਹੋਣ ਦੇ ਕਈ ਮੌਕੇ ਮਿਲੇ ਪਰ ਅਜਿਹੀ ਘਟਨਾ ਕਦੀ ਨਹੀਂ ਵਾਪਰੀ। ਉਹਨਾਂ ਇਹ ਵੀ ਕਿਹਾ ਕਿ ਅਜਿਹੇ ਮੌਕਿਆਂ ‘ਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਨਿਯਮਾਂ ਤਹਿਤ ਕੀਤੀ ਜਾਂਦੀ ਹੈ । ਜਿਸ ਵਿੱਚ ਹੋਈ ਕਿਸੇ ਤਰਾਂ ਦੀ ਵੀ ਅਣਗਹਿਲੀ ਨੂੰ ਅਣਦੇਖਾ ਨਹੀਂ ਕੀਤਾ ਜਾ ਸਕਦਾ । ਉਹਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅੱਗੇ ਤੋਂ ਸਾਵਧਾਨੀ ਵਰਤਣ ਦੇ ਵੀ ਨਿਰਦੇਸ਼ ਦਿੱਤੇ।