ਇਸਲਾਮਾਬਾਦ – ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗ੍ਰਹਿਮੰਤਰੀ ਸਾਬਕਾ ਕਰਨਲ ਸ਼ੁਜਾ ਖਾਨਜਾਦਾ ਦੀ ਆਪਣੇ ਪਾਰਟੀ ਦਫ਼ਤਰ ਵਿੱਚ ਐਤਵਾਰ ਨੂੰ ਹੋਏ ਆਤਮਘਾਤੀ ਹਮਲੇ ਵਿੱਚ ਮੌਤ ਹੋ ਗਈ ਹੈ। ਪੁਲਿਸ ਅਧਿਕਾਰੀ ਸ਼ੌਕਤ ਸ਼ਾਹ ਅਤੇ 9 ਹੋਰ ਲੋਕ ਵੀ ਮਾਰੇ ਗਏ ਹਨ। ਅੱਤਵਾਦੀ ਸੰਗਠਨ ਲਸ਼ਕਰ-ਏ-ਝਾਂਗਵੀ ਨੇ ਇਸ ਹਮਲੇ ਦੀ ਜਿੰਮੇਵਾਰੀ ਲਈ ਹੈ।
ਇਹ ਆਤਮਘਾਤੀ ਹਮਲਾ ਏਨਾ ਜਬਰਦਸਤ ਸੀ ਕਿ ਸ਼ਾਦੀ ਖਾਨ ਪਿੰਡ ‘ਚ ਸਥਿਤ ਦਫ਼ਤਰ ਦੀ ਪੂਰੀ ਇਮਾਰਤ ਢਹਿਢੇਰੀ ਹੋ ਗਈ ਅਤੇ ਨਜ਼ਦੀਕ ਦੇ ਕਈ ਘਰਾਂ ਦੀਆਂ ਖਿੜਕੀਆਂ ਅਤੇ ਸ਼ੀਸ਼ੇ ਟੁੱਟ ਗਏ। ਪੰਜਾਬ ਦੇ ਸਰਕਾਰੀ ਅਧਿਕਾਰੀਆਂ ਅਨੁਸਾਰ ਗ੍ਰਹਿਮੰਤਰੀ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ ਗਈ ਹੈ। ਪ੍ਰਧਾਨਮੰਤਰੀ ਸ਼ਰੀਫ਼ ਨੇ ਇਸ ਘਟਨਾ ਦੀ ਨਿੰਦਿਆ ਕੀਤੀ ਹੈ।
ਗ੍ਰਹਿਮੰਤਰੀ ਖਾਨਜ਼ਾਦਾ ਦੇ ਅਟਕ ਜਿਲ੍ਹੇ ਵਿੱਚ ਸਥਿਤ ਦਫ਼ਤਰ ਵਿੱਚ ਉਸ ਸਮੇਂ ‘ਜਿਰਗਾ’ (ਇਲਾਕੇ ਦੇ ਲੋਕਾਂ ਨਾਲ ਬੈਠਕ) ਆਯੋਜਿਤ ਕੀਤੀ ਜਾ ਰਹੀ ਸੀ। ਇਸ ਕਰਕੇ ਉਸ ਸਮੇਂ ਉਥੇ 50 ਤੋਂ 100 ਦੇ ਕਰੀਬ ਲੋਕ ਮੌਜੂਦ ਸਨ। ਮਲਬੇ ਵਿੱਚੋਂ ਲੋਕਾਂ ਨੂੰ ਕੱਢਣ ਦਾ ਕੰਮ ਜਾਰੀ ਹੈ।
ਪੰਜਾਬ ਪੁਲਿਸ ਦੇ ਅਧਿਕਾਰੀਆਂ ਅਨੁਸਾਰ ਗ੍ਰਹਿਮੰਤਰੀ ਦੇ ਸੁਰੱਖਿਆ ਕਰਮਚਾਰੀਆਂ ਦੇ ਘਟਨਾ ਸਥਾਨ ਤੇ ਮੌਜੂਦ ਹੋਣ ਦੇ ਬਾਵਜੂਦ ਹਮਲਾਵਰ ਦਫ਼ਤਰ ਵਿੱਚ ਵੜ ਗਏ। ਗ੍ਰਹਿਮੰਤਰੀ ਨੂੰ ਪਹਿਲਾਂ ਤੋਂ ਹੀ ਜਾਨ ਤੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਸਨ, ਕਿਉਂਕਿ ਉਹ ਅੱਤਵਾਦੀਆਂ ਦੇ ਖਾਤਮੇ ਲਈ ਸਰਗਰਮ ਭੂਮਿਕਾ ਨਿਭਾ ਰਹੇ ਸਨ।