ਨਵੀਂ ਦਿੱਲੀ – ਦਿੱਲੀ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਾਬਕਾ ਚੇਅਰਮੈਨ ਸ੍ਰ ਤਰਸੇਮ ਸਿੰਘ ਖਾਲਸਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਗੁਰੂ ਦੀ ਗੋਲਕ ‘ਤੇ ਕਬਜ਼ਾ ਕਰਨ ਦੀ ਭੁੱਖ ਇੰਨੀ ਵੱਧ ਗਈ ਹੈ ਕਿ ਦਿੱਲੀ ਸਥਿਤ ਗੁਰਦੁਆਰਾ ਸਿੰਘ ਸਭਾ ਪੱਛਮ ਵਿਹਾਰ ਦੀਆਂ ਜਨਰਲ ਚੋਣਾ ਦੌਰਾਨ ਕਿਸੇ ਸਿੱਖ ਪਿਛੋਕੜ ਵਾਲੇ ਦੀ ਬਜਾਏ ਇੱਕ ਇਸਾਈ ਮਿਸ਼ਨਰੀ ਪਰਿਵਾਰ ਨਾਲ ਸਬੰਧਿਤ ਪਗੜੀਧਾਰੀ ਇਸਾਈ ਨੂੰ ਪਰਧਾਨ ਬਣਾਇਆ ਗਿਆ ਹੈ ਜਦ ਕਿ ਗੁਰੂ ਸਿਧਾਂਤ ਤੇ ਪੰਥਕ ਮਰਿਆਦਾ ਨੂੰ ਪ੍ਰਨਾਏ ਸਿੱਖਾਂ ਨੇ ਰੋਸ ਵਜੋਂ ਇਸ ਦਾ ਬਾਈਕਾਟ ਕਰ ਦਿੱਤਾ ਸੀ।
ਸ੍ਰ. ਖਾਲਸਾ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਕਾਲੀ ਦਲ ਬਾਦਲ ਨੇ ਇਹ ਵਿਸ਼ੇਸ਼ ਮਾਰਕਾ ਮਾਰ ਕੇ ਸਿੱਖ ਸੰਗਤਾਂ ਦੇ ਹਿਰਦੇ ਛਲਣੀ ਛਲਣੀ ਕਰ ਦਿੱਤੇ ਹਨ ਜਿਸ ਕਾਰਨ ਸੰਗਤਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਹਨਾਂ ਕਿਹਾ ਕਿ ਗੁਰਦੁਵਾਰਿਆਂ ਦੇ ਇਤਿਹਾਸ ਵਿਚ ਸ਼ਾਇਦ ਇਹ ਪਹਿਲੀ ਵਾਰ ਵਾਪਰਿਆ ਹੋਵੇ ਕਿ ਕਿਸੇ ਐਸੇ ਵਿਅਕਤੀ ਨੂੰ ਪ੍ਰਧਾਨ ਬਣਾਂਇਆ ਗਿਆ ਹੋਵੇ ਜੋ ਈਸਾਈ ਮਤ ਵਿਚ ਵਿਸ਼ਵਾਸ ਰੱਖਦਾ ਹੋਵੇ।
ਉਹਨਾਂ ਕਿਹਾ ਕਿ 15 ਅਗਸਤ ਵਾਲੇ ਦਿਨ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਪੱਛਮ ਵਿਹਾਰ ਦੀ ਪ੍ਰਬੰਧਕ ਕਮੇਟੀ ਦੀ ਜਨਰਲ ਚੋਣ ਸੀ ਜਿਸ ਦੇ ਮੈਂਬਰ ਬਹੁਤ ਸਾਰੇ ਗੈਰ ਸਿੱਖਾਂ ਨੂੰ ਵੀ ਬਣਾਇਆ ਗਿਆ ਸੀ ਅਤੇ ਇਹਨਾਂ ਗੈਰ ਸਿੱਖਾਂ ਦੀਆ ਵੋਟਾਂ ਪਵਾਉਣ ਲਈ ਵੀ ਪਹਿਲਾਂ ਬਾਦਲ ਦਲ ਆਗੂ ਅੜੇ ਰਹੇ ਪਰ ਇਲਾਕੇ ਦੀਆ ਸੰਗਤਾਂ ਵੱਲੋ ਸਖਤ ਇਤਰਾਜ ਕੀਤਾ ਗਿਆ ਕਿ ਇਸ ਤਰ੍ਹਾਂ ਤਾਂ ਗੁਰਦੁਆਰਿਆਂ ਦਾ ਭਵਿੱਖ ਹੀ ਖਤਰੇ ਵਿਚ ਪੈ ਜਾਵੇਗਾ ਤਾਂ ਗੈਰ ਸਿੱਖਾਂ ਨੂੰ ਵੋਟ ਨਹੀ ਪਾਉਣ ਦਿੱਤੀ ਗਈ। ਉਹਨਾਂ ਕਿਹਾ ਕਿ ਬਾਦਲ ਦਲ ਨਾਲ ਸਬੰਧਿਤ ਇਨ੍ਹਾਂ ਆਹੁਦੇਦਾਰਾਂ ਦੀ ਰਸਾਤਲ ‘ਚ ਪਹੁੰਚੀ ਨੈਤਿਕ ਗਿਰਾਵਟ ਨੂੰ ਦੇਖਦੇ ਹੋਏ ਦਾ ਸਿੰਘ ਸਭਾ ਦੀ ਇਸ ਚੋਣ ਦਾ ਵਿਰੋਧੀ ਧਿਰ ਨੇ ਮੁਕੰਮਲ ਬਾਈਕਾਟ ਕਰ ਦਿੱਤਾ ਪਰ ਫਿਰ ਵੀ ਡੰਮੀ ਚੋਣ ਦਾ ਡਰਾਮਾਂ ਰਚ ਕੇ ਬਾਦਲ ਦਲ ਨੇ ਆਪਣੀ ਕਮੇਟੀ ਬਣਾ ਲਈ ਜਿਸ ਨੂੰ ਲੈ ਕੇ ਸੰਗਤਾਂ ਨਾਖੁਸ਼ ਹਨ। ਉਹਨਾਂ ਕਿਹਾ ਕਿ ਇਸ ਕਰਵਾਈ ਗਈ ਡੰਮੀ ਚੋਣ ਤੋਂ ਪਤਾ ਚੱਲਦਾ ਹੈ ਕਿ ਬਾਦਲ ਦਲ ਦੇ ਨੇਤਾਵਾਂ ਅੰਦਰ ਗੋਲਕਾਂ ‘ਤੇ ਕਬਜ਼ੇ ਕਰਨ ਦੀ ਹਵਸ ਇਸ ਕਦਰ ਵੱਧ ਗਈ ਹੈ ਤੇ ਉਹ ਗੋਲਕ ਨੂੰ ਜੱਫਾ ਮਾਰਨ ਲਈ ਕਿਸੇ ਵੀ ਹੱਦ ਤੱਕ ਗਿਰ ਸਕਦੇ ਸਨ।
ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਯੂਥ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਸ੍ਰ ਦਮਨਦੀਪ ਸਿੰਘ ਨੇ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਤੋ ਆਦੇਸ਼ ਜਾਰੀ ਹੋਇਆ ਸੀ ਕਿ ਸਿੰਘ ਸਭਾ ਦੀ ਚੋਣ ਦਿੱਲੀ ਕਮੇਟੀ ਦੀ ਵੋਟਰ ਸੂਚੀ ਮੁਤਾਬਕ ਕਰਵਾਈ ਜਾਵੇ ਪਰ ਬਾਦਲ ਦਲ ਨੇ ਇਹਨਾਂ ਆਦੇਸ਼ਾਂ ਨੂੰ ਟਿੱਚ ਜਾਣਦਿਆ ਅਖੌਤੀ ਕਮੇਟੀ ਬਣਾ ਲਈ ਹੈ ਤੇ ਦਿੱਲੀ ਕਮੇਟੀ ਵਾਲੀ ਵੋਟਰ ਸੂਚੀ ਨੂੰ ਅੱਖੋ ਪਰੋਖੇ ਕਰ ਦਿੱਤਾ ਗਿਆ ਹੈ ਜਿਸ ਕਾਰਨ ਵਿਰੋਧੀ ਧਿਰ ਨੇ ਚੋਣ ਦਾ ਬਾਈਕਾਟ ਕਰ ਦਿੱਤਾ। ਉਹਨਾਂ ਕਿਹਾ ਕਿ ਭਾਂਵੇ ਬਾਦਲ ਦਲ ਵਾਲੇ ਇਸਾਈ ਪਿਛੋਕੜ ਵਾਲੇ ਵਿਅਕਤੀ ਨੂੰ ਪ੍ਰਧਾਨ ਬਣਾਉਣ ਵਿੱਚ ਕਾਮਯਾਬ ਰਹੇ ਹਨ ਪਰ ਸੰਗਤਾਂ ਇਸ ਚੋਣ ਨੂੰ ਲੈ ਕੇ ਕਾਫੀ ਨਿਰਾਸ਼ ਹਨ। ਉਹਨਾਂ ਕਿਹਾ ਕਿ ਜਲਦੀ ਹੀ ਮਾਮਲਾ ਅਕਾਲ ਤਖਤ ਸਾਹਿਬ ਤੇ ਲਿਜਾਇਆ ਜਾਵੇਗਾ ਅਤੇ ਚੋਣ ਰੱਦ ਕਰਾ ਕੇ ਨਿਰਪੱਖ ਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ਾਂ ਅਨੁਸਾਰ ਕਰਵਾ ਕੇ ਸੰਗਤਾਂ ਵਿੱਚ ਪਾਏ ਜਾਂਦੇ ਰੋਸ ਨੂੰ ਦੂਰ ਕੀਤਾ ਜਾਵੇਗਾ। ਇਸ ਹੋਈ ਚੋਣ ‘ਤੇ ਸ੍ਰ: ਉਂਕਾਰ ਸਿੰਘ, ਸ੍ਰ: ਰਜਿੰਦਰ ਸਿੰਘ ਵਾਸਨ ਸਾਬਕਾ ਪ੍ਰਧਾਨ ਸਿੰਘ ਸਭਾ, ਸ੍ਰ: ਹਰਕੀਰਤ ਸਿੰਘ ਸਾਬਕਾ ਜਨਰਲ ਸਕੱਤਰ, ਸ੍ਰ: ਰਜਿੰਦਰ ਸਿੰਘ ਪੋਪਲੀ ਆਦਿ ਨੇ ਵੀ ਇਤਰਾਜ ਜਤਾਇਆ ਹੈ।