ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੌਮ ਦੇ ਨੌਜਵਾਨਾਂ ਨੂੰ ਬਿਹਤਰ ਭਵਿੱਖ ਲਈ ਕਲਮ ਚੁੱਕਣ ਦਾ ਸੱਦਾ ਦਿੱਤਾ ਹੈ। ਬੀਤੇ ਦਿਨੀਂ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਰਕਾਬਗੰਜ ਸਾਹਿਬ ਵਿੱਖੇ ਰਾਤ ਦੇ ਦੀਵਾਨ ’ਚ ਕੀਤੀ ਗਈ ਪੰਥਕ ਤਕਰੀਰ ਦੌਰਾਨ ਪਾਕਿਸਤਾਨ ਦੀ ਖੁਫ਼ਿਆਂ ਏਜੰਸੀ ਆਈ।ਐਸ।ਆਈ। ਤੇ ਕੌਮ ਦੇ ਨੌਜਵਾਨਾਂ ਨੂੰ ਦਹਿਸ਼ਤਗਰਦੀ ਵੱਲ ਮੋੜਨ ਦੇ ਲਗਾਏ ਗਏ ਦੋਸ਼ਾਂ ਤੇ ਇੱਕ ਨਿਜ਼ੀ ਪੰਜਾਬੀ ਟੀ।ਵੀ। ਚੈਨਲ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ’ਚ ਜੀ.ਕੇ. ਨੇ ਬੇਬਾਕੀ ਨਾਲ ਇਸ ਮਸਲੇ ਤੇ ਆਪਣੇ ਵਿਚਾਰ ਰੱਖੇ।
ਜੀ.ਕੇ. ਨੇ ਦੋਸ਼ ਲਗਾਇਆ ਕਿ ਪੰਜਾਬ ’ਚ ਦਹਿਸ਼ਤਗਰਦੀ ਦਾ ਸੁਪਨਾਂ ਪਾਲਣ ਵਾਲਿਆਂ ਦੇ ਹੀ ਕੁਝ ਹੱਥਠੋਕੇ ਅੱਜ ਕੌਮ ਦੀ ਪਨੀਰ੍ਹੀ ਨੂੰ ਪੰਥਕ ਮਸਲਿਆਂ ਤੇ ਵਰਗਲਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਤਾਂ ਕਿ ਉਹ ਆਪਣੀ ਸ਼ਿਆਸਤ ਦੀ ਦੁਕਾਨ ਨੂੰ ਚਲਾ ਸਕਣ।ਜੀ.ਕੇ. ਨੇ ਕਿਹਾ ਕਿ ਬੇਸ਼ਕ ਗੁਰੂ ਸਾਹਿਬ ਨੇ ਸਾਨੂੰ ਲੋੜ ਪੈਣ ਤੇ ਸ਼ਸਤਰ ਚੁੱਕਣ ਦਾ ਸੱਦਾ ਦਿੱਤਾ ਸੀ ਤੇ ਪੰਜਾਬ ਦੇ ਨੌਜਵਾਨਾਂ ਨੇ ਕੌਮ ਦੇ ਹੱਕਾਂ ਦੀ ਆਵਾਜ਼ ਬੁਲੰਦ ਕਰਦੇ ਹੋਏ 40 ਸਾਲ ਹਥਿਆਰ ਚੁੱਕ ਕੇ ਲੰਬਾ ਸਮਾਂ ਗੁਜਾਰਿਆਂ ਵੀ ਪਰ ਵਿਦੇਸ਼ੀ ਏਜੰਸੀਆਂ ਦੇ ਹੱਥਠੋਕਿਆਂ ਨੇ ਹਮੇਸ਼ਾ ਹੀ ਸਾਨੂੰ ਆਪਣੇ ਮੂਲ ਵਿਸ਼ੇ ਤੋਂ ਭਟਕਾਉਂਦੇ ਹੋਏ ਵਰਗਲਾਉਣ ਦੀ ਸ਼ਾਜਿਸਾਂ ਕੀਤੀਆਂ ਹਨ।
ਕੌਮ ਦੇ ਨੌਜਵਾਨਾਂ ਨੂੰ ਸਿੱਖਿਆ ਰਾਹੀਂ ਆਪਣੇ ਪੈਰਾਂ ਤੇ ਖੜਾ ਹੋਣ ਵਾਸਤੇ ਕਲਮ ਚੁੱਕਣ ਦੀ ਵੀ ਜੀ।ਕੇ। ਨੇ ਪ੍ਰਰੇਨਾਂ ਕੀਤੀ। ਜੀ।ਕੇ। ਨੇ ਕਿਹਾ ਕਿ ਇੱਕ ਪਾਸੇ ਖੂਨੀਂ ਸੰਘਰਸ਼ ਦੌਰਾਨ ਸਾਡੀ ਇੱਕ ਪੂਰੀ ਪੀੜ੍ਹੀ ਖਤਮ ਹੋ ਗਈ ਤੇ ਬਦਕਿਸ਼ਮਤੀ ਨਾਲ ਅਸੀਂ ਆਪਣੇ ਪਿੰਡੇ ਤੇ 84 ਵੀ ਹੱਢਾਈ ਪਰ ਦੂਜੇ ਪਾਸੇ ਸਰਕਾਰੀ ਨੌਕਰੀਆਂ ’ਚ ਵੱਡੇ ਅਹੁਦਿਆਂ ਤੋਂ ਸਿੱਖ ਅਫ਼ਸਰਾਂ ਦੇ ਸੇਵਾ ਮੁਕਤ ਹੋਣ ਤੋਂ ਬਾਅਦ ਅਸੀਂ ਆਪਣੀ ਨਵੀਂ ਪਨੀਰ੍ਹੀ ਨੂੰ ਵੱਡੇ ਅਧਿਕਾਰੀਆਂ ਦੇ ਅਹੁਦਿਆਂ ਤੇ ਨਹੀਂ ਬਿਠਾ ਸਕੇ।
ਖੁਦ ਨੂੰ ਜਾਨ ਤੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਬਾਰੇ ਪੁੱਛੇ ਸਵਾਲ ਤੇ ਪ੍ਰਤੀਕ੍ਰਮ ਦਿੰਦੇ ਹੋਏ ਜੀ।ਕੇ। ਨੇ ਕਿਹਾ ਕਿ ਅਗਰ 1984 ਦੀ ਗਲ ਕਰਨਾਂ ਗਲਤ ਹੈ, ਸੱਜਣ ਟਾਈਟਲਰ ਦੀ ਟਿਕਟ ਕਟਵਾਉਣੀ ਗਲਤ ਹੈ, ਕਿਸੇ ਵੀ ਸਰਕਾਰ ਵੱਲੋਂ ਦੋ ਗੱਜ ਜ਼ਮੀਨ ਨਾ ਦੇਣ ਦੇ ਬਾਵਜ਼ੂਦ 84 ਦੀ ਯਾਦਗਾਰ ਪਾਰਲੀਮੈਂਟ ਦੇ ਸਾਹਮਣੇ ਬਣਾਉਣਾ ਗਲਤ ਹੈ, ਭਾਈ ਬਲਵੰਤ ਸਿੰਘ ਰਾਜੋਆਣਾ ਤੇ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਫ਼ਾਂਸੀ ਰੁਕਵਾਉਣਾ ਗਲਤ ਹੈ, ਕੌਮ ਲਈ ਜਗ੍ਹਾਂ ਜ਼ਮੀਨਾਂ ਦੀ ਪ੍ਰਾਪਤੀ ਕਰਨਾ ਗਲਤ ਹੈ ਅਤੇ ਵਿਦੇਸ਼ ਵਿੱਚ ਬੈਠੇ ਸਿੱਖਾਂ ਦੀ ਦਸਤਾਰ, ਪੱਛਾਣ, ਕਾਲੀ ਸੂਚੀ ਅਤੇ ਸ਼ਿਆਸੀ ਪਨਾਹ ਵਰਗੇ ਮੁੱਦਿਆਂ ਤੇ ਉਸਾਰੂ ਪੱਖ ਰੱਖਣਾ ਗਲਤ ਹੈ ਤਾਂ ਜਰੂਰ ਆਪਣੀ ਇਸ ਗਲਤੀ ਲਈ ਉਹ ਸੌ ਵਾਰ ਮਰਨ ਲਈ ਤਿਆਰ ਹਨ।
ਸਾਬਕਾ ਰਾਸ਼ਟਰਪਤੀ ਅਬਦੁਲ ਕਲਾਮ ਅਤੇ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਇਨ੍ਹਾਂ ਦੋਨਾਂ ਦੇ ਵੱਡੇ ਅਹੁਦਿਆਂ ਦੇ ਪਹੁੰਚਣ ਪਿੱਛੇ ਇਨ੍ਹਾਂ ਦੀ ਕਲਮ ਦੀ ਤਾਕਤ ਦੇ ਸਰਮਾਏ ਨੂੰ ਮੁੱਖ ਕਾਰਨ ਦਸਿਆ। ਜੀ.ਕੇ. ਨੇ ਦਾਅਵਾ ਕੀਤਾ ਕਿ ਅਗਰ ਸਿੱਖ ਸਿਖਿਆਂ ਨੂੰ ਆਪਣੇ ਜੀਵਨ ਦੇ ਮੁੱਢਲੇ ਦਿਮਾਗੀ ਅਖਾੜੇ ਵੱਜੋਂ ਕਾਇਮ ਕਰ ਲੈਣ ਤਾਂ ਸਿੱਖ ਪੂਰੀ ਦੁਨੀਆਂ ਤੇ ਰਾਜ ਕਰਨਗੇ। ਇਸ ਬਾਬਤ ਯਹੂਦੀਆਂ ਦੀ ਅਮਰੀਕਾ ਦੇ ਰਾਜ ਉਪਰ ਸਿਖਿਆਂ ਦੀ ਤਾਕਤ ਦੇ ਸਹਾਰੇ ਕਾਬਿਜ਼ ਹੋਈ ਯਹੂਦੀ ਲਾੱਬੀ ਦਾ ਵੀ ਹਵਾਲਾ ਦਿੱਤਾ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪੰਥਕ ਮਸਲਿਆਂ ਦੇ ਹੱਲ ਲਈ ਸਰਗਰਮੀ ਨਾਲ ਕਾਰਜ ਕਰਨ ਦਾ ਦਾਅਵਾ ਕਰਦੇ ਹੋਏ ਵਿਦੇਸ਼ੀ ਸਿੱਖਾਂ ਨੂੰ ਦਰਪੇਸ਼ ਆ ਰਹੀਆਂ ਮੁਸ਼ਿਕਲਾਂ ਦੇ ਹਲ ਦੇ ਲਈ ਜੀ.ਕੇ. ਨੇ ਭਾਰਤ ਸਰਕਾਰ ਤਕ ਪਹੁੰਚ ਕਰਦੇ ਹੋਏ ਮਸਲਿਆਂ ਨੂੰ ਹੱਲ ਕਰਵਾਉਣ ਦਾ ਵੀ ਭਰੋਸਾ ਦਿੱਤਾ।