ਕੁਲੂ – ਹਿਮਾਚਲ ਪ੍ਰਦੇਸ਼ ਦੇ ਕੁਲੂ ਜਿਲ੍ਹੇ ਵਿੱਚ ਮੰਗਲਵਾਰ ਨੂੰ ਗੁਰਦੁਆਰਾ ਮਨੀਕਰਣ ਸਾਹਿਬ ਦੀ ਦੀਵਾਰ ਢਹਿਣ ਨਾਲ 10 ਸ਼ਰਧਾਲੂਆਂ ਦੀ ਮੌਤ ਹੋ ਗਈ ਹੈ ਅਤੇ 10 ਤੋਂ ਵੱਧ ਜਖਮੀ ਹੋਏ ਹਨ। ਮ੍ਰਿਤਕ ਦੇਹਾਂ ਨੂੰ ਮਲਬੇ ਵਿੱਚੋਂ ਕੱਢ ਲਿਆ ਗਿਆ ਹੈ ਅਤੇ ਅਜੇ ਵੀ ਕੁਝ ਲੋਕ ਲਾਪਤਾ ਹਨ।
ਇਹ ਹਾਦਸਾ ਦੁਪਹਿਰ ਨੂੰ ਉਸ ਸਮੇਂ ਵਾਪਰਿਆ, ਜਦੋਂ ਜ਼ਮੀਨ ਖਿਸਕਣ ਨਾਲ ਵੱਡੇ-ਵੱਡੇ ਪੱਥਰ ਗੁਰਦੁਆਰਾ ਸਾਹਿਬ ਦੇ ਮੁੱਖ ਦੁਆਰ ਤੇ ਡਿੱਗਣ ਨਾਲ ਦੀਵਾਰ ਢੱਠ ਗਈ ਅਤੇ ਕਈ ਲੋਕ ਉਸ ਦੇ ਹੇਠਾਂ ਦੱਬੇ ਗਏ। ਸੱਭ ਤੋਂ ਵੱਧ ਨੁਕਸਾਨ ਪਹਿਲੀ ਚਟਾਨ ਡਿੱਗਣ ਨਾਲ ਹੋਇਆ। ਇਸ ਹਾਦਸੇ ਦੇ ਵਾਪਰਨ ਨਾਲ ਸਾਰੇ ਪਾਸੇ ਹਫੜਦ-ਦਫੜੀ ਮੱਚ ਗਈ ਅਤੇ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਸੋਚਣ ਦਾ ਮੌਕਾ ਮਿਲਦਾ, ਹੋਰ ਚਟਾਨਾਂ ਡਿੱਗਣ ਲਗ ਪਈਆਂ। ਇਹ ਸੱਭ ਲੋਕ ਪੰਜਾਬ ਦੇ ਸੰਗਰੂਰ ਜਿਲ੍ਹੇ ਦੇ ਵਸਨੀਕ ਹਨ। ਰਾਹਤ ਅਤੇ ਬਚਾਅ ਦੇ ਕੰਮ ਜਾਰੀ ਹਨ।
ਜਦੋਂ ਇਹ ਘਟਨਾ ਘੱਟੀ ੳੇਸ ਸਮੇਂ 3000 ਤੋਂ ਲੈ ਕੇ 5000 ਹਜ਼ਾਰ ਤੋਂ ਵੱਧ ਤੱਕ ਸ਼ਰਧਾਲੂ ਗੁਰਦੁਆਰਾ ਸਾਹਿਬ ਵਿੱਚ ਮੌਜੂਦ ਸਨ। ਫਿਰ ਵੀ ਬਚਾਅ ਹੋ ਗਿਆ ਕਿ ਚਟਾਨਾਂ ਗੁਰਦੁਆਰਾ ਸਾਹਿਬ ਦੇ ਸੱਜੇ ਕੋਨੇ ਵਿੱਚ ਡਿੱਗੀਆਂ, ਜਿੱਥੇ ਸੰਗਤਾਂ ਦੇ ਰਹਿਣ ਲਈ ਕਮਰੇ ਬਣੇ ਹੋਏ ਸਨ। ਇਨ੍ਹਾਂ ਕਮਰਿਆਂ ਵਿੱਚ ਉਸ ਸਮੇਂ 30 ਤੋਂ ਵੱਧ ਲੋਕ ਆਰਾਮ ਕਰ ਰਹੇ ਸਨ। ਜਦੋਂ ਕਿ ਬਾਕੀ ਦੀ ਸੰਗਤ ਗੁਰੂ ਗਰੰਥ ਸਾਹਿਬ, ਲੰਗਰ ਹਾਲ, ਗਰਮ ਪਾਣੀ ਦੇ ਕੁੰਡ, ਗਰਮ ਗੁਫ਼ਾ ਅਤੇ ਠੰਢੀ ਗੁਫ਼ਾ ਵਿੱਚ ਮੌਜੂਦ ਸਨ। ਅੱਖੀਂ ਵੇਖਣ ਵਾਲਿਆਂ ਅਨੁਸਾਰ ਜੇ ਚਟਾਨ ਗੁਰਦੁਆਰਾ ਸਾਹਿਬ ਦੇ ਖੱਬੇ ਪਾਸੇ ਡਿੱਗਦੀ ਤਾਂ ਭਾਰੀ ਤਬਾਹੀ ਮੱਚ ਜਾਣੀ ਸੀ।
ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਬਾਬਾ ਸ੍ਰੀ ਰਾਮ ਜੀ ਨੇ ਦੱਸਿਆ ਕਿ ਜਦੋਂ ਇਹ ਹਾਦਸਾ ਵਾਪਰਿਆ ਤਾਂ ਉਹ ਕੁਝ ਹੋਰ ਲੋਕਾਂ ਸਮੇਤ ਆਪਣੇ ਨਿਵਾਸ ਸਥਾਨ ਵਿੱਚ ਸਨ। ਉਨ੍ਹਾਂ ਅਨੁਸਾਰ ਚਟਾਨਾਂ ਦੇ ਡਿੱਗਣ ਨਾਲ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਜਿਵੇਂ ਬਹੁਤ ਵੱਡਾ ਭੂਚਾਲ ਆ ਗਿਆ ਹੈ। ਉਂ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ ਦੇ ਪਿੱਛਲੇ ਪਾਸੇ ਦੋ ਕਿਲੋਮੀਟਰ ਉਚੀ ਪਹਾੜੀ ਹੈ, ਜਿਸ ਤੋਂ 3 ਵੱਡੀਆਂ-ਵੱਡੀਆਂ ਚਟਾਨਾਂ ਡਿੱਗੀਆਂ, ਜਿਨ੍ਹਾਂ ਵਿੱਚੋਂ ਦੋ ਚਟਾਨਾਂ ਗੁਰਦੁਆਰਾ ਸਾਹਿਬ ਤੋਂ ਪਹਿਲਾਂ ਹੀ ਰੁਕ ਗਈਆਂ ਅਤੇ ਇੱਕ ਬਹੁਤ ਭਾਰੀ ਚਟਾਨ ਗੁਰਦੁਆਰਾ ਸਾਹਿਬ ਦੀ ਇਮਾਰਤ ਨਾਲ ਟਕਰਾਉਂਦੀ ਹੋਈ ਪਾਰਵਤੀ ਨਦੀ ਵਿੱਚ ਸਮਾ ਗਈ।