ਨਵੀਂ ਦਿੱਲੀ – ਸ੍ਰ. ਹਰਵਿੰਦਰ ਸਿੰਘ ਸਰਨਾ ਸਕੱਤਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਦਿੱਲੀ ਕਮੇਟੀ ਦੇ ਮੁਕਾਮੀ ਪ੍ਰਧਾਨ ਸ੍ਰ ਮਨਜੀਤ ਸਿੰਘ ਜੀ ਕੇ ਵੱਲੋ ਦਿੱਤੇ ਬਿਆਨ ਕਿ ਦਿੱਲੀ ਵਿੱਚ ਆਈ।ਐਸ।ਆਈ ਦੇ ਏਜੰਟ ਮੌਜੂਦ ਹਨ ਦਾ ਕੜਾ ਨੋਟਿਸ ਲੈਦਿਆ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਉਹਨਾਂ ਏਜੰਟਾਂ ਦੇ ਨਾਮ ਜਨਤਕ ਕਰੇ ਤਾਂ ਕਿ ਸੁਰੱਖਿਆ ਏਜੰਸੀਆ ਲੋੜੀਦੀ ਕਾਰਵਾਈ ਕਰ ਸਕਣ।
ਸ੍ਰ. ਹਰਵਿੰਦਰ ਸਿੰਘ ਸਰਨਾ ਨੇ ਜੀ.ਕੇ. ਦੇ ਬਿਆਨ ਤੇਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਜਿਹੜੀ ਸੂਚਨਾ ਭਾਰਤੀ ਸੁਰੱਖਿਆ ਏਜੰਸੀਆਂ ਕੋਲ ਨਹੀਂ ਹੈ ਉਹ ਸੂਚਨਾ ਮਨਜੀਤ ਸਿੰਘ ਜੀ.ਕੇ. ਦੇ ਕੋਲ ਕਿਥੋਂ ਤੇ ਕਿਵੇਂ ਆਈ, ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ. ਕੇ. ਜਿਸ ਸਟੇਜ ਤੋ ਅਜਿਹੀਆ ਦੂਸ਼ਣਬਾਜੀਆਂ ਕਰਕੇ ਦੇਸ਼ ਦਾ ਮਾਹੌਲ ਖਰਾਬ ਕਰਨਾ ਚਾਹੁੰਦਾ ਹੈ ਉਹ ਕੋਈ ਸਿਆਸੀ ਸਟੇਜ ਨਹੀਂ ਸਗੋਂ ਧਾਰਮਿਕ ਸਟੇਜ ਸੀ ਜਿਥੋਂ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਤੇ ਗੁਰਬਾਣੀ ਨਾਲ ਸਬੰਧਿਤ ਆਇਤਾਂ ਦਾ ਹੀ ਪ੍ਰਚਾਰ ਕੀਤਾ ਜਾ ਸਕਦਾ ਹੈ ਅਤੇ ਉਹਨਾਂ ਦੀ ਸਿੱਖਿਆਵਾਂ ਤੇ ਚੱਲਣ ਦਾ ਸੰਦੇਸ਼ ਦਿੱਤਾ ਜਾ ਸਕਦਾ ਹੈ। ਉਹਨਾਂ ਕਿਹਾ ਕਿ ਜੀ. ਕੇ ਨੂੰ ਸਿਰਫ ਲੁੱਟ ਖੋਹ ਕਰਨ ਲਈ ਪਾਕਿਸਤਾਨ ਸਿੱਖ ਗੁਰੂਦੁਆਰਾ ਪ੍ਰਬੰਧਕ ਕਮੇਟੀ ਤੇ ਪਾਕਿਸਤਾਨ ਓਕਾਫ ਨੇ ਪਾਕਿਸਤਾਨ ਦੇ ਸਿੱਖ ਗੁਰਧਾਮਾਂ ਦੀ ਸੇਵਾ ਨਹੀਂ ਦਿੱਤੀ ਤਾਂ ਬੁਖਲਾਹਟ ਵਿੱਚ ਆ ਕੇ ਜੀ. ਕੇ. ਗੁਰੂ ਸਾਹਿਬ ਦੁਆਰਾ ਸਿਰਜੀ ਸ਼ੇਰਾਂ ਦੀ ਕੌਮ ਨੂੰ ਗਦਾਰ ਕਹਿ ਰਿਹਾ ਹੈ। ਉਹਨਾਂ ਕਿਹਾ ਕਿ ਸਿੱਖ ਕੌਮ ਨੇ ਨਾ ਕਦੇ ਗਦਾਰੀ ਕੀਤੀ ਹੈ ਤੇ ਨਾ ਹੀ ਗਦਾਰੀ ਇਹਨਾਂ ਦੇ ਕਿੱਤੇ ਵਿੱਚ ਲਿਖੀ ਹੋਈ ਹੈ ਕਿਉਂਕਿ ਗੁਰੂ ਸਾਹਿਬ ਨੇ ਤਾਂ ਇਥੋਂ ਤੱਕ ਕਿਹਾ ਸੀ ਕਿ ਨਿਹੱਥੇ ਤੇ ਡਿੱਗੇ ‘ਤੇ ਵਾਰ ਨਹੀਂ ਕਰਨਾ। ਉਹਨਾਂ ਕਿਹਾ ਕਿ ਦੇਸ਼ ਦੀ ਅਜਾਦੀ ਦੀ ਲੜਾਈ ਵਿੱਚ 86 ਫੀਸਦੀ ਕੁਰਬਾਨੀਆਂ ਕਰਕੇ ਅੰਗਰੇਜਾਂ ਨੂੰ ਇਥੋਂ ਜਾਣ ਲਈ ਮਜਬੂਰ ਕਰਨ ਵਾਲੀ ਕੌਮ ਨੂੰ ਗਦਾਰ ਕਹਿਣਾ ਕਿਸੇ ਵੀ ਕੀਮਤ ਵਿੱਚ ਦਰੁਸਤ ਨਹੀਂ ਹੈ।
ਉਹਨਾਂ ਕਿਹਾ ਕਿ ਮਨਜੀਤ ਸਿੰਘ ਜੀ.ਕੇ ਬਿਨਾਂ ਕਿਸੇ ਦੇਰੀ ਤੋ ਪਾਕਿਸਤਾਨੀ ਏਜੰਟਾਂ ਦੀ ਜਾਣਕਾਰੀ ਜਨਤਕ ਕਰੇ ਤਾਂ ਕਿ ਸੁਰੱਖਿਆ ਏਜੰਸੀਆ ਪੜਤਾਲ ਕਰ ਸਕਣ। ਉਹਨਾਂ ਕਿਹਾ ਕਿ ਸੁਰੱਖਿਆ ਏਜੰਸੀਆ ਨੂੰ ਵੀ ਚਾਹੀਦਾ ਹੈ ਕਿ ਉਹ ਜੀ ਕੇ ਕੋਲੋ ਜਾਣਕਾਰੀ ਇਕੱਤਰ ਕਰਨ ਨਹੀ ਤਾਂ ਜੀ. ਕੇ. ਖਿਲਾਫ ਮਾਹੌਲ ਨੂੰ ਖਰਾਬ ਕਰਨ ਦੇ ਦੋਸ਼ ਵਿੱਚ ਮੁਕੱਦਮਾ ਦਰਜ ਕੀਤਾ ਜਾਵੇ। ਉਹਨਾਂ ਕਿਹਾ ਕਿ ਜੀ ਕੇ ਵੱਲੋਂ ਉਸ ਵੇਲੇ ਅਜਿਹਾ ਬਿਆਨ ਦੇਣਾ ਚਿੰਤਾ ਦਾ ਵਿਸ਼ਾ ਹੈ ਜਦੋਂ ਪੰਜਾਬ ਵਿੱਚ ਇਸ ਦੇ ਅਕਾਵਾਂ ਦੀ ਸਰਕਾਰ ਦੀ ਨਲਾਇਕੀ ਕਾਰਨ ਦੀਨਾ ਨਗਰ ਥਾਣੇ ਤੇ ਅੱਤਵਾਦੀ ਹਮਲਾ ਹੋਇਆ ਹੈ ਤੇ ਅੱਧੀ ਦਰਜਨ ਤੇ ਵਧੇਰੇ ਲੋਕ ਤੇ ਸੁਰੱਖਿਆ ਕਰਮੀ ਮਾਰੇ ਗਏ। ਉਹਨਾਂ ਕਿਹਾ ਕਿ ਜੀ. ਕੇ ਨੂੰ ਪਾਕਿਸਤਾਨ ਵਿਚਲੇ ਸਿੱਖ ਗੁਰਧਾਮਾਂ ਦੀ ਸੇਵਾ ਨਾ ਮਿਲਣ ਕਾਰਨ ਹੋਸ਼ੀ ਬਿਆਨਬਾਜੀ ਕੋਈ ਨਵਾਂ ਬਿਖੇੜਾ ਖੜਾ ਕਰ ਸਕਦੀ ਹੈ ਇਸ ਲਈ ਇਸ ਬਿਆਨ ਦਾ ਬਿਨਾਂ ਕਿਸੇ ਦੇਰੀ ਤੋਂ ਖੁਲਾਸਾ ਹੋਣਾ ਚਾਹੀਦਾ ਹੈ।