ਨਵੀਂ ਦਿੱਲੀ – ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਨੂੰ ਲੈ ਕੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਕੇਦਰੀ ਵਿਦੇਸ਼ ਮੰਤਰੀ ਸ਼ੁਸ਼ਮਾ ਸਵਰਾਜ ਨਾਲ ਮੁਲਾਕਾਤ ਕੀਤੀ। ਵਿਦੇਸ਼ ਮੰਤਰਾਲੇ ਦੇ ਦਫ਼ਤਰ ਜਵਾਹਰ ਲਾਲ ਨਹਿਰੂ ਭਵਨ ਵਿੱਖੇ ਹੋਈ ਇਸ ਮੁਲਾਕਾਤ ਦੌਰਾਨ ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਵੀ ਮੌਜ਼ੂਦ ਸਨ।
ਜੀ. ਕੇ. ਨੇ ਇਸ ਦੌਰਾਨ ਸ਼ੁਸ਼ਮਾ ਸਵਰਾਜ ਨੂੰ ਵਿਦੇਸ਼ਾਂ ਵਿੱਚ ਸਿਆਸੀ ਪਨਾਹ ਲੈਣ ਵਾਲੇ ਸਿੱਖਾਂ ਦੇ ਨਾਂ ਕਾਲੀ ਸੂਚੀ ਤੋਂ ਹਟਾਉਂਦੇ ਹੋਏ ਉਨ੍ਹਾਂ ਦੇ ਪਰਿਵਾਰਾਂ ਨੂੰ ਵਤਨ ਵਾਪਿਸ ਆਉਣ ਵਾਸਤੇ ਵੀਜ਼ਾ ਦੇਣ ਦੇ ਨਾਲ ਹੀ ਅਫਗਾਨਿਸਤਾਨ ਤੋਂ ਲਗਭਗ 20 ਸਾਲਾਂ ਪਹਿਲਾ ਉਜੜ ਕੇ ਭਾਰਤ ਵਿੱਚ ਆਏ ਹਿੰਦੂ ਅਤੇ ਸਿੱਖ ਪਰਿਵਾਰਾਂ ਨੂੰ ਭਾਰਤ ਦੀ ਨਾਗਰਿਕਤਾ ਤੁਰੰਤ ਦੇਣ ਦੀ ਵੀ ਵਿਦੇਸ਼ ਮੰਤਰੀ ਨੂੰਂ ਮੰਗ ਕੀਤੀ।
ਜੀ. ਕੇ. ਨੇ ਅਫਸੋਸ ਜਤਾਇਆ ਕਿ ਵਿਦੇਸ਼ਾਂ ’ਚ ਸਿਆਸੀ ਪਨਾਹ ਲੈਣ ਵਾਲੇ ਲੋਕਾਂ ਨੂੰ ਜਿਸ ਮੁਸਤੈਦੀ ਨਾਲ ਉਸ ਦੇਸ਼ ਦੀ ਨਾਗਰਿਕਤਾ ਮਿਲਦੀ ਹੈ ਉਸ ਦੇ ਮੁਕਾਬਲੇ ਅਫਗਾਨੀ ਨਾਗਰਿਕਾਂ ਨੂੰ ਭਾਰਤ ਦੀ ਨਾਗਰਿਕਤਾਂ ਵਾਸਤੇ ਜਿਨ੍ਹਾਂ ਲੰਬਾ ਇੰਤਜ਼ਾਰ ਵੇਲੇ ਦੀ ਸਰਕਾਰਾਂ ਨੇ ਕਰਵਾਇਆ ਹੈ ਉਹ ਮੰਦਭਾਗਾ ਹੈ। ਅਫਗਾਨੀ ਸ਼ਰਣਾਰਥੀ ਪਰਿਵਾਰਾਂ ਦੇ ਬੱਚਿਆਂ ਦੇ ਭਾਰਤ ਵਿੱਖੇ ਜਨਮ ਲੈਣ ਉਪਰੰਤ ਉਨ੍ਹਾਂ ਨੂੰ ਨਾਗਰਿਕਤਾ ਦੇਣ ਤੋਂ ਸਰਕਾਰਾਂ ਵੱਲੋਂ ਪਾਸਾ ਵੱਟਣ ਨੂੰ ਵੀ ਜੀ।ਕੇ। ਨੇ ਗਲਤ ਕਰਾਰ ਦਿੱਤਾ।
ਬੀਤੇ ਦਿਨੀਂ ਆਪਣੇ ਅਮਰੀਕਾ ਅਤੇ ਕੈਨੇਡਾ ਦੌਰੇ ਦੌਰਾਨ ਉੱਥੇ ਰਹਿਣ ਵਾਲੇ ਸਿੱਖਾਂ ਵੱਲੋਂ ਦਸਿਆਂ ਗਈਆਂ ਪਰੇਸ਼ਾਨੀਆਂ ਦਾ ਵੀ ਵੇਰਵਾ ਜੀ।ਕੇ। ਨੇ ਸ਼ੁਸ਼ਮਾ ਸਵਰਾਜ ਨੂੰ ਦਿੱਤਾ। ਅਮਰੀਕਾ ਵਿੱਖੇ ਗਲਤ ਪੱਛਾਣ ਕਰਕੇ ਸਿੱਖਾਂ ਤੇ ਹੋ ਰਹੇ ਹਮਲਿਆਂ ਨੂੰ ਠੱਲ ਪਾਉਣ ਵਾਸਤੇ ਅਮਰੀਕਾ ਵਿੱਖੇ ਭਾਰਤ ਦੇ ਦੂਤਘਰ ਪਾਸੋਂ ਜਾਗਰੁਕ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਦੀ ਵੀ ਜੀ।ਕੇ। ਨੇ ਸ਼ੁਸ਼ਮਾ ਸਵਰਾਜ ਨੂੰ ਸਲਾਹ ਦਿੱਤੀ। ਦਹਿਸ਼ਤਗਰਦੀ ਦੇ ਕਾਲੇ ਦੌਰ ਦੌਰਾਨ ਪੁਲਿਸ ਅਤੇ ਪ੍ਰਸ਼ਾਸਨ ਦੀ ਧੱਕੇਸ਼ਾਹੀ ਸਦਕਾ ਪੰਥਪ੍ਰਸਤ ਵੀਰਾਂ ਵੱਲੋਂ ਵਿਦੇਸ਼ਾ ਵਿੱਖੇ ਸ਼ਿਆਸੀ ਪਨਾਹ ਲੈਣ ਦੀ ਗਲ ਕਰਦੇ ਹੋਏ ਜੀ।ਕੇ। ਨੇ ਵਿਦੇਸ਼ ਮੰਤਰੀ ਨੂੰ ਕਾਲੀ ਸੂਚੀ ਦੇ ਖਾਤਮੇ ਦੀ ਵੀ ਵਕਾਲਤ ਕੀਤੀ।
ਆਪਣੀ ਗੱਲ ਨੂੰ ਹੋਰ ਸਾਫ਼ ਕਰਦੇ ਹੋਏ ਜੀ. ਕੇ. ਨੇ ਕਿਹਾ ਕਿ ਸਿਆਸੀ ਪਨਾਹ ਲੈਣ ਵਾਲੇ ਸਿੱਖਾਂ ਦੀ ਇਸ ਸਮੇਂ ਅਗਲੀਆਂ ਦੋ ਹੋਰ ਪੀੜ੍ਹੀਆਂ ਉਸ ਦੇਸ਼ ਦੇ ਅਰਥਚਾਰੇ ’ਚ ਪੂਰੀ ਇਮਾਨਦਾਰੀ ਨਾਲ ਹਿੱਸਾ ਪਾ ਰਹੀਆਂ ਹਨ। ਇਸ ਕਰਕੇ ਕਾਨੂੰਨ ਪਸੰਦ ਇਨ੍ਹਾਂ ਲੋਕਾਂ ਨੂੰ ਆਪਣੇ ਵਤਨ ਵਾਪਸੀ ਵਾਸਤੇ ਇੱਕ ਮੌਕਾ ਜਰੂਰ ਦੇਣਾ ਚਾਹੀਦਾ ਹੈ ਤਾਂ ਕਿ ਬੀਤੇ 30-40 ਸਾਲਾਂ ਤੋਂ ਭਾਰਤ ਦੇ ਨਿਰਵਾਸਿਤ ਸ਼ਹਿਰੀ ਦੇ ਤੌਰ ਤੇ ਲੱਗੇ ਦਾਗ ਦੀ ਸਫਾਈ ਹੋ ਸਕੇ।ਤ੍ਰਿਲੋਚਨ ਸਿੰਘ ਨੇ ਮਾਨਵਤਾ ਦੇ ਆਧਾਰ ਤੇ ਸਿੱਖਾਂ ਦੀਆਂ ਇਨ੍ਹਾਂ ਮੰਗਾਂ ਤੇ ਠੋਸ ਕਾਰਵਾਈ ਕਰਨ ਦੀ ਵੀ ਸ਼ੁਸ਼ਮਾ ਸਵਰਾਜ ਨੂੰ ਸਲਾਹ ਦਿੱਤੀ। ਸ਼ੁਸ਼ਮਾ ਸਵਰਾਜ ਵੱਲੋਂ ਵੀ ਆਪਣੇ ਮੰਤਰਾਲੇ ਅਧੀਨ ਆਉਂਦੇ ਸਾਰੇ ਮਸਲਿਆਂ ਨੂੰ ਹਲ ਕਰਨ ਦਾ ਉਕਤ ਆਗੂਆਂ ਨੂੰ ਭਰੋਸਾ ਦਿੱਤਾ ਗਿਆ ।