ਨਵੀਂ ਦਿੱਲੀ : ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੀ ਅਮਰੀਕਾ ਅਤੇ ਕੈਨੇਡਾ ਦੀ ਤਜ਼ਵੀਜ਼ ਯਾਤਰਾ ਨੂੰ ਮੁਲਤਵੀ ਕਰਨ ਤੇ ਸ਼੍ਰੋਮਣੀ ਅਕਾਲੀ ਦਲ ਨੇ ਸਵਾਲ ਖੜੇ ਕੀਤੇ ਹਨ। ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਅਮਰੀਕਾ ਦੇ ਗੁਰਪਤਵੰਤ ਸਿੰਘ ਪੰਨੂੰ ਤੇ ਸਿਆਸੀ ਆਗੂਆਂ ਖਿਲਾਫ਼ ਸਾਜ਼ਿਸ਼ ਕਰਨ ਦੇ ਗੰਭੀਰ ਦੋਸ਼ ਲਗਾਏ ਹਨ।
ਸਿਰਸਾ ਨੇ ਅਮਰਿੰਦਰ ਦੇ ਦੌਰੇ ਦੇ ਮੁਲਤਵੀ ਹੋਣ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਕਿਹਾ ਕਿ ਪੰਨੂੰ ਬਨਾਵਟੀ ਪ੍ਰਚਾਰ ਪ੍ਰਾਪਤ ਕਰਨ ਦੀ ਹੋੜ ’ਚ ਸਿਆਸੀ ਆਗੂਆਂ ਦੇ ਖਿਲਾਫ਼ ਅਮਰੀਕਾ ਦੀਆਂ ਅਦਾਲਤਾਂ ਤੋਂ ਸੰਮਨ ਜਾਰੀ ਕਰਵਾਉਂਦਾ ਰਿਹਾ ਹੈ ਪਰ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ।ਕੇ। ਦੇ ਖਿਲਾਫ਼ ਬਿਨਾਂ ਸਬੂਤਾਂ ਦੇ ਸੰਮਨ ਜਾਰੀ ਕਰਵਾਉਣ ਉਪਰੰਤ ਅਕਾਲੀ ਦਲ ਵੱਲੋਂ ਜਦੋਂ ਡੱਟ ਕੇ ਉਕਤ ਸੰਮਨ ਦੇ ਖਿਲਾਫ਼ ਕਾਨੂੰਨੀ ਲੜਾਈ ਲੜਨ ਦਾ ਫੈਸਲਾ ਲਿਆ ਗਿਆ ਤਾਂ ਕਾਂਗਰਸ ਦੇ ਪ੍ਰਤੀ ਪੰਨੂੰ ਤੇ ਨਰਮ ਰੁਖ ਰਖਣ ਦੇ ਲਗਦੇ ਦੋਸ਼ਾਂ ਦੀ ਫਜੀਹਤ ਤੋਂ ਬਚਣ ਲਈ ਪੰਨੂੰ ਨੇ ਅਮਰਿੰਦਰ ਦੇ ਖਿਲਾਫ਼ ਵੀ ਸੰਮਨ ਜਾਰੀ ਕਰਵਾ ਦਿੱਤੇ ਜਿਸਤੋਂ ਘਬਰਾ ਕੇ ਅਮਰਿੰਦਰ ਵੱਲੋਂ ਸਤੰਬਰ ਮਹੀਨੇ ਦੀ ਆਪਣੀ ਯਾਤਰਾ ਨੂੰ ਮੁਲਤਵੀ ਕਰ ਦਿੱਤਾ ਗਿਆ।
ਸਿਰਸਾ ਨੇ ਜੀ।ਕੇ। ਦੇ ਖਿਲਾਫ਼ ਚਲ ਰਹੇ ਕੇਸ ਨੂੰ ਮਜ਼ਬੂਤੀ ਨਾਲ ਲੜਦੇ ਹੋਏ ਪੰਨੂੰ ਤੇ ਅਮਰੀਕਾ ਦੀ ਕਾਨੂੰਨੀ ਤੰਤਰ ਦੀ ਦੁਰਵਰਤੋਂ ਕਰਨ ਦੇ ਲਗਦੇ ਆਰੋਪਾਂ ਨੂੰ ਸਾਬਿਤ ਕਰਕੇ ਇਸ ਮੁਕੱਦਮੇ ਨੂੰ ਮਿਆਰੀ ਮੁਕਾਮ ਤਕ ਪਹੁੰਚਾਉਣ ਦਾ ਵੀ ਦਾਅਵਾ ਕੀਤਾ। ਸਿਰਸਾ ਨੇ ਅਮਰਿੰਦਰ ਤੇ ਮੁਕੱਦਮੇ ਦਾ ਸਾਹਮਣਾ ਕਰਨ ਤੋਂ ਡਰਨ ਦਾ ਵੀ ਦੋਸ਼ ਲਗਾਇਆ। ਜੀ।ਕੇ। ਦੇ ਖਿਲਾਫ਼ ਜ਼ਾਰੀ ਕੀਤੇ ਗਏ ਸੰਮਨਾਂ ਨੂੰ ਸਿਰਸਾ ਨੇ ਦਿੱਲੀ ਕਮੇਟੀ ਪ੍ਰਧਾਨ ਦੀ ਸਾਖ਼ ਨੂੰ ਖਰਾਬ ਕਰਨ ਲਈ ਪੰਨੂੰ ਵੱਲੋਂ ਬਣਾਈ ਗਈ ਬਨਾਵਟੀ ਕਹਾਣੀ ਦਾ ਕਾਨੂੰਨੀ ਅੰਤ ਹੋਣ ਉਪਰੰਤ ਪੰਨੂੰ ਦੀ ਅਸਲੀਅਤ ਜਨਤਕ ਹੋਣ ਦੀ ਵੀ ਗਲ ਕਹੀ। ਸਿਰਸਾ ਨੇ ਅਕਾਲੀ ਦਲ ਵੱਲੋਂ ਪੰਨੂੰ ਦੀ ਅਦਾਲਤਾਂ ਨੂੰ ਗੁਮਰਾਹ ਕਰਨ ਦੀ ਅਸਲੀਅਤ ਤੋਂ ਅਮਰੀਕਾ ਦੇ ਪ੍ਰਸ਼ਾਸਨਿਕ ਅਮਲੇ ਨੂੰ ਜਾਣੂ ਕਰਵਾਉਣ ਤਕ ਲੜਾਈ ਲੜਨ ਦਾ ਵੀ ਦਾਅਵਾ ਕੀਤਾ।
ਸਿਰਸਾ ਨੇ ਕੁਝ ਤਾਕਤਾਂ ਤੇ ਅਕਾਲੀ ਦਲ ਦੀ ਲੀਡਰਸ਼ਿਪ ਦੀ ਸਾਖ ਨੂੰ ਵਿਦੇਸ਼ਾਂ ’ਚ ਖਰਾਬ ਕਰਨ ਅਤੇ ਵਿਦੇਸ਼ਾ ’ਚ ਵਸਦੇ ਹਜ਼ਾਰਾਂ ਪੰਜਾਬੀਆਂ ਤੇ ਸਿੱਖਾਂ ਨੂੰ ਆਧਾਰਹੀਨ ਮੁੱਦਿਆਂ ਤੇ ਗੁਮਰਾਹ ਕਰਨ ਵਾਸਤੇ ਸਾਜ਼ਿਸ਼ਾ ਘੜਨ ਦਾ ਵੀ ਦੋਸ਼ ਲਗਾਇਆ। ਸਿਰਸਾ ਨੇ ਬੀਤੇ ਦਿਨੀਂ ਅਕਾਲੀ ਦਲ ਅਤੇ ਦਿੱਲੀ ਕਮੇਟੀ ਦੇ ਆਗੂਆਂ ਵੱਲੋਂ ਵਿਦੇਸ਼ੀ ਫੇਰੇ ਦੌਰਾਨ ਉਸਾਰੂ ਪ੍ਰਾਪਤੀਆਂ ਪ੍ਰਾਪਤ ਕਰਨ ਦਾ ਦਾਅਵਾ ਕਰਦੇ ਹੋਏ ਪੰਜਾਬੀ ਅਤੇ ਸਿੱਖ ਭਾਈਚਾਰੇ ’ਚ ਪੰਨੂੰ ਵੱਲੋਂ ਨਿਜ਼ੀ ਮੁਫਾਦਾ ਲਈ ਬਿਨਾਂ ਕਿਸੇ ਆਧਾਰ ਤੇ ਆਪਸੀ ਫੁੱਟ ਪਾਉਣ ਦੀ ਕੀਤੀ ਜਾਉਂਦੀਆਂ ਕੋਸ਼ਿਸ਼ਾਂ ਬਾਰੇ ਲੋਕਾਂ ਦੇ ਜਾਗਰੁੱਕ ਹੋਣ ਦੀ ਵੀ ਗਲ ਕਹੀ।