ਢੱਠੇ ਖੂਹਾਂ ਜਾ ਮਰੋ
ਅਖੌਤੀ ਜਾਗਰੂਕੋ
ਆਪਣੇ-ਆਪਣੇ ਕਲੰਡਰਾਂ ਦੀਆਂ
ਅਰਥੀਆਂ ਲੈਕੇ,
ਕਿਉਂਕਿ ਨਾ ਤਾਂ
ਤੁਹਾਡੇ ਇਹ ਕਲੰਡਰ
ਨਸ਼ਿਆਂ ਵਿੱਚ ਗਰਕ ਹੋ ਰਹੀ
ਨੌਜਵਾਨੀ ਨੂੰ ਬਾਹਰ ਕੱਢਣ ਦਾ
ਕੋਈ ਹੀਲਾ ਕਰਨ ਵਾਸਤੇ
ਲੋੜੀਂਦੇ ਪ੍ਰੋਗਰਾਮ ਦਾ
ਸਮਾਂ ਦੱਸਣ ਦੇ ਸਮਰੱਥ ਹਨ
ਨਾ ਹੀ ਰੋਜ਼ੀ ਰੋਟੀ ਖੁਣੋਂ ਰੁੱਲ ਰਹੇ
ਪੜ੍ਹੇ-ਲਿਖੇ ਜਵਾਨਾਂ ਨੂੰ
ਰੁਜ਼ਗਾਰ ਮਿਲਣ ਦੀਆਂ
ਤਰੀਕਾਂ ਦੱਸਣ ਦੇ,
ਨਾ ਇਹ ਨਿੱਤ ਦਿਨ ਟੁੱਟਦੀਆਂ
ਪਰਿਵਾਰਿਕ ਕਦਰਾਂ ਨੂੰ
ਸਾਂਭਣ ਦੇ ਲਈ
ਕੋਈ ਦਿਨ ਮਿੱਥ ਸਕਦੇ ਹਨ
ਅਤੇ ਨਾ ਹੀ ਤੁਹਾਡੇ
ਬੇ-ਕਿਰਦਾਰੇ ਧਰਮ-ਪ੍ਰਚਾਰਕਾਂ
ਅਤੇ ਧਰਮ-ਪ੍ਰਬੰਧਕਾਂ ਨੂੰ
ਲਾਂਭੇ ਕਰਨ ਦੀ ਯੋਜਨਾ,
ਗੱਲ ਕੀ
ਅੱਜ ਦੇ ਜ਼ਮੀਨੀ ਹਾਲਾਤਾਂ ਨੂੰ
ਦਰਪੇਸ਼ ਕਿਸੇ ਵੀ ਮਸਲੇ ਨੂੰ
ਹੱਲ ਕਰਨ ਦੀ
ਕੋਈ ਤਾਕਤ ਹੀ ਨਹੀਂ ਰੱਖਦੇ
ਤੁਹਾਡੇ ਇਹ
ਕਾਗਜ਼ ਦੇ ਖਿਡੌਣੇ;
ਤੁਹਾਡੇ ਇਹ ਵੱਖਰੇ -੨
ਕਲੰਡਰ ਤੇ ਮਸਲੇ
ਤਾਂ ਬਸ ਛੁਨਛੁਣੇ ਹਨ
ਅਸਲੀ ਮੁੱਦਿਆਂ ਤੋਂ
ਧਿਆਨ ਭਟਕਾ ਕੇ
ਵਰਗਲਾਈ ਰੱਖਣ ਲਈ
ਕਿ ਮਤਾ ਸਾਰੇ ਸਿਰ ਜੋੜ ਕੇ
ਇਕੱਠੇ ਹੀ ਨਾ ਬਹਿ ਜਾਣ
ਤੇ ਕੋਈ ਜ਼ਮੀਨੀ ਸਮੱਸਿਆ ਦਾ
ਹਲ ਈ ਨਾ ਕਰ ਲੈਣ;
ਸੋ ਦਫ਼ਾ ਹੋ ਜਾਓ,
ਆਪਣੀ ਬੌਧਿਕ ਜੁਗਾਲੀ
ਤੇ ਚੁੰਝ ਚਰਚਾ ਦੀ
ਦਾਦ-ਖ਼ੁਜਲੀ ਲੈ ਕੇ,
ਆਪਣੀ ਡੱਫ਼ਲੀ
ਅਤੇ ਆਪਣੇ ਵੈਣ
ਆਪਣੇ ਘਰ ਪਾਓ,
ਆਪਣੀਆਂ ਜੁੱਤੀਆਂ
ਆਪਣੇ ਸਿਰਾਂ ਵਿੱਚ ਮਾਰਕੇ
ਆਪਣੇ ਝਾਟੇ ਖਿਲਾਰੋ,
ਬੱਸ ਇਹੀ ਤੁਹਾਡੀ
ਨਾਮ ਧਰੀਕ ਜਮਾਤ ਨੂੰ ਆਉਂਦਾ ਹੈ
ਤੇ ਇਹ ਹੀ
ਤੁਸੀਂ ਕਰ ਸਕਦੇ ਹੋ,
ਕਿਉਂਕਿ
ਕਿਸੀ ਜ਼ਮੀਨੀ ਸਮੱਸਿਆ ਦਾ
ਹੱਲ ਦੇਣ ਲਈ
ਤੁਸੀਂ
ਨਾ ਤਾਂ ਕਦੇ ਯੋਗ ਸੀ
ਤੇ ਨਾ ਹੀ
ਕਦੇ ਬਣਨਾ ਹੈ!!