ਪੁਸਤਕ ਨਾਂ - ਤੀਜਾ ਘਲੂਘਾਰਾ-ਕਾਲੇ ਦਿਨ:ਲਹੂ ਭਿੱਜੀ ਪੱਤਰਕਾਰੀ
ਲੇਖਕ : ਹਰਬੀਰ ਸਿੰਘ ਭੰਵਰ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਸਫ਼ੇ: 208, ਮੁਲ:200 ਰੁਪਏ
ਪੱਤਰਕਾਰ ਹਰਬੀਰ ਸਿੰਘ ਭੰਵਰ ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਹਨ। ਉਨ੍ਹਾਂ ਨੇ ਸਾਹਿਤ, ਕਲਾ ਤੇ ਪੱਤਰਕਾਰੀ ਦੇ ਖੇਤਰ ਵਿਚ ਵੱਡਮੁਲਾ ਯੋਗਦਾਨ ਪਾਇਆ ਹੈ।ਪੱਤਰਕਾਰੀ ਦੇ ਖੇਤਰ ਵਿਚ ਉਨ੍ਹਾਂ ਦਾ ਨਾਂ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ। ਦੇਸ਼ ਵਿਦੇਸ਼ ਦੀਆਂ ਪ੍ਰਮੁਖ ਖ਼ਬਰ ਏਜੰਸੀਆਂ ਤੇ ਅਖ਼ਬਾਰਾਂ ਨਾਲ ਉਹ ਲੰਬਾ ਸਮਾਂ ਜੁੜੇ ਰਹੇ। ਹੱਕ ਸੱਚ ਤੇ ਡੱਟ ਕੇ ਪਹਿਰਾ ਦਿੰਦੇ ਰਹੇ ਹਰਬੀਰ ਭੰਵਰ ਨੇ ਸਭਨਾਂ ਦੀ ਪ੍ਰਸੰਸਾ ਖੱਟੀ।
ਹੱਥਲੀ ਪੁਸਤਕ “ਤੀਜਾ ਘਲੂਘਾਰਾ,ਕਾਲੇ ਦਿਨ: ਲਹੂ ਭਿੱਜੀ ਪੱਤਰਕਾਰੀ” ਵਿਚ ਕੁਲ 44 ਲੇਖ ਦਰਜ ਹਨ,ਜਿਨ੍ਹਾਂ ਨੂੰ ਦੋ ਭਾਗਾਂ ਵਿਚ ਵੰਡਿਆ ਹੈ। ਭਾਗ ਪਹਿਲਾ ਵਿਚ 18 ਲੇਖ ਹਨ ਜੋ ਖਾੜਕੂ ਲਹਿਰ ਦੌਰਾਨ ਪੱਤਰਕਾਰਾਂ ਨੂੰ ਕੰਮ ਕਰਨ ਲਈ ਪੇਸ਼ ਆਉਂਦੀਆਂ ਮੁਸ਼ਕਲਾਂ ਬਾਰੇ ਹਨ, ਦੂਜਾਂ ਭਾਗ “ਅਭੁਲ ਯਾਦਾਂ” ਬਾਰੇ ਹੈ, ਜਿਸ ਵਿਚ 26 ਸੱਚੀਆਂ ਘਟਨਾਵਾਂ ਦਾ ਜ਼ਿਕਰ ਹੈ। ਇਸ ਤੋਂ ਪਹਿਲਾ ਲੇਖਕ ਸਤ ਪੁਸਤਕਾਂ ਲਿਖ ਚੁਕਿਆ ਹੈ। ਇਨ੍ਹਾਂ ਲੇਖਾਂ ਵਿਚ ਮਹੱਤਵਪੂਰਨ ਸ਼ਖਸੀਅਤਾਂ ਨਾਲ ਮੁਲਾਕਾਤਾਂ ਵੀ ਹਨ ਜੋ ਬੜੀਆਂ ਅਹਿਮ ਹਨ। ਇਹ ਪੁਸਤਕ ਪੰਜਾਬ ਦੇ ਕਾਲੇ ਦਿਨਾਂ ਨਾਲ ਸਬੰਧਤ ਹੈ।ਲੇਖਕ ਨੇ ਬੜੀ ਸੁਹਰਿਤਾ ਨਾਲ ਉਨ੍ਹਾਂ ਘਟਨਾਵਾਂ ਨੂੰ ਬਿਆਨ ਕੀਤਾ ਹੈ।ਉਹ ਮਜ਼ਲੂਮਾਂ ਦੇ ਹੱਕ ਦੀ ਗਲ ਕਰਦਾ ਹੈ,ਜ਼ੁਲਮ ਕਰਨ ਵਾਲਿਆਂ ਪ੍ਰਤੀ ਉਸਦੇ ਮਨ ਵਿਚ ਰੋਹ ਹੈ। ਉਹ ਇਸ ਬਾਰੇ ਨਿਧੱੜਕ ਹੋ ਕੇ ਲਿਖਦਾ ਹੈ। ਮਿਸਾਲ ਵਜੋ 5 ਅਕਤੂਬਰ 1983 ਨੂ ਬਿਆਸ ਦੇ ਪੁਲ ਕੋਲ ਬੱਸ ਵਿਚੋਂ ਕੱਢਕੇ ਮਾਰੇ ਗਏ ਛੇ ਨਿਰਦੋਸ਼ ਹਿੰਦੂਆਂ ਬਾਰੇ ਲਿਖਦਾ ਹੈ, “ਸੁਣ ਕੇ ਮਂੈ ਸੁੰਨ ਹੋ ਗਿਆ। ਇਸ ਮਨਹੂਸ ਖ਼ਬਰ ਬਾਰੇ ਜਦੋਂ ਮੈਂ ਆਪਣੀ ਪਤਨੀ ਨੂਂ ਦਸਿਆ ਮੇਰਾ ਗਲਾ ਭਰ ਆਇਆ ਤੇ ਰੋ ਪਿਆ।” “ਚੋਰਾਂ ਡਾਕੂਆਂ ਤੇ ਲੁਟੇਰਿਆ ਤੇ ਪੇਸ਼ਾਵਾਰ ਕਾਤਲਾ ਦਾ ਵੀ ਕੋਈ ਅਸੂਲ ਹੁੰਦਾ ਹੈ, ਪਰ ਇਨ੍ਹਾਂ ਦਰਿੰਦੇ ਹਤਿਆਂਰਿਆ ਦਾ ਕੋਈ ਅਸੂਲ਼ ਨਹੀਂ ਹੈ।” ਗੋਆ ਦੇ ਰਾਜਪਾਲ ਡਾ. ਗੋਪਾਲ ਸਿੰਘ ਨਾਲ ਇਕ ਮੁਲਾਕਾਤ ਦੌਰਾਨ ਉਹ ਲੇਖਕ ਨੂੰ ਕਹਿੰਦੇ ਹਨ,“ਗੁਰਦੁਆਰਾ ਸਾਹਿਬ ਦੀ ਪਾਵਨ ਹਦੂਦ ਅੰਦਰ ਧਰਮ ਤੋਂ ਬਿਨਾ ਕੁਝ ਵੀ ਡਿਸਕਸ ਨਹੀਂ ਕਰਨਾ ਚਾਹੀਦਾ।ਅਕਾਲਆਂ ਨੇ ਗੁਰਦੁਆਰਿਆਂ ਨੂ ਆਪਣੀ ਸਿਆਸਤ ਦੇ ਅਖਾੜੇ ਬਣਾ ਕੇ ਸਿੱਖਾਂ ਦਾ ਬਹੁਤ ਨੁਕਸਾਨ ਕੀਤਾ ਹੈ।”
ਇਨ੍ਹਾਂ ਕਾਲੇ ਦਿਨਾਂ ਦੌਰਾਨ ਕਿਵਂ ਪ੍ਰੈਸ ਦੀ ਆਜ਼ਾਦੀ ਦਾ ਗਲਾ ਘੁਟਿਆ ਗਿਆ,ਕਿਵੇ ਫੌਜੀ ਬੂਟਾਂ ਹੇਠ ਪੰਜਾਬ ਦੀ ਧਰਤੀ ਕੰਬੀ, ਲੋਕਾਂ ਵਿਚ ਅਖ਼ਬਾਰਾਂ ਪੜ੍ਹਣ ਦਾ ਰੁਝਾਣ ਵਧਿਆ, ਸ੍ਰੀ ਦਰਬਾਰ ਸਾਹਿਬ ਦੀ ਪਵਿਤਰਤਾ ਵਾਰ ਵਾਰ ਭੰਗ ਕੀਤੀ ਗਈ, ਆਪਸੀ ਸਾਝਾਂ ਵਿਚ ਤ੍ਰੇੜਾਂ ਪਈਆਂ, ਪੁਲਿਸ ਦੀ ਦਰਿੰਦਗੀ ਤੇ ਝੂਠੇ ਮੁਕਾਬਲੇ ਤੇ ਉਸ ਸਮੇਂ ਨਾਲ ਬਹੁਤ ਸਾਰੀਆਂ ਘਟਨਾਵਾਂ ਦਾ ਲੇਖਕ ਨੇ ਨਿੱਡਰਤਾ ਤੇ ਨਿੱਧੜਕਤਾ ਨਾਲ ਜ਼ਿਕਰ ਕੀਤਾ ਹੈ। ਲੇਖਕ ਨੂੰ ਮਾਰ ਦੇਣ ਦੀਆਂ ਧਮਕੀਆਂ ਵੀ ਮਿਲੀਆਂ,ਪਰ ਉਸ ਨੇ ਇਨ੍ਹਾਂ ਧਮਕੀਆਂ ਦੀ ਪਰਵਾਹ ਕੀਤੇ ਵਗੇਰ ਸੱਚ ਨੂ ਲੋਕਾ ਸਾਹਮਣੇ ਉਜਾਗਰ ਕੀਤਾ।ਲੇਖਕ ਦੇ ਆਪਣੇ ਸ਼ਬਦਾ ਵਿਚ, “ਮੈਨੂੰ ਇਸ ਗਲ ਦਾ ਫ਼ਖ਼ਰ ਹੈ ਕਿ ਮੈ ਪੰਜਾਬ ਵਿਚ ਖਾੜਝੂ ਲਹਿਰ ਸਮੇ ਜਿਥੇ ਖਾੜਕੂਆਂ ਵਲੋਂ ਕੀਤੀਆਂ ਹਿੰਸਕ ਘਟਨਾਵਾ ਦੀ ਮੌਕੇ ਤੇ ਜਾ ਕੇ ਸਹੀ ਰੀਪੋਰੋਟਿੰਗ ਕੀਤੀ, ਉਥੇ ਪੁਲਿਸ ਦੀਆਂ ਜ਼ਿਆਂਦਤੀਆਂ ਨੂੰ ਵੀ ਉਜਾਗਰ ਕੀਤਾ।
ਪੁਸਤਕ ਦੇ ਅੰਤਿਕਾ ਵਾਲੇ ਹਿੱਸੇ ਵਿਚ ਪੰਥਕ ਕਮੇਟੀ ਦਾ ਪੱਤਰਕਾਰਾਂ ਵਿਰੁਧ ਦੋਸ਼-ਪੱਤਰ, ਪੰਥਕ ਕਮੇਟੀ ਵਲੌਂ ਅਖਬਾਰਾਂ ਲਈ ਜਾਰੀ ਕੀਤਾ ਗਿਆ ਜ਼ਾਬਤਾ-ਚਲਣ, ਪੰਜ ਖਾੜਕੂ ਜਥੇਬੰਦੀਆਂ ਵਲੋਂ ਸਰਕਾਰੀ, ਨੀਮ-ਸਰਕਾਰੀ ਤੇ ਗੈਰ ਸਰਕਾਰੀ ਵਿਭਾਗਾਂ ਦੇ ਮੁਖੀਆਂ ਤੇ ਅਫ਼ਸਰਾਂ ਨੰ ਪੰਜਾਬੀ ਭਾਸ਼ਾ ਲ਼ਾਗੂ ਕਰਨ ਲਦੀ ਹਿਦਾਇਤਾਂ ਦੀ ਹਵਾਲਾ ਸਮੱਗਰੀ ਬਹੁਤ ਹੀ ਮਹੱਤਵਪੂਰਨ ਹੈ।
ਇਸ ਪੁਸਤਕ ਦੇ ਸਾਰੇ ਲੇਖ ਬੜੇ ਹੀ ਸਰਲ, ਸਪੱਸ਼ਟ, ਸੰਖੇਪ ਤੇ ਪ੍ਰਭਾਵਸ਼ਾਲੀ ਹਨ। ਸ੍ਰੀ ਭੰਵਰ ਦੀ ਇਹ ਪੁਸਤਕ ਪੜ੍ਹਣ ਤੇ ਸਾਂਭਣਯੋਗ ਹੈ, ਇਸ ਲਈ ਲੇਖਕ ਵੱਧਾਈ ਦਾ ਹੱਕਦਾਰ ਹੈ।
ਡਾ. ਕੁਲਵਿੰਦਰ ਕੌਰ ਮਿਨਹਾਸ