ਵੀਰਾ ਅੱਜ ਦੇ ਸ਼ੁਭ ਦਿਹਾੜੇ, ਇਕ ਸੰਦੇਸ਼ ਸੁਣਾਵਾਂ।
ਰੱਖੜੀ ਦੇ ਤਿਉਹਾਰ ਤੇ ਬੀਬਾ, ਤੈਨੂੰ ਕੁੱਝ ਸਮਝਾਵਾਂ।
ਵੀਰਾ ਜੁੜੀਆਂ ਰਹਿਣ ਹਮੇਸ਼ਾ, ਪਿਆਰ ਦੀਆਂ ਇਹ ਤੰਦਾਂ।
ਮੇਰੀਆਂ ਯਾਦਾਂ ਦੇ ਵਿੱਚ ਵਸੀਆਂ, ਘਰ ਤੇਰੇ ਦੀਆਂ ਕੰਧਾਂ।
ਕਿਧਰੇ ਭੁੱਲ ਨਾ ਜਾਈਂ ਅੜਿਆ, ਭੈਣਾਂ ਦਾ ਸਿਰਨਾਵਾਂ।
ਵੀਰਾ………
ਬਹਿੰਦੀ ਉਠਦੀ ਹਰ ਵੇਲੇ ਮੈਂ, ਸੁੱਖਾਂ ਤੇਰੀਆਂ ਮੰਗਾਂ।
ਦੁੱਖ- ਸੁੱਖ ਆਪਣੇ ਆਪੇ ਝੱਲਾਂ, ਤੈਨੂੰ ਦੱਸਦੀ ਸੰਗਾਂ।
ਤੇਰੇ ਉਤੇ ਦੁੱਖ ਮੇਰੇ ਦਾ, ਪੈ ਨਾ ਜਾਏ ਪਰਛਾਵਾਂ।
ਵੀਰਾ………
ਮਾਪੇ ਸਦਾ ਨਾ ਬੈਠੇ ਰਹਿਣੇ, ਵੀਰ ਭੈਣ ਦੀਆਂ ਬਾਹਵਾਂ।
ਭੁੱਲੀ ਵਿਸਰੀ ਭੈਣ ਜੋ ਤੈਨੂੰ, ਤੱਕਦੀ ਤੇਰੀਆਂ ਰਾਹਵਾਂ।
ਵੀਰ ਮੇਰੇ ਨੂੰ ਲੱਗ ਨਾ ਜਾਵਣ, ਤੱਤੀਆਂ ਕਦੇ ਹਵਾਵਾਂ।
ਵੀਰਾ………
ਹਰ ਔਰਤ ਦੀ ਇੱਜ਼ਤ ਕਰਨਾ, ਸੁੱਚਾ ਕਰਮ ਹੈ ਤੇਰਾ।
ਦੇਖ ਪਰਾਈ, ਭੈਣ ਸਮਝਣਾ, ਏਹੋ ਧਰਮ ਹੈ ਤੇਰਾ।
ਬਾਲੜੀਆਂ ਨੂੰ ਧੀਆਂ ਸਮਝੇਂ, ਵੱਡੀਆਂ ਸਮਝੇਂ ਮਾਵਾਂ।
ਵੀਰਾ………
ਕਿਸੇ ਭੈਣ ਤੇ ਵੀ ਜੇ ਤੱਕਿਆ, ਭੀੜਾਂ ਨੇ ਬਣ ਆਈਆਂ।
ਬਿਨ ਰੱਖੜੀ ਤੋਂ ‘ਦੀਸ਼’ ਦੇ ਵੀਰਾਂ, ਇੱਜ਼ਤਾਂ ਲੱਖ ਬਚਾਈਆਂ।
ਤੂੰ ਮਾਲਕ ਹੈਂ ਉਸ ਵਿਰਸੇ ਦਾ, ਤੈਨੂੰ ਯਾਦ ਕਰਾਵਾਂ।
ਵੀਰਾ………