ਨਵੀਂ ਦਿੱਲੀ : ਸ੍ਰੋਮਣੀ ਅਕਾਲੀ ਦਲ ਵੱਲੋਂ ਅੱਜ ਆਪਣੀ ਸਟੂਡੈਂਟ ਵਿੰਗ, ਸਟੂਡੈਂਟ ਅੋਰਗਨਾਈਜੇਸ਼ਨ ਆਫ ਇੰਡੀਆ (ਐਸ.ਓ.ਆਈ.) ਨੂੰ ਦਿੱਲੀ ਯੂਨੀਵਰਸਿਟੀ ਸਟੂਡੈਂਟ ਯੂਨੀਅਨ ਦੀਆਂ ਚੋਣਾਂ ’ਚ ਉਤਾਰਨ ਦਾ ਐਲਾਨ ਕੀਤਾ ਗਿਆ। ਪੰਜਾਬ ਯੂਨੀਵਰਸਿਟੀ ’ਚ ਸਟੂਡੈਂਟ ਯੂਨੀਅਨ ਦੀਆਂ ਚੋਣਾਂ ’ਚ ਬੀਤੇ ਦਿਨੀਂ ਮਿਲੀ ਵੱਡੀ ਇਤਿਹਾਸਿਕ ਸਫਲਤਾ ਤੋਂ ਬਾਅਦ ਉਤਸਾਹ ਵਿਚ ਭਿੱਜੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਕਮੇਟੀ ਦੇ ਜਨਰਲ ਸਕੱਤਰ ਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਪ੍ਰੈਸ ਕਾਨਫਰੰਸ ਦੌਰਾਨ ਪਾਰਟੀ ਦਫਤਰ ’ਚ ਇਸ ਗਲ ਦਾ ਐਲਾਨ ਕੀਤਾ।
ਸਾਰੀਆਂ ਕਾਨੂੰਨੀ ਪ੍ਰਕ੍ਰਿਆ ਨੂੰ ਪੂਰੀ ਕਰਨ ਉਪਰੰਤ ਜੀ.ਕੇ. ਨੇ ਡੂਸੂ ਚੋਣਾਂ ਲੜਨ ਦੇ ਨਾਲ ਹੀ ਕਮੇਟੀ ਦੇ ਡੂਸੂ ਚੋਣਾਂ ਲਈ ਮਾਨਤਾ ਪ੍ਰਾਪਤ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਨਾਰਥ ਕੈਂਪਸ, ਗੁਰੂ ਗੋਬਿੰਦ ਸਿੰਘ ਕਾਲਜ ਕਾੱਮਰਸ ਪੀਤਮਪੁਰਾ, ਅਤੇ ਗੁਰੂ ਨਾਨਕ ਦੇਵ ਕਾਲਜ ਦੇਵ ਨਗਰ ਦੇ ਸਥਾਨਕ ਕਾਲਜ ਯੂਨੀਅਨਾਂ ਦੀਆਂ ਚੋਣਾਂ ਲੜਨ ਦੀ ਵੀ ਗਲ ਕਹੀ।
ਨੌਜੁਆਨਾਂ ਨੂੰ ਦੇਸ਼ ਦਾ ਭਵਿੱਖ ਦਸਦੇ ਹੋਏ ਜੀ.ਕੇ. ਨੇ ਰਾਸ਼ਟਰ ਨਿਰਮਾਣ ਵਾਸਤੇ ਪ੍ਰੇਰਿਤ ਕਰਨ ਦੀ ਦਿਸ਼ਾ ’ਚ ਦਲ ਦੀ ਸਟੂਡੈਂਟ ਵਿੰਗ ਨੂੰ ਦਿੱਲੀ ’ਚ ਕਾਰਜਸ਼ੀਲ ਕਰਨ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਵਿਦਿਆਰਥੀ ਜੀਵਨ ’ਚ ਜੇਕਰ ਨੌਜਵਾਨਾਂ ਨੂੰ ਦੇਸ਼ ਦੀ ਦਸ਼ਾ ਤੇ ਦਿਸ਼ਾ ਨੂੰ ਬਦਲਣ ਦਾ ਮੁੱਢਲਾ ਤੇ ਸ਼ਿਹਾਸੀ ਗਿਆਨ ਪ੍ਰਾਪਤ ਹੋਵੇਗਾ ਤਾਂ ਵਿਦਿਆਰਥੀ ਕਦੇ ਵੀ ਦੇਸ਼ ਦੀ ਵਿਵਸਥਾ ਨੂੰ ਗਲਤ ਠਹਿਰਾਉਣ ਦੀ ਬਜਾਏ ਉਸ ਵਿੱਚ ਸੁਧਾਰ ਲਿਆਉਣ ਦੇ ਲਈ ਉਸਾਰੂ ਰੂਪ ’ਚ ਕਾਰਜ ਕਰਨਗੇ। ਜੀ.ਕੇ. ਵੱਲੋਂ ਇਸ ਮੌਕੇ ਐਸ.ਓ.ਆਈ. ਦੇ ਸੂਬਾ ਪ੍ਰਧਾਨ ਗਗਨਦੀਪ ਸਿੰਘ ਅਤੇ ਜਨਰਲ ਸਕੱਤਰ ਵੱਜੋਂ ਜਸਰਾਜ ਸਿੰਘ ਨੂੰ ਥਾਪਣ ਦੀ ਵੀ ਜਾਣਕਾਰੀ ਦਿੱਤੀ ਗਈ। ਜਦੋਂਕਿ ਪਾਰਟੀ ਵੱਲੋਂ ਐਸ.ਓ.ਆਈ. ਨਾਲ ਤਾਲਮੇਲ ਦੀ ਜਿੰਮੇਵਾਰੀ ਸਾਬਕਾ ਵਿਧਾਇਕ ਅਤੇ ਦਿੱਲੀ ਕਮੇਟੀ ਮੈਂਬਰ ਹਰਮੀਤ ਸਿੰਘ ਕਾਲਕਾ ਨੂੰ ਸੌਂਪੀ ਗਈ ਹੈ।
ਪੰਜਾਬ ’ਚ ਐਸ.ਓ.ਆਈ. ਨੂੰ ਮਿਲੀ ਜਿੱਤ ਨੂੰ ਜੀ.ਕੇ. ਨੇ ਪੰਜਾਬ ’ਚ ਨਸ਼ਿਆਂ ਦੇ ਮੌਜੂਦਗੀ ਬਾਰੇ ਚਲਾਏ ਜਾ ਰਹੇ ਕੂੜ ਪ੍ਰਚਾਰ ਦੇ ਜਵਾਬ ਨਾਲ ਜੋੜਦੇ ਹੋਏ ਇਸ ਨੂੰ ਪੰਜਾਬ ਦੇ ਨੌਜਵਾਨਾਂ ਦੀ ਉਮੀਦਾਂ ਦੀ ਜਿੱਤ ਦਸਿਆ। ਪੱਤਰਕਾਰਾਂ ਵੱਲੋਂ ਐਸ.ਓ.ਆਈ. ਦਾ ਦਿੱਲੀ ਵਿੱਖੇ ਏਜੰਡਾ ਹੋਣ ਦੇ ਬਾਰੇ ਪੁੱਛੇ ਗਏ ਸੁਆਲ ਦੇ ਜਵਾਬ ’ਚ ਜੀ. ਕੇ. ਨੇ ਕਿਹਾ ਕਿ ਗੁਰੂ ਸਾਹਿਬ ਵੱਲੋਂ ਸਾਂਝੀਵਾਲਤਾ, ਸੇਵਾ ਅਤੇ ਧਰਮ ਤੋਂ ਉਪਰ ਉਠ ਕੇ ਕਾਰਜ ਕਰਨ ਦੇ ਦਿੱਤੇ ਗਏ ਸੁਨੇਹੇ ਤੇ ਐਸ.ਓ.ਆਈ. ਦੇ ਕਾਰਕੁਨਾਂ ਦੇ ਚਲਣ ਦਾ ਵੀ ਦਾਅਵਾ ਕੀਤਾ। ਏ.ਬੀ.ਵੀ.ਪੀ. ਦੇ ਖਿਲਾਫ ਚੋਣਾਂ ਲੜਨ ਬਾਰੇ ਪੁੱਛੇ ਗਏ ਸੁਆਲ ਤੇ ਜੀ.ਕੇ. ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਖੇ ਐਸ.ਓ.ਆਈ. ਵੱਲੋਂ ਆਪਣੇ ਦਮ ਤੇ ਚੋਣਾਂ ਲੜਨ ਦਾ ਵੀ ਹਵਾਲਾ ਦਿੱਤਾ।
ਸਿਰਸਾ ਨੇ ਪਾਰਟੀ ਦੇ ਇਸ ਫੈਸਲੇ ਨੂੰ ਦਿੱਲੀ ਵਿੱਖੇ ਪਾਰਟੀ ਨੂੰ ਜਮੀਨੀ ਪੱਧਰ ਤੇ ਮਜਬੂਤ ਕਰਨ ਦੀ ਦਿਸ਼ਾ ’ਚ ਵੱਡਾ ਕਦਮ ਦਸਿਆ। ਸਿਰਸਾ ਨੇ ਕਿਹਾ ਕਿ ਅਕਾਲੀ ਦਲ ਹਮੇਸ਼ਾ ਹੀ ਆਪਣੇ ਸਰਗਰਮ ਕਾਰਕੁਨਾਂ ਨੂੰ ਸੰਗਠਨ ਅਤੇ ਹੋਰ ਥਾਂਵਾ ਤੇ ਅਹਿਮ ਜਿੰਮੇਵਾਰੀਆਂ ਦੇਣ ਤੋਂ ਕਦੇ ਵੀ ਪਿੱਛੇ ਨਹੀਂ ਰਿਹਾ। ਸਿਰਸਾ ਨੇ ਸਭ ਤੋਂ ਅੰਤ ’ਚ ਇਸ ਚੋਣ ਦੰਗਲ ’ਚ ਉਤਰਨ ਵਾਲੀ ਐਸ.ਓ.ਆਈ.ਨੂੰ ਕਮਜੋਰ ਨਾ ਸਮਝਣ ਦੀ ਗਲ ਕਰਦੇ ਹੋਏ ਐਸ.ਓ.ਆਈ. ਵੱਲੋਂ ਆਪਣੀ ਪੂਰੀ ਤਾਕਤ ਦਿਖਾਉਣ ਦਾ ਵੀ ਦਾਅਵਾ ਕੀਤਾ। ਮਹਿਲਾ ਸੁਰੱਖਿਆ ਨੂੰ ਮੁੱਦਾ ਬਣਾਉਂਦੇ ਹੋਏ ਸਿਰਸਾ ਨੇ ਇਹਨਾਂ ਚੋਣਾਂ ’ਚ ਕੁੜੀਆਂ ਨੂੰ ਵੀ ਐਸ.ਓ.ਆਈ. ਵੱਲੋਂ ਟਿਕਟ ਦੇਣ ਦੀ ਗਲ ਕੀਤੀ।
ਇਸ ਮੌਕੇ ਤੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ, ਸੀਨੀਅਰ ਆਗੂ ਓਂਕਾਰ ਸਿੰਘ ਥਾਪਰ, ਮਹਿੰਦਰਪਾਲ ਸਿੰਘ ਚੱਢਾ, ਸਤਪਾਲ ਸਿੰਘ,ਸਾਬਕਾ ਵਿਧਾਇਕ ਜਤਿੰਦਰ ਸਿੰਘ ਸ਼ੰਟੀ, ਦਿੱਲੀ ਕਮੇਟੀ ਮੈਂਬਰ ਦਰਸ਼ਨ ਸਿੰਘ, ਜੀਤ ਸਿੰਘ, ਹਰਦੇਵ ਸਿੰਘ ਧਨੋਵਾ, ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਜਸਪ੍ਰ੍ਰੀਤ ਸਿੰਘ ਵਿੱਕੀਮਾਨ, ਪਟਨਾ ਸਾਹਿਬ ਕਮੇਟੀ ਦੇ ਮੈਂਬਰ ਸੁਰਿੰਦਰ ਪਾਲ ਸਿੰਘ ਓਬਰਾਇ ਅਤੇ ਦਿੱਲੀ ਕਮੇਟੀ ਦੇ ਆਈ.ਟੀ. ਮੁਖੀ ਵਿਕਰਮ ਸਿੰਘ ਮੌਜੂਦ ਸਨ।