ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਰਕਾਰ ਦੀਆਂ ਸਮਾਜਿਕ ਭਲਾਈ ਦੀਆਂ ਸ਼ਕੀਮਾਂ ਦਾ ਫਾਇਦਾ ਸਿੱਧਾ ਸੰਗਤਾਂ ਤਕ ਪਹੁੰਚਾਉਣ ਵਾਸਤੇ ਸੰਗਤ ਸੇਵਾ ਕੇਂਦਰ ਦੇ ਕੇਂਦਰੀ ਦਫ਼ਤਰ ਦਾ ਉਦਘਾਟਨ ਕੀਤਾ ਗਿਆ। ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਹਰੀ ਨਗਰ ਵਿੱਖੇ ਖੋਲੇ ਗਏ ਉਕਤ ਦਫ਼ਤਰ ਦਾ ਰਸ਼ਮੀ ਉਦਘਾਟਨ ਦਿੱਲੀ ਘਟਗਿਣਤੀ ਕਮਿਸ਼ਨ ਦੇ ਚੇਅਰਮੈਨ ਜਨਾਬ ਕਮਰ ਅਹਿਮਦ, ਡਾਇਰੈਕਟਰ ਦਿੱਲੀ ਐਸ.ਸੀ./ਐਸ.ਟੀ. ਕਮਿਸ਼ਨ ਨਰੇਂਦਰ ਕੁਮਾਰ (ਆਈ.ਏ.ਐਸ.), ਨੈਸ਼ਨਲ ਸਕੀਲ ਡੈਵਲੈਪਮੈਂਟ ਦੇ ਐਮ.ਡੀ. ਸਤਵਿੰਦਰ ਸਿੰਘ ਅਤੇ ਦਿੱਲੀ ਘਟਗਿਣਤੀ ਕਮਿਸ਼ਨ ਦੇ ਮੈਂਬਰ ਏ.ਸੀ. ਮਾਇਕਲ ਵੱਲੋਂ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸੱਕਤਰ ਮਨਜਿੰਦਰ ਸਿੰਘ ਸਿਰਸਾ ਦੀ ਮੌਜੂਦਗੀ ’ਚ ਸਾਂਝੇ ਤੌਰ ਤੇ ਕੀਤਾ ਗਿਆ।
ਕੇਂਦਰੀ ਦਫਤਰ ਨੂੰ ਖੋਲਣ ਦੇ ਕਾਰਨਾਂ ਦਾ ਖੁਲਾਸਾ ਕਰਦੇ ਹੋਏ ਜੀ.ਕੇ. ਨੇ ਸਰਕਾਰ ਵੱਲੋਂ ਘਟਗਿਣਤੀ ਅਤੇ ਪਿਛੜੀ ਜਾਤੀਆਂ ਦੀ ਸਮਾਜਿਕ ਭਲਾਈ ਲਈ ਚਲਾਈਆਂ ਜਾ ਰਹੀਆਂ ਸ਼ਕੀਮਾਂ ਦਾ ਫਾਇਦਾ ਵੱਧ ਤੋਂ ਵੱਧ ਲੋਕਾਂ ਤਕ ਪਹੁੰਚਾਉਣ ਵਾਸਤੇ ਜਾਗਰੂਕ ਲਹਿਰ ਚਲਾਉਣ ਦੇ ਮਕਸਦ ਨਾਲ ਦਫਤਰ ਖੋਲਣ ਦੀ ਗੱਲ ਕਹੀ।ਜੀ.ਕੇ. ਨੇ ਕਿਹਾ ਕਿ ਪਹਿਲੇ ਵਰੇ੍ਹ ਕਮੇਟੀ ਦਾ ਟੀਚਾ ਸਿਰਫ਼ ਵਿਦਿਆਰਥੀਆਂ ਲਈ ਫੀਸ ਮੁਆਫੀ ਦੀਆਂ ਸ਼ਕੀਮਾਂ ਦਾ ਪ੍ਰਚਾਰ ਕਰਨ ਦਾ ਸੀ ਪਰ ਫੀਸ ਮੁਆਫ਼ੀ ਦੇ ਨਾਲ ਹੀ ਦੂਜੇ ਵਰ੍ਹੇ ਵਜ਼ੀਫ਼ਾ, ਸਟੈਸਨਰੀ ਅਤੇ ਫੀ੍ਰ-ਹੋਸਟਲ ਦੀਆਂ ਸ਼ਕੀਮਾਂ ਦਾ ਪ੍ਰਚਾਰ ਪ੍ਰਸਾਰ ਵੀ ਕਮੇਟੀ ਦੇ ਮਾਇਨੌਰੀਟੀ ਅਵੈਅਰਨੈਸ ਸ਼ੈਕਸਨ ਵੱਲੋਂ ਕੀਤਾ ਗਿਆ।
ਲੋਕਾਂ ਦੀ ਸਹੂਲਿਅਤ ਅਤੇ ਮੰਗ ਨੂੰ ਅਧਾਰ ਬਣਾਉਂਦੇ ਹੋਏ ਜੀ.ਕੇ. ਨੇ ਕਮੇਟੀ ਵੱਲੋਂ ਇਸ ਵਰ੍ਹੇ ਸੰਗਤ ਸੁਵਿਧਾ ਕੇਂਦਰਾਂ ਰਾਹੀਂ ਲੋਕਾਂ ਤਕ ਆਪਣੇ ਕਾਰੋਬਾਰ ਲਈ ਲੋਨ ਸੁਵਿਧਾ ਅਤੇ ਬੇਰੁਜਗਾਰ ਨੌਜਵਾਨਾਂ ਨੂੰ ਨਵਾਂ ਆਟੋ/ਟੈਕਸੀ ਲੈਣ ਲਈ ਲੋੜੀਂਦੀ ਸ਼ਕੀਮਾਂ ਦਾ ਫਾਇਦਾ ਪਹੁੰਚਾਉਣ ਦਾ ਵੀ ਦਾਅਵਾ ਕੀਤਾ। ਜੀ.ਕੇ. ਨੇ ਕਿਹਾ ਕਿ ਜੀਵਨ ’ਚ ਪ੍ਰਾਪਤ ਕੀਤੀ ਗਈ ਸਿਖਿਆ ਹਮੇਸ਼ਾ ਹੀ ਮਨੁੱਖ ਦੇ ਨਾਲ ਰਹਿੰਦੀ ਹੈ ਭਾਵੇਂ ਉਸਦੇ ਜੀਵਨ ’ਚ ਕੁਝ ਰਹੇ ਜਾਂ ਨਾ ਰਹੇ। ਇਸ ਮੌਕੇ ਆਏ ਮਹਿਮਾਨਾਂ ਨੂੰ ਸ਼ਾਲ ਅਤੇ ਯਾਦਗਾਰੀ ਚਿਨ੍ਹਾਂ ਨਾਲ ਸਨਮਾਨਿਤ ਕੀਤਾ ਗਿਆ।
ਸਿਰਸਾ ਨੇ ਦਿੱਲੀ ਦੀ ਸੰਗਤ ਤਕ ਕਮੇਟੀ ਵੱਲੋਂ ਸਮਾਜਿਕ ਭਲਾਈ ਦੀ ਹਰ ਸ਼ਕੀਮ ਦਾ ਫਾਇਦਾ ਸਿੱਧਾ ਪਹੁੰਚਾਉਣ ਵਾਸਤੇ ਦਿੱਲੀ ਵਿੱਖੇ ਵੱਖ-ਵੱਖ ਥਾਂਵਾਂ ਤੇ ਹੋਰ ਸੰਗਤ ਸੇਵਾ ਕੇਂਦਰ ਖੋਲਣ ਦਾ ਐਲਾਨ ਕੀਤਾ। ਸ਼ੈਕਸਨ ਵੱਲੋਂ ਲੋਕਾਂ ਨੂੰ ਜਾਗਰੁਕ ਕਰਨ ਵਾਸਤੇ ਪੂਰੀ ਤਨਦੇਹੀ ਨਾਲ ਕੀਤੇ ਜਾ ਰਹੇ ਕੰਮਾਂ ਦੀ ਸਿਰਸਾ ਨੇ ਸ਼ਲਾਘਾਂ ਵੀ ਕੀਤੀ। ਆਏ ਮਹਿਮਾਨਾਂ ਵੱਲੋਂ ਦਿੱਲੀ ਕਮੇਟੀ ਦੀ ਇਸ ਕਾਰਗੁਜਾਰੀ ਨੂੰ ਸਰਕਾਰ ਅਤੇ ਲੋਕਾਂ ਦੇ ਵਿਚਕਾਰ ਨਿਸ਼ਕਾਮ ਸੇਵਾ ਕਰਦੇ ਹੋਏ ਉਮੀਦਾਂ ਤੇ ਆਸ਼ਾਂ ਦੇ ਪੁੱਲ ਦੀ ਉਸਾਰੀ ਨਾਲ ਵੀ ਤੁਲਨਾਂ ਕੀਤੀ ਗਈ।
ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿੱਤ, ਕਮੇਟੀ ਦੇ ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਸਾਬਕਾ ਮੀਤ ਪ੍ਰਧਾਨ ਤਨਵੰਤ ਸਿੰਘ ਨੇ ਸ਼ੈਕਸਨ ਤੇ ਚੇਅਰਮੈਨ ਹਰਜਿੰਦਰ ਸਿੰਘ, ਸਰਪ੍ਰਸ਼ਤ ਗੁਰਮਿੰਦਰ ਸਿੰਘ ਮਠਾਰੂ ਅਤੇ ਇੰਚਾਰਜ ਬੀਬੀ ਰਣਜੀਤ ਕੌਰ ਨੂੰ ਉਕਤ ਦਫ਼ਤਰ ਦੇ ਭਵਿੱਖ ’ਚ ਚੰਗਾ ਕਾਰਜ ਕਰਨ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਮੌਕੇ ਤੇ ਯੂਥ ਅਕਾਲੀ ਦਲ ਦਿੱਲੀ ਇਕਾਈ ਦੇ ਸਕੱਤਰ ਜਨਰਲ ਜਸਪ੍ਰੀਤ ਸਿੰਘ ਵਿੱਕੀਮਾਨ ਅਤੇ ਅਕਾਲੀ ਆਗੂ ਅਮਰਜੀਤ ਸਿੰਘ ਤਿਹਾੜ ਮੌਜ਼ੂਦ ਸਨ।