ਨਵੀਂ ਦਿੱਲੀ : ਆਸਟ੍ਰੇਲੀਆ ਦੇ ਰੱਖਿਆ ਮੰਤਰੀ ਕੇਵਿਨ ਐਂਡਰਿਊਜ਼ ਨੇ ਆਪਣੇ ਭਾਰਤ ਦੌਰੇ ਦੌਰਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਮੱਥਾ ਟੇਕਿਆ। ਆਪਣੇ ਯਾਤਰਾ ਦੌਰਾਨ ਐਂਡਰਿਊਜ਼ ਨੇ ਗੁਰਦੁਆਰਾ ਸਾਹਿਬ ਦੇ ਦਰਬਾਰ ਹਾੱਲ ਵਿਖੇ ਆਪਣਾ ਅਕੀਦਾ ਭੇਂਟ ਕਰਨ ਉਪਰੰਤ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧਕਾਂ ਪਾਸੋਂ ਸਿਰੋਪਾਉ, ਸ਼ਾਲ ਅਤੇ ਧਾਰਮਿਕ ਪੁਸਤਕਾਂ ਦਾ ਸੈਟ ਵੀ ਪ੍ਰਾਪਤ ਕੀਤਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਐਂਡਰਿਊਜ਼ ਨੂੰ ਗੁਰਦੁਆਰਾ ਸਾਹਿਬ ਦੇ ਦਫ਼ਤਰ ਵਿੱਖੇ ਗੈਰ ਰਸ਼ਮੀ ਮੁਲਾਕਾਤ ਦੌਰਾਨ ਵਿਦੇਸ਼ਾ ’ਚ ਵਸਦੇ ਸਿੱਖਾਂ ਦੀ ਪਰੇਸ਼ਾਨੀਆਂ ਅਤੇ ਮੰਗਾਂ ਬਾਰੇ ਜਾਣੂ ਕਰਵਾਇਆ। ਦੂਜੇ ਵਿਸ਼ਵ ਯੁੱਧ ਦੌਰਾਨ ਸਿੱਖ ਫੌਜੀਆਂ ਵੱਲੋਂ ਦਿਖਾਈ ਗਈ ਬਹਾਦਰੀ ਦੇ ਜ਼ਜਬੇ ਤੋਂ ਪ੍ਰੇਰਣਾਂ ਲੈਂਦੇ ਹੋਏ ਜੀ.ਕੇ. ਨੇ ਐਂਡਰਿਊਜ਼ ਤੋਂ ਆਸਟ੍ਰੇਲੀਆ ਵਿਖੇ ਸਿੱਖ ਰੈਜ਼ੀਮੈਂਟ ਦੀ ਸਥਾਪਨਾਂ ਕਰਨ ਦੀ ਵੀ ਸਲਾਹ ਦਿੱਤੀ। ਅਰਬ ਮੂਲ ਦੇ ਲੋਕਾਂ ਦੇ ਭੁਲੇਖੇ ’ਚ ਵਿਦੇਸ਼ਾਂ ਵਿਖੇ ਸਿੱਖਾਂ ਉਪਰ ਗਲਤ ਪੱਛਾਣ ਕਰਕੇ ਹੋ ਰਹੇ ਹਮਲਿਆਂ ਨੂੰ ਰੋਕਣ ਵਾਸਤੇ ਜੀ.ਕੇ. ਨੇ ਐਂਡਰਿਊਜ਼ ਨੂੰ ਪ੍ਰਸ਼ਾਸਨ ’ਚ ਸਿੱਖ ਧਰਮ ਬਾਰੇ ਜਾਣਕਾਰੀ ਦੇਣ ਦੀ ਵੀ ਮੰਗ ਕੀਤੀ।
ਸਿਰਸਾ ਨੇ ਆਸਟ੍ਰੇਲੀਆ ਵਿਖੇ ਉੱਚ ਸਿਖਿਆ ਦੇ ਮਿਆਰੀ ਢਾਂਚੇ ਦੀ ਹੋਂਦ ਦੀ ਸਲਾਘਾ ਕਰਦੇ ਹੋਏ ਐਂਡਰਿਊਜ਼ ਨੂੰ ਭਾਰਤੀ ਅਤੇ ਆਸਟ੍ਰੇਲੀਅਨ ਵਿਦਿਆਰਥੀਆਂ ਦੇ ਜੱਥੀਆਂ ਦੀ ਸਭਿਆਚਾਰਕ ਅਤੇ ਵਿਦਿਅਕ ਸਾਂਝ ਵਧਾਉਣ ਵਾਸਤੇ ਅਦਲਾ-ਬਦਲਾ ਦੀ ਵੀ ਤਜ਼ਵੀਜ ਦਿੱਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਕਮੇਟੀ ਮੈਂਬਰ ਕੁਲਮੋਹਨ ਸਿੰਘ, ਇੰਦਰਜੀਤ ਸਿੰਘ ਮੋਂਟੀ, ਕੁਲਵੰਤ ਸਿੰਘ ਬਾਠ, ਦਰਸ਼ਨ ਸਿੰਘ ਅਤੇ ਰਵੇਲ ਸਿੰਘ ਆਦਿਕ ਮੌਜ਼ੂਦ ਸਨ।