ਬੀਜਿੰਗ – ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਵੀਰਵਾਰ ਨੂੰ ਕਿਹਾ ਹੈ ਕਿ ਚੀਨ ਆਪਣੇ ਸੈਨਿਕਾਂ ਦੀ ਸੰਖਿਆ ਵਿੱਚ ਤਿੰਨ ਲੱਖ ਦੇ ਕਰੀਬ ਕਟੌਤੀ ਕਰੇਗਾ।ਜਿਨਪਿੰਗ ਦਾ ਕਹਿਣਾ ਹੈ ਕਿ ਸੈਨਿਕ ਸ਼ਕਤੀ ਵਿੱਚ ਕਟੌਤੀ ਇਸ ਖੇਤਰ ਵਿੱਚ ਸ਼ਾਂਤੀ ਅਤੇ ਵਿਕਾਸ ਸਥਾਪਿਤ ਕਰਨ ਲਈ ਕੀਤੀ ਗਈ ਹੈ।
ਦੂਸਰੇ ਵਿਸ਼ਵ ਯੁੱਧ ਦੀ ਸਮਾਪਤੀ ਦੀ 70ਵੀਂ ਵਰ੍ਹੇਗੰਢ ਦੇ ਮੌਕੇ ਤੇ ਦੇਸ਼ ਦੀ ਸੈਨਿਕ ਸ਼ਕਤੀ ਦਾ ਵੱਡੇ ਪੱਧਰ ਤੇ ਪ੍ਰਦਰਸ਼ਨ ਕਰਨ ਦੇ ਲਈ ਤਿਆਨਮੈਨ ਚੌਂਕ ਤੇ ਆਯੋਜਿਤ ਵੱਡੀ ਪਰੇਡ ਦਾ ਉਦਘਾਟਨ ਕਰਦੇ ਹੋਏ ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਚੀਨ ਦੁਨੀਆਂ ਵਿੱਚ ਸਦਾ ਸ਼ਾਂਤੀ ਦਾ ਹਿਮਾਇਤੀ ਰਿਹਾ ਹੈ। ਭਵਿੱਖ ਵਿੱਚ ਵੀ ਉਹ ਸ਼ਾਂਤੀ ਅਤੇ ਵਿਕਾਸ ਦੇ ਰਸਤੇ ਤੇ ਹੀ ਚਲੇਗਾ। ਸੈਨਿਕ ਸ਼ਕਤੀ ਵਿੱਚ ਕਟੌਤੀ ਇਸ ਯੋਜਨਾ ਦਾ ਅਹਿਮ ਹਿੱਸਾ ਹੈ।
ਤਿਆਨਮੈਨ ਚੌਂਕ ਤੇ 12 ਹਜ਼ਾਰ ਤੋਂ ਵੱਧ ਸੈਨਿਕਾਂ ਦੀ ਬਹੁਤ ਵੱਡੀ ਪਰੇਡ ਆਯੋਜਿਤ ਕੀਤੀ ਗਈ। ਇਸ ਵਿੱਚ ਜਿਆਦਾ ਸੰਖਿਆ ਵਿੱਚ ਚੀਨੀ ਸੈਨਿਕ ਅਤੇ ਕੁਝ ਰੂਸ ਦੇ ਸੈਨਿਕ ਵੀ ਸ਼ਾਮਿਲ ਸਨ। ਪਰੇਡ ਵਿੱਚ ਚੀਨ ਨੇ ਆਪਣੇ ਪਰਮਾਣੂੰ ਹੱਥਿਆਰਾਂ ਦਾ ਵੀ ਵਿਸ਼ਾਲ ਪ੍ਰਦਰਸ਼ਨ ਕੀਤਾ। ਇਸ ਮੌਕੇ ਸੈਨਾ ਦੀਆਂ ਬਖਤਰਬੰਦ ਗੱਡੀਆਂ, ਟੈਂਕ, ਲੜਾਕੂ ਜਹਾਜ਼ ਅਤੇ ਕਈ ਵੱਡੇ ਹੱਥਿਆਰਾਂ ਦਾ ਪ੍ਰਦਰਸ਼ਨ ਵੀ ਕੀਤਾ ਗਿਆ।
ਇਸ ਪਰੇਡ ਵਿੱਚ ਚੀਨੀ ਰਾਸ਼ਟਰਪਤੀ ਜਿਨਪਿੰਗ ਦੇ ਨਾਲ ਰੂਸ ਦੇ ਰਾਸ਼ਟਰਪਤੀ ਬਲਾਦੀਮੀਰ ਪੁਤਿਨ ਦੇ ਇਲਾਵਾ ਹੋਰ ਵੀ ਕਈ ਵੱਡੇ-ਵੱਡੇ ਵਿਦੇਸ਼ੀ ਨੇਤਾ ਮੌਜੂਦ ਸਨ। ਜਾਪਾਨ ਦੇ ਪ੍ਰਧਾਨਮੰਤਰੀ ਸਿ਼ੰਜੋ ਆਬੇ ਨੂੰ ਵੀ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਗਿਆ ਸੀ ਪਰ ਉਹ ਇਸ ਪਰੇਡ ਵਿੱਚ ਨਹੀਂ ਪਹੁੰਚੇ।