ਵਾਸ਼ਿੰਗਟਨ – ਅਮਰੀਕਾ ਨੇ ਸੀਰੀਆ ਵਿੱਚ ਰੂਸ ਦੀ ਸੈਨਾ ਦੀ ਹਿੱਸੇਦਾਰੀ ਸਬੰਧੀ ਆ ਰਹੀਆਂ ਖਬਰਾਂ ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਇਸ ਨਾਲ ਉਥੇ ਚੱਲ ਰਹੇ ਸੰਘਰਸ਼ ਵਿੱਚ ਵਾਧਾ ਹੋਵੇਗਾ ਅਤੇ ਇਸ ਨਾਲ ਸਥਿਤੀ ਤਣਾਅਪੂਰਣ ਹੋਵੇਗੀ। ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਵਿਦੇਸ਼ਮੰਤਰੀ ਜਾਨ ਕੇਰੀ ਨੇ ਇਸ ਮੁੱਦੇ ਤੇ ਰੂਸੀ ਨੇਤਾ ਸਰਗੇਈ ਲਾਵਰੋਵ ਨਾਲ ਫੋਨ ਤੇ ਵੀ ਗੱਲ ਕੀਤੀ ਹੈ।
ਜਾਨ ਕੇਰੀ ਨੇ ਕਿਹਾ ਕਿ ਜੇ ਇਹ ਖਬਰਾਂ ਸਹੀ ਹਨ ਤਾਂ ਇਸ ਨਾਲ ਸੀਰੀਆ ਵਿੱਚ ਸੰਗਰਸ਼ ਹੋਰ ਵੀ ਵਧੇਗਾ, ਨਿਰਦੋਸ਼ ਲੋਕਾਂ ਦੀਆਂ ਜਾਨਾਂ ਜਾਣਗੀਆਂ ਅਤੇ ਸ਼ਰਨਾਰਥੀਆਂ ਦੀ ਸਮੱਸਿਆ ਹੋਰ ਵੀ ਗੰਭੀਰ ਹੋਵੇਗੀ। ਜਿਕਰਯੋਗ ਹੈ ਕਿ ਅਮਰੀਕਾ ਦੇ ਇੱਕ ਅਖਬਾਰ ‘ਨਿਊਯਾਰਕ ਟਾਈਮਜ਼’ ਵਿੱਚ ਸ਼ੁਕਰਵਾਰ ਨੂੰ ਛੱਪੀ ਇੱਕ ਖਬਰ ਅਨੁਸਾਰ ਰੂਸ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ-ਅਲ-ਅਸਦ ਦੇ ਸਮਰਥਣ ਵਿੱਚ ਕੁਝ ਸੈਨਿਕ ਭੇਜੇ ਹਨ। ਇਸ ਅਨੁਸਾਰ ਰੂਸ ਨੇ ਸੀਰੀਆ ਦੀ ਹਵਾਈ ਸੈਨਾ ਦੀ ਵੀ ਮੱਦਦ ਕੀਤੀ ਹੈ।
ਰੂਸ ਦੇ ਰਾਸ਼ਟਰਪਤੀ ਪੂਤਿਨ ਨੇ ਇੱਕ ਨਿਊਜ਼ ਚੈਨਲ ਵੱਲੋਂ ਸੀਰੀਆ ਵਿੱਚ ਸੈਨਾ ਦੀ ਹਿੱਸੇਦਾਰੀ ਸਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਕਿਹਾ ਸੀ ਕਿ ਅਸੀਂ ਸਾਰੇ ਹਾਲਾਤ ਤੇ ਨਜ਼ਰ ਰੱਖ ਰਹੇ ਹਾਂ।ਇਸ ਬਾਰੇ ਕੁਝ ਵੀ ਕਹਿਣਾ ਜਲਦਬਾਜ਼ੀ ਹੋਵੇਗਾ। ਹਾਲਾਂ ਕਿ ਅਸਾਂ ਸੀਰੀਆ ਨੂੰ ਹੱਥਿਆਰਾਂ ਸਮੇਤ ਆਰਮੀ ਦੀ ਟਰੇਨਿੰਗ ਵਿੱਚ ਮੱਦਦ ਕੀਤੀ ਹੈ।