ਤਲਵੰਡੀ ਸਾਬੋ – ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਸਹਿਯੋਗ ਸਦਕਾ ‘ਗਰੀਨ ਤਕਨਾਲੌਜੀ’ ਵਿਸ਼ੇ ਤੇ ਇਕ ਸੈਮੀਨਾਰ ਕਰਵਾਇਆ ਗਿਆ। ਇਸ ਸੈਮੀਨਾਰ ਦੌਰਾਨ ਪਾਵਰ ਪਲਾਂਟ ਦੇ ਮਾਹਿਰਾਂ ਨੇ ਇੰਜੀਨੀਅਰਿੰਗ ਵਿਸ਼ੇ ਦੇ 300 ਤੋਂ ਵਧੇਰੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਤਲਵੰਡੀ ਸਾਬੋ ਪਾਵਰ ਲਿਮਿਟਡ ਦੇ ਕੰਮਕਾਜੀ ਅਤੇ ਰੱਖ ਰਖਾਵ ਸੰਬੰਧੀ ਮਾਮਲਿਆਂ ਦੇ ਮੁਖੀ ਸ਼੍ਰੀ ਚੇਤਨ ਸ਼੍ਰੀਵਾਸਤਵ ਨੇ ਕੁੰਜੀਵਤ ਬੁਲਾਰੇ ਦੀ ਭੂਮਿਕਾ ਨਿਭਾਈ। ਉਨ੍ਹਾਂ ਦੇ ਨਾਲ ਸ਼੍ਰੀ ਵਰੁਣ ਕੌਸ਼ਲ, ਡਾ. ਵਿਸ਼ਾਲ, ਸ਼੍ਰੀ ਸੁਧੀਰ, ਸ਼੍ਰੀ ਨਰਸਿਮਹਾ ਬਾਲਾ ਜੀ ਅਤੇ ਸ਼੍ਰੀ ਅਵਿਨਾਸ਼ ਕੁਮਾਰ ਨੇ ਸਾਥ ਦਿੱਤਾ।
ਪਾਵਰ ਲਿਮਿਟਡ ਦੀ ਟੀਮ ਨੇ ਘਰਾਂ ਅਤੇ ਉਦਯੋਗਾਂ ਵਿਚ ਵਰਤੀਆਂ ਜਾਣ ਵਾਲੀਆਂ ਗੈਸਾਂ ਦੇ ਮਾੜੇ ਪ੍ਰਭਾਵਾਂ ਨੂੰ ਰੋਕ ਕੇ ਪ੍ਰਦੂਸ਼ਣ ਰਹਿਤ ਹਰਾ-ਭਰਿਆ ਵਾਤਾਵਰਣ ਬਣਾਉਣ ਸੰਬੰਧੀ ਵਡਮੁੱਲੀ ਜਾਣਕਾਰੀ ਵਿਦਿਆਰਥੀਆਂ ਨਾਲ ਸਾਂਝੀ ਕੀਤੀ। ਇਸਦੇ ਨਾਲ-ਨਾਲ ਵਿਦਿਆਰਥੀਆਂ ਨੂੰ ਉਦਯੋਗਿਕ ਜਗਤ ਦੀਆਂ ਕਸੌਟੀਆਂ ਉਪਰ ਖਰੇ ਊੱਤਰਨ ਸੰਬੰਧੀ ਮੱਦਦਗਾਰੀ ਨੁਕਤਿਆਂ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ। ਪਾਵਰ ਲਿਮਿਟਡ ਦੀ ਸਮੁੱਚੀ ਟੀਮ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਅਧਿਕਾਰੀਆਂ ਦਾ ਪਾਵਰ ਲਿਮਿਟਡ ਬਨਾਂਵਾਲੀ ਵਿਖੇ ਬੀਤੇ ਦਿਨੀਂ ਰੁੱਖ ਲਗਾਉ ਮੁਹਿੰਮ ਵਿਚ ਯੋਗਦਾਨ ਲਈ ਧੰਨਵਾਦ ਕੀਤਾ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਦਯੋਗਿਕ ਮਾਮਲਿਆਂ ਦੇ ਡਾਇਰੈਕਟਰ ਪ੍ਰੋ. ਮਹਿਬੂਬ ਸਿੰਘ ਗਿੱਲ ਨੇ ਪਾਵਰ ਲਿਮਿਟਡ ਦੇ ਅਧਿਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਨੇੜਲੇ ਭਵਿੱਖ ਵਿਚ ਯੂਨੀਵਰਸਿਟੀ ਕੈਂਪਸ ਵਿਖੇ ਉਦਯੋਗਿਕ ਘਰਾਣਿਆਂ ਵੱਲੋਂ ਵਿਦਿਆਰਥੀਆਂ ਲਈ ਹੋਰ ਵਧੇਰੇ ਲਾਭਕਾਰੀ ਸੈਮੀਨਾਰਾਂ ਅਤੇ ਵਰਕਸ਼ਾਪਾਂ ਦਾ ਆਯੋਜਨ ਕੀਤਾ ਜਾਵੇਗਾ । ਸਮੁੱਚੀ ਕਾਰਵਾਈ ਵਿਚ ਪ੍ਰੋ. ਅਰਸ਼ਦੀਪ ਸਿੰਘ (ਟੀ ਪੀ ਓ) ਨੇ ਸ਼ਲਾਘਾਯੋਗ ਭੂਮਿਕਾ ਨਿਭਾਈ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਟ੍ਰੇਨਿੰਗ ਅਤੇ ਪਲੇਸਮੈਂਟ ਵਿਭਾਗ ਦੇ ਇਸ ਉੱਦਮ ਦੀ ਸ਼ਲਾਘਾ ਕੀਤੀ ਅਤੇ ਨਾਲ ਹੀ ਭਵਿੱਖ ਅਜਿਹੀਆਂ ਹੋਰ ਗਤੀਵਿਧੀਆਂ ਕਰਵਾਉਣ ਦਾ ਭਰੋਸਾ ਦਿਵਾਇਆ ਜੋ ਕਿ ਵਿਦਿਆਰਥੀਆਂ ਨੂੰ ਹੱਥੀਂ ਕੰਮਕਾਜ ਦੇ ਹੋਰ ਧਨੀ ਬਣਾਉਣ ਵਿਚ ਸਹਾਇਕ ਹੋਣਗੀਆਂ।