ਨਵੀਂ ਦਿੱਲੀ : ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਪੁਰਬ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਰਾਤ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤੇ ਸਵੇਰ ਦੇ ਵਿਸ਼ੇਸ਼ ਦੀਵਾਨ ਗੁਰਦੁਆਰਾ ਮੋਤੀ ਬਾਗ ਸਾਹਿਬ ਵਿਖੇ ਸਜਾਏ ਗਏ ਜਿਸ ਵਿੱਚ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰਬਾਣੀ ਕੀਰਤਨ ਅਤੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਖਾਲਸਾ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਤੇ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਭਾਈ ਜਸਬੀਰ ਸਿੰਘ ਰੋਡੇ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ।
ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਰਾਤ ਦੇ ਦੀਵਾਨ ਵਿੱਚ ਸੰਗਤਾਂ ਨੂੰ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਏਜੰਸੀਆਂ ਵੱਲੋਂ ਕੌਮ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਵਰਤੇ ਜਾ ਰਹੇ ਹੱਥਕੰਡਿਆਂ ਤੋਂ ਸੰਗਤਾਂ ਨੂੰ ਸੁਚੇਤ ਕੀਤਾ। ਜੀ।ਕੇ। ਨੇ ਕਿਹਾ ਕਿ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਜਿਸ ਸੱਚ ਦੇ ਮਾਰਗ ’ਤੇ ਪਹਿਰਾ ਦਿੰਦੇ ਹੋਏ ਜੀਵਨ ਦੀ ਜਾਚ ਸਿਖਾਉਣ ਵਾਲੀ ਗੁਰਬਾਣੀ ਨੂੰ ਇਕੱਤਰ ਕਰਕੇ ਜਾਤ-ਪਾਤ, ਧਰਮਾਂ ਦੇ ਭੇਦ-ਭਾਵ ਨੂੰ ਮਿਟਾਉਂਦੇ ਹੋਏ ਸਿਰਫ ਇੱਕ ਅਕਾਲ ਪੁਰਖ ਦੀ ਬੰਦਗੀ ਦਾ ਸੁਨੇਹਾ ਦਿੰਦੇ ਹੋਏ ਜੋ ਸੰਪਾਦਨਾ ਕੀਤੀ ਸੀ ਉਹ ਵਕਤ ਦੀਆਂ ਹਕੂਮਤਾਂ ਨੂੰ ਮਨਜ਼ੂਰ ਨਹੀਂ ਹੋਈ। ਜੀ।ਕੇ। ਨੇ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਪਿੱਛੇ ਬਾਣੀ ਦੀ ਸੰਪਾਦਨਾ ਨੂੰ ਵੀ ਇੱਕ ਮੁੱਖ ਕਾਰਨ ਦੱਸਿਆ।
ਜੀ.ਕੇ. ਨੇ ਸਿੱਖਿਆ ਦੇ ਭਾਰਤੀਕਰਣ ਦੇ ਨਾਮ ’ਤੇ ਕੁੱਝ ਪੁਰਾਤਨ ਧਰਮਾਂ ਗ੍ਰੰਥਾਂ ਨੂੰ ਸਕੂਲੀ ਸਿੱਖਿਆ ਦਾ ਹਿੱਸਾ ਬਣਾਉਣ ਵਾਸਤੇ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੇ ਖਿਲਾਫ ਬਿਨ੍ਹਾਂ ਕੁੱਝ ਵਿਵਾਦਿਤ ਸ਼ਬਦ ਬੋਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਤੋਂ ਊਚ-ਨੀਚ ਅਤੇ ਧਰਮਾਂ ਦੇ ਵਿਚਕਾਰਦੇ ਭੇਦ ਨੂੰ ਦੂਰ ਕਰਦੇ ਹੋਏ ਸਿਰਫ ਮਨੁੱਖਤਾ ਦੀ ਸੇਵਾ ਦਾ ਸਮਾਜ ਸਿਰਜਣ ਦੀ ਨਿਵੇਕਲੀ ਤਾਕਤ ਹੋਣ ਦਾ ਵੀ ਦਾਅਵਾ ਕੀਤਾ। ਸਮੂਹ ਸੰਗਤਾਂ ਨੂੰ ਬਾਣੀ ਅਤੇ ਬਾਣੇ ਨਾਲ ਜੁੜਨ ਦੀ ਸਲਾਹ ਦਿੰਦੇ ਹੋਏ ਜੀ.ਕੇ. ਨੇ ਬਾਲਾ ਸਾਹਿਬ ਹਸਪਤਾਲ ਦੇ ਕਾਨੂੰਨੀ ਸ਼ਿਕੰਜੇ ਤੋਂ ਬਾਹਰ ਨਿਕਲਣ ਦਾ ਸਿਹਰਾ ਸੰਗਤਾਂ ਦੀਆਂ ਅਰਦਾਸਾਂ ਦੇ ਸਿਰ ਬੰਨ੍ਹਿਆ। ਗਰੀਬਾਂ ਅਤੇ ਲੋੜਵੰਦਾਂ ਦੇ ਇਲਾਜ ਲਈ ਦਿੱਲੀ ਕਮੇਟੀ ਦੇ ਪ੍ਰਬੰਧਾਂ ਹੇਠ ਉਕਤ ਹਸਪਤਾਲ ਨੂੰ ਚਲਾਉਣ ਦਾ ਜੀ. ਕੇ. ਨੇ ਦਾਅਵਾ ਕੀਤਾ।
ਸਿਰਸਾ ਨੇ ਕੌਮ ਨੂੰ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ।ਐਸ।ਆਈ। ਵੱਲੋਂ ਪੰਜਾਬ ’ਚ ਸਮੂੰਹ ਧਰਮਾਂ ਦੀ ਆਪਸੀ ਸਾਂਝ ਨੂੰ ਤਾਰ-ਤਾਰ ਕਰਨ ਵਾਸਤੇ ਆਪਣੇ ਏਜੰਟਾਂ ਦੀ ਮਾਰਫਤ ਸ਼ੋਸਲ ਮੀਡੀਆ ’ਤੇ ਸਿੱਖਾਂ ਦੇ ਖਿਲਾਫ ਭੰਡੀ ਪ੍ਰਚਾਰ ਕਰਨ ਦਾ ਵੀ ਦੋਸ਼ ਲਗਾਇਆ। ਸਿਰਸਾ ਨੇ ਏਜੰਸੀਆਂ ਦੇ ਇਸ ਭੰਡੀ ਪ੍ਰਚਾਰ ਦੇ ਖਿਲਾਫ ਸਿੱਖਾਂ ਨੂੰ ਕਿਸੇ ਵੀ ਵਿਵਾਦਿਤ ਪੋਸਟ ਨੂੰ ਫੇਸਬੁੱਕ ਅਤੇ ਵਟਸਐਪ ਰਾਹੀਂ ਸੇਅਰ ਕਰਨ ਦੀ ਥਾਂ ’ਤੇ ਉਸੇ ਪੋਸਟ ਉਪਰ ਡੱਟਕੇ ਕੌਮ ਦੇ ਉਸਾਰੂ ਪੱਖ ਨੂੰ ਰੱਖਣ ਦੀ ਸਲਾਹ ਦਿੱਤੀ। ਸਿਰਸਾ ਨੇ ਕਿਹਾ ਕਿ ਕੌਮ ਦੇ ਖਿਲਾਫ ਹੋਣ ਵਾਲੇ ਭੰਡੀ ਪ੍ਰਚਾਰ ਨੂੰ ਜਦੋਂ ਅਸੀਂ ਖੁਦ ਸੇਅਰ ਕਰਦੇ ਹਾਂ ਤਾਂ ਵਿਰੋਧੀਆਂ ਦਾ ਮਨਸੂਬਾ ਕਾਮਯਾਬ ਕਰਨ ਦੀ ਕੁਹਾੜੀ ਦਾ ਦਸਤਾ ਵੀ ਅਸੀਂ ਆਪ ਬਣ ਜਾਂਦੇ ਹਾਂ।ਇਸ ਰੁਝਾਨ ਤੋਂ ਬਚਣ ਲਈ ਸਿਰਸਾ ਨੇ ਉਸੇ ਪੋਸਟ ਤੇ ਕੌਮ ਦੇ ਮਾਣਮੱਤੇ ਇਤਿਹਾਸ ਨਾਲ ਸੰਬੰਧਿਤ ਸਵਾਲਾਂ ਦੀ ਝੜੀ ਲਗਾ ਕੇ ਨੌਜਵਾਨਾਂ ਨੂੰ ਭੰਡੀ ਪ੍ਰਚਾਰ ਦੇ ਖਿਲਾਫ਼ ਹਮਲਾ ਕਰਨ ਦਾ ਵੀ ਨੁਕਤਾ ਦਿੱਤਾ।