ਫਤਿਹਗੜ੍ਹ ਸਾਹਿਬ – “ਯੂ ਐਨ ਓ ਦੀ ਸਿਕਿਓਰਿਟੀ ਕਾਉਂਸਿਲ ਨੇ 1948 ਵਿਚ ਜੋ ਸਰਬ ਸੰਮਤੀ ਨਾਲ ਮਤਾ ਪਾਸ ਕਰਦੇ ਹੋਏ ਪੂਰੇ ਕਸ਼ਮੀਰ ਦੀ ਰਾਇ-ਸ਼ੁਮਾਰੀ (Plebiscite) ਕਰਵਾਉਣ ਸੰਬੰਧੀ ਹਿਦਾਇਤ ਕੀਤੀ ਸੀ, ਉਸ ਵਿਚ ਇਕੱਲੇ ਮਕਬੂਜਾ ਕਸ਼ਮੀਰ ਦੀ ਗੱਲ ਨਹੀਂ ਸੀ ਕੀਤੀ ਬਲਕਿ ਸਮੁੱਚੇ ਕਸ਼ਮੀਰ ਭਾਵੇਂ ਉਹ ਹਿੰਦੋਸਤਾਨ ਦੇ ਕਬਜ਼ੇ ਅਧੀਨ ਹੈ , ਭਾਵੇਂ ਉਹ ਪਾਕਿਸਤਾਨ। ਲੇਕਿਨ ਹਿੰਦੂਤਵ ਹੁਕਮਰਾਨਾਂ ਦੀ ਮੌਜੂਦਾ ਮੋਦੀ ਹਕੂਮਤ ਵਿਚ ਗ੍ਰਹਿ ਵਜੀਰ ਸ਼੍ਰੀ ਰਾਜਨਾਥ ਸਿੰਘ ਵੱਲੋਂ ਇਹ ਕਹਿਣਾ ਕਿ ਉਹ ਕਸ਼ਮੀਰ ਦੀ ਕੋਈ ਗੱਲ ਨਹੀਂ ਕਰਨਗੇ, ਜੇਕਰ ਮਕਬੂਜਾ ਕਸ਼ਮੀਰ ਦੀ ਗੱਲ ਕਰਨਾ ਚਾਹੁੰਦੇ ਹਨ ਤਾਂ ਅਸੀਂ ਗੱਲਬਾਤ ਲਈ ਤਿਆਰ ਹਾਂ, ਅਜਿਹੀ ਬਿਆਨਬਾਜ਼ੀ ਕੇਵਲ ਸਮੁੱਚੇ ਸੰਸਾਰ ਦੇ ਲੋਕਾਂ ਨੂੰ ਹੀ ਗੁੰਮਰਾਹ ਕਰਨ ਵਾਲੀ ਹੀ ਨਹੀਂ ਬਲਕਿ ਸਮੁੱਚੇ ਦੇਸ਼ਾਂ ਦੀ ਸਾਂਝੀ ਜਥੇਬੰਦੀ ਯੂ ਐਨ ਓ ਦੀ ਸਿਕਿਓਰਿਟੀ ਕਾਉਂਸਿਲ ਵੱਲੋਂ 1948 ਵਿਚ ਸਮੁੱਚੇ ਕਸ਼ਮੀਰ ਸੰਬੰਧੀ ਰਾਇ ਸ਼ੁਮਾਰੀ ਕਰਵਾਉਣ ਦੇ ਪਾਸ ਕੀਤੇ ਗਏ ਮਤੇ ਦੀ ਤੌਹੀਨ ਕਰਨ ਦੇ ਤੁੱਲ ਅਮਲ ਵੀ ਹਨ। ਜੋ ਹਿੰਦੂਤਵ ਹੁਕਮਰਾਨਾਂ ਦਾ ਗੈਰਜਿੰਮੇਵਾਰਾਨਾਂ ਅਤੇ ਏਸ਼ੀਆ ਖਿੱਤੇ ਦੇ ਅਮਨ ਚੈਨ ਨੂੰ ਵੀ ਡੂੰਘੀ ਠੇਸ ਪਹੁੰਚਾਉਣ ਵਾਲਾ ਅਤੇ ਮਨੁੱਖਤਾ ਮਾਰੂ ਪ੍ਰਮਾਣੂੰ ਜੰਗ ਨੂੰ ਸੱਦਾ ਦੇਣ ਵਾਲੇ ਖਤਰਨਾਕ ਅਮਲ ਹਨ। ਜਿਸ ਦੀ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਪੁਰਜੋਰ ਸ਼ਬਦਾਂ ਵਿਚ ਨਿਖੇਧੀ ਕਰਦਾ ਹੈ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ਼੍ਰੀ ਰਾਜਨਾਥ ਸਿੰਘ ਅਤੇ ਹਿੰਦੂਤਵ ਹੁਕਮਰਾਨਾ ਨੂੰ ਯੂ ਐਨ ਓ ਸਿਕਿਓਰਿਟੀ ਕਾਉਂਸਿਲ ਦੇ 1948 ਦੇ ਪਾਸ ਕੀਤੇ ਗਏ ਕਸ਼ਮੀਰ ਦੀ ਰਾਇ ਸ਼ੁਮਾਰੀ ਕਰਾਉਣ ਦੇ ਮਤੇ ਦੀ ਭਾਵਨਾ ਨੂੰ ਪ੍ਰਤੱਖ ਰੂਪ ਵਿਚ ਸਪੱਸ਼ਟ ਕਰਦੇ ਹੋਏ ਅਤੇ ਹਿੰਦੂਤਵ ਹੁਕਮਰਾਨਾ ਦੀਆਂ ਮੰਦਭਾਵਨਾਂਵਾਂ ਨੂੰ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਹਿੰਦੋਸਤਾਨ ਦੇ ਹੁਕਮਰਾਨਾ ਵੱਲੋਂ ਅੱਜਤੱਕ ਕੌਮਾਂਤਰੀ ਸੰਧੀਆਂ ਐਨ ਪੀ ਟੀ ਅਤੇ ਸੀ ਟੀ ਬੀ ਟੀ ਅਤੇ ਹੋਰ ਸਮਾਜ ਦੀ ਬੇਹਤਰੀ ਵਾਲੀਆਂ ਕੌਮਾਂਤਰੀ ਸੰਧੀਆਂ ਉਤੇ ਦਸਤਖ਼ਤ ਨਾ ਕਰਨ ਦੇ ਅਮਲ ਖੁਦ ਬਾ ਖੁਦ ਜਾਹਰ ਕਰਦੇ ਹਨ ਕਿ ਇਹ ਹੁਕਮਰਾਨ ਹੀ ਅਮਨ ਚੈਨ ਅਤੇ ਜਮਹੂਰੀਅਤ ਕਦਰਾਂ ਕੀਮਤਾਂ ਦਾ ਘਾਣ ਕਰਨ ਵਾਲੇ ਹਨ। ਜੋ ਸ਼੍ਰੀ ਰਾਜਨਾਥ ਸਿੰਘ ਨੇ ਕੇਵਲ ਮਕਬੂਜਾ ਕਸ਼ਮੀਰ ਦੀ ਗੱਲ ਕਰਦੇ ਹੋਏ ਬਿਆਨਬਾਜੀ ਕੀਤੀ ਹੈ, ਇਹ ਵੀ ਯੂ ਐਨ ਓ ਵਰਗੀ ਕੌਮਾਂਤਰੀ ਸੰਸਥਾ ਦੇ ਨਿਯਮਾਂ ਅਤੇ ਅਸੂਲਾਂ ਨੂੰ ਪਿੱਠ ਦੇਣ ਵਾਲੀ ਹੈ। ਜਦੋ ਕਿ ਸਮੁੱਚੇ ਏਸ਼ੀਆਂ ਖਿੱਤੇ ਜਾਂ ਸੰਸਾਰਿਕ ਪੱਧਰ ਉਤੇ ਅਮਨ ਚੈਨ ਅਤੇ ਜਮਹੂਰੀਅਤ ਅਮਲਾਂ ਨੂੰ ਕਾਇਮ ਕਰਨ ਹਿੱਤ ਇਹ ਜਰੂਰੀ ਹੈ ਕਿ ਕੌਮਾਂਤਰੀ ਸੰਧੀਆਂ, ਕੌਮਾਂਤਰੀ ਕਾਨੂੰਨਾਂ, ਅਸੂਲਾਂ ਅਤੇ ਨਿਯਮਾਂ ਦਾ ਇਮਾਨਦਾਰੀ ਨਾਲ ਪਾਲਣ ਕਰਦੇ ਹੋਏ ਅਮਲੀ ਰੂਪ ਵਿਚ ਉਹਨਾਂ ਉਤੇ ਪਹਿਰਾ ਦਿੱਤਾ ਜਾਵੇ। ਜੋ ਹਿੰਦੂਤਵ ਹੁਕਮਰਾਨ ਗਵਾਂਢੀ ਮੁਲਕਾਂ ਪਾਕਿਸਤਾਨ ਜਾਂ ਚੀਨ ਨਾਲ ਇਲਾਕਾਈ ਝਗੜੇ ਹਨ, ਊਹਨਾਂ ਦਾ ਕੌਮਾਂਤਰੀ ਕਾਨੂੰਨਾਂ ਅਧੀਨ ਟੇਬਲ ਟਾਕ ਦੇ ਢੰਗ ਰਾਹੀਂ ਹੀ ਸਹੀ ਹੱਲ ਲੱਭਿਆ ਜਾ ਸਕਦਾ ਹੈ। ਅਜਿਹਾ ਕਰਕੇ ਹੀ ਸਿੱਖ ਵੱਸੋਂ ਵਾਲੇ ਇਲਾਕਿਆਂ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ ਕਸ਼ਮੀਰ, ਲੇਹ ਲੱਦਾਖ, ਗੁਜਰਾਤ ਦੇ ਕੱਛ ਨੂੰ ਪ੍ਰਮਾਣੂੰ ਜੰਗਾਂ ਤੋਂ ਦੂਰ ਰੱਖਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਸ਼ਮੀਰ ਵਰਗੇ ਅਤੇ ਖਾਲਿਸਤਾਨ ਵਰਗੇ ਕੌਮਾਂਤਰੀ ਮਸਲਿਆਂ ਨੂੰ ਸਦਭਾਵਨਾ ਅਤੇ ਗੱਲਬਾਤ ਦੇ ਰਾਹੀਂ ਹੱਲ ਕਰਨ ਦੇ ਹੱਕ ਵਿਚ ਹੈ ਨਾ ਕਿ ਹਿੰਦੂਤਵ ਹੁਕਮਰਾਨਾ ਵੱਲੋਂ ਗਵਾਂਢੀ ਮੁਲਕ ਪਾਕਿਸਤਾਨ ਨਾਲ ਜੰਗ ਲਗਾਉਣ ਦੇ ਦਗਮਜ਼ੇ ਮਾਰ ਕੇ ਏਸ਼ੀਆ ਖਿੱਤੇ ਦੇ ਮਹੌਲ ਨੂੰ ਵਿਸਫੋਟਕ ਬਣਾਉਣ ਦੇ ਹੱਲ ਵਿਚ ਹੈ। ਉਹਨਾਂ ਕਿਹਾ ਕਿ ਅਸੀਂ ਕੌਮਾਂਤਰੀ ਸੰਧੀਆਂ , ਕਾਨੂੰਨਾਂ ਦਾ ਪੂਰਾ ਸਤਿਕਾਰ ਆਦਰ ਕਰਦੇ ਹਾਂ। ਇਹਨਾਂ ਦੇ ਵਲਗਣ ਵਿਚ ਰਹਿ ਕੇ ਹੀ ਹਿੰਦ ਪਾਕਿ ਅਤੇ ਚੀਨ ਏਸ਼ੀਆ ਖਿੱਤੇ ਨੂੰ ਸਥਾਈ ਤੌਰ ‘ਤੇ ਜੰਗ ਤੋ ਰਹਿਤ ਕਰ ਸਕਦੇ ਹਨ।
ਉਹਨਾਂ ਕਿਹਾ ਕਿ ਜੇਕਰ ਕੌਮਾਂਤਰੀ ਸੰਧੀਆਂ , ਕਾਨੂੰਨਾਂ ਅਤੇ ਨਿਯਮਾਂ ਨੂੰ ਤੋੜ ਕੇ ਹਿੰਦੂਤਵ ਹੁਕਮਰਾਨਾ ਨੇ ਗਵਾਂਢੀ ਮੁਲਕਾਂ ਨਾਲ ਮੰਦਭਾਵਨਾ ਅਧੀਨ ਜੰਗ ਯੁੱਧ ਲਗਾਉਣ ਦੀ ਗੁਸਤਾਖੀ ਕੀਤੀ ਤਾਂ ਸਮੁੱਚੀ ਸਿੱਖ ਕੌਮ ਜੋ ਇਥੇ ਸਥਾਈ ਤੌਰ ‘ਤੇ ਅਮਨ ਚੈਨ ਚਾਹੁੰਦੀ ਹੈ, ਉਹ ਹਿੰਦੂਤਵ ਹੁਕਮਰਾਨਾ ਅਤੇ ਹਿੰਦ ਫੌਜ ਦਾ ਬਿਲਕੁਲ ਸਾਥ ਨਹੀਂ ਦੇਵੇਗੀ। ਊਹਨਾਂ ਇਸ ਗੱਲ ‘ਤੇ ਵੀ ਹੈਰਾਨੀ ਪ੍ਰਗਟ ਕੀਤੀ ਕਿ ਪਾਕਿਸਤਾਨ ਨੂੰ ਤਾਂ ਨਿੱਤ ਦਿਹਾੜੇ ਜੰਗ ਲਗਾਉਣ ਦੀਆਂ ਧਮਕੀਆਂ ਅਤੇ ਦਗਮਜੇ ਮਾਰੇ ਜਾ ਰਹੇ ਹਨ ਅਤੇ ਜਿਸ ਚੀਨ ਮੁਲਕ ਨੇ ਇਹਨਾਂ ਦਾ 40 ਹਜਾਰ ਸਕੇਅਰ ਕਿਲੋਮੀਟਰ ਇਲਾਕਾ ਆਪਣੇ ਅਧੀਨ ਕੀਤਾ ਹੋਇਆ ਹੈ, ਉਸ ਇਲਾਕੇ ਨੂੰ ਪ੍ਰਾਪਤ ਕਰਨ ਲਈ ਤਾਂ ਇਹਨਾਂ ਨੇ ਕਦੀ ਚੀਨ ਵੱਲ ਅੱਖ ਚੱਕ ਕੇ ਵੀ ਨਹੀਂ ਵੇਖੀ ਅਤੇ ਸਿੱਖ ਵੱਸੋਂ ਵਾਲੇ ਇਲਾਕਿਆਂ ਨੂੰ ਇਕ ਸਾਜਿਸ਼ ਅਧੀਨ ਜੰਗ ਵੱਲ ਧਕੇਲ ਕੇ ਜੋ ਹਿੰਦੂਤਵ ਹੁਕਮਰਾਨ ਆਪਣੇ ਮਕਸਦ ਨੂੰ ਪੂਰਾ ਕਰਨਾ ਚਾਹੁੰਦੇ ਹਨ, ਸਿੱਖ ਕੌਮ ਅਜਿਹਾ ਕਤਈ ਨਹੀਂ ਹੋਣ ਦੇਵੇਗੀ। ਇਹਨਾਂ ਨੂੰ ਗਵਾਂਢੀ ਮੁਲਕ ਪਾਕਿ ਨਾਲ ਜੰਗ ਲਗਾਉਣ ਦੀਆਂ ਗੱਲਾਂ ਕਰਕੇ ਪਾਕਿਸਤਾਨ ਦੇ ਦੋਸਤ ਮੁਲਕ ਦੀ ਡੂੰਘੀ ਦੋਸਤੀ ਨੂੰ ਵੀ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਅਤੇ ਨਾ ਹੀ ਅਜਿਹੀਆਂ ਮਨੁੱਖਤਾ ਮਾਰੂ ਸਾਜਿਸ਼ਾਂ ਰਚਣੀਆਂ ਚਾਹੀਦੀਆਂ ਹਨ। ਬਲਕਿ ਕੌਮਾਂਤਰੀ ਸੰਧੀਆਂ, ਨਿਯਮਾਂ ਅਤੇ ਯੂ ਐਨ ਓ ਦੇ ਮਤਿਆਂ ਉਤੇ ਪਹਿਰਾ ਦੇ ਕੇ ਅਮਨ ਚੈਨ ਅਤੇ ਜਮਹੂਰੀਅਤ ਦਾ ਸਥਾਈ ਤੌਰ ‘ਤੇ ਬੋਲਬਾਲਾ ਕਰਨ ਵਿਚ ਹੀ ਮੁੱਖ ਭੂਮਿਕਾ ਨਿਭਾਊਣੀ ਚਾਹੀਦੀ ਹੈ।