ਜਿੱਦਣ ਅਸੀਂ ਵੀ ਅਮੀਰ ਹੋ ਗਏ
ਤੇਰੇ ਮਹਿਲਾਂ ਕੋਲ ਦੀ ਜਰੂਰ ਲੰਘਾਂਗੇ
ਇਹ ਦੁਨੀਆਂ ਹੀ ਏਦਾਂ ਦੀ ਹੈ-
ਜਿੱਥੇ ਤੂੰ ਵਸਦੀ ਏਂ-
ਏਥੇ ਅਮੀਰ ਵਜੂਦ ਤਾਂ ਹੋਣਗੇ
ਦਿੱਲ ਦਰਿਆ ਨਹੀਂ ਹੋਣੇ-
ਹਿੱਕਾਂ ਨਦੀਆਂ ਨਹੀਂ ਹੋਣੀਆਂ-
ਸਾਡੇ ਟਿਕਾਣੇ ਦੇਖ
ਸਤਲੁਜ ਜਾਂ ਝਨ੍ਹਾਂ ਦੇ ਕਿਨਾਰੇ
ਜੋ ਦੁਨੀਆਂ ਦੇ ਸਹਾਰੇ-
ਮੇਰਾ ਕੀ ਨਾਂ ਪੁੱਛਦੀ ਏਂ
ਗਰੀਬਾਂ ਦੇ ਨਾਂ ਨਹੀਂ ਹੁੰਦੇ-
ਤੇ ਨਾ ਹੀ ਕੋਈ ਥਾਂ ਹੁੰਦੇ ਨੇ-
ਤੂੰ ਸਾਂਭ ਕੇ ਰੱਖੀਂ
ਆਪਣੇ ਘਰ ਮਹਿਲ ਦਾ ਸਿਰਨਾਵਾਂ
ਅਸੀਂ ਕੀ ਸਾਂਭਣਾ-
ਸਾਨੂੰ ਤਾਂ ਨਾ ਕੋਈ ਖ਼ਤ ਆਵੇ
ਤੇ ਨਾ ਹੀ ਕੋਈ ਪੁੱਛੇ ਪਤਾ ਘਰ ਦਾ-
ਤੂੰ ਕੀ ਜਾਣੇ ਭੋਲੀਏ-
ਸਾਡੇ ਤਾਂ ਨਾ ਘਰ
ਨਾ ਹੀ ਸਿਰਨਾਵੇਂ
ਕਿਸੇ ਬੇਘਰੇ ਨੂੰ ਕਦੇ ਸਿਰਨਾਵਾਂ ਨਾ ਪੁੱਛੀਂ
ਬੇਘਰਿਆਂ ਦੇ ਸਿਰਨਾਵੇਂ ਨਹੀਂ ਹੁੰਦੇ-
ਤੂੰ ਸਿਰਨਾਵੇਂ ਸਾਂਭਦੀ ਰਹੀਂ
ਸਾਨੂੰ ਕੁਝ ਵੀ ਨਾ ਗੁਆਚਣ ਦਾ ਖੌਫ਼
ਸਾਡੇ ਕੋਲ ਤਾਂ ਸੋਹਣੀਏ ਹਰਫ਼ ਹੁੰਦੇ ਨੇ
ਕਦੇ ਰੋਂਦੇ ਤੇ ਕਦੇ ਹੱਸਦੇ
ਕਦੇ ਅਸੀਂ ਹਰਫਾਂ ਨੂੰ ਫੁੱਲ ਬਣਾ ਲਈਦਾ
ਤੇ ਕਦੇ 2 ਸਿਰਨਾਵਾਂ ਜਾਂ ਗੀਤ
ਜੇ ਕਿਤੇ ਲੱਭਣਾ ਹੋਇਆ ਤਾਂ
ਮੈਨੂੰ ਮੇਰੇ ਗੀਤਾਂ ਚੋਂ ਲੱਭ ਲਈਂ
ਇਹਨਾਂ ਗੀਤਾਂ ਨੂੰ ਗਾ
ਜਾਂ ਇਹਨਾਂ ਨੂੰ ਹੀ ਓੜ
ਵਕਤ ਅਗਾਂਹ ਤੋਰ ਲਈਦਾ
ਜਿੱਥੋਂ ਕਿਤਿਓਂ ਉੱਧੜਿਆ ਸੀਨਾ ਜੋੜ ਲਈਦਾ
ਅਸੀਂ ਕੀ ਲੈਣਾ ਸਿਰਨਾਵਿਆਂ ਤੋਂ