ਨਵੀ ਦਿਲੀ- ਦੇਸ਼ ਵਿਚ ਨਕਸਲਵਾਦ, ਅਤਵਾਦ ਅਤੇ ਸੰਪਰਦਾਇਕਤਾ ਤੇ ਚਿੰਤਾ ਜਾਹਿਰ ਕਰਦੇ ਹੋਏ ਪ੍ਰਧਾਨਮੰਤਰੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਵਿਚ ਜਿਆਦਾ ਪੁਲਿਸ ਅਧਿਕਾਰੀਆਂ ਨੂੰ ਤੈਨਾਤ ਕਰਨ ਦੀ ਵਕਾਲਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਅੰਦਰੂਨੀ ਸੁਰਖਿਆ ਦੀਆਂ ਚੁਣੌਤੀਆਂ ਨਾਲ ਨਿਪਟਣ ਦੀਆਂ ਯੋਜਨਾਂਵਾ ਬਣਾਉਣ ਵਿਚ ਅਨੁਭਵੀ ਅਧਿਕਾਰੀਆਂ ਦਾ ਸਹਿਯੋਗ ਮਿਲੇਗਾ। ਦੇਸ਼ ਦੀ ਅੰਦਰੂਨੀ ਸੁਰਖਿਆ ਲਈ ਕਾਰਜਸ਼ੀਲ ਯੋਜਨਾਂਵਾ ਬਣਾਉਣ ਵਿਚ ਪੁਲਿਸ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਪ੍ਰਧਾਨ ਮੰਤਰੀ ਨੇ ਪੁਲਿਸ ਸੰਮੇਲਨ ਵਿਚ ਇਸ ਗੱਲ ਦੇ ਸੰਕੇਤ ਦਿਤੇ। ਪ੍ਰਧਾਮੰਤਰੀ ਨੇ ਪੁਲਿਸ ਨਾਲ ਜੁੜੀਆਂ ਕਨੂੰਨੀ ਸਮਸਿਆਵਾਂ ਤੇ ਕੇਂਦਰ ਨੂੰ ਸੁਝਾਅ ਦੇਣ ਲਈ ਡੀਜੀਪੀ ਦੀ ਇਕ ਕਮੇਟੀ ਬਣਾਉਣ ਦਾ ਵਿਚਾਰ ਦਿਤਾ।
ਪ੍ਰਧਾਨਮੰਤਰੀ ਨੇ ਨਕਸਲਵਾਦ ਨੂੰ ਦੇਸ਼ ਲਈ ਸਭ ਤੋਂ ਵਡੀ ਚੁਣੌਤੀ ਦਸਦਿਆਂ ਹੋਇਆ ਕਿਹਾ ਕਿ ਇਸ ਨਾਲ ਨਿਪਟਣ ਲਈ ਹੁਣ ਤਕ ਕੀਤੇ ਗਏ ਯਤਨ ਸਾਰਥਕ ਸਾਬਿਤ ਨਹੀ ਹੋਏ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੁਲਿਸ ਨੂੰ ਸਮੇ ਸਿਰ ਕਾਰਵਾਈ ਕਰਨੀ ਚਾਹੀਦੀ ਹੈ। ਸੰਪਰਦਾਇਕ ਹਿੰਸਾ ਵਿਚ ਪੁਲਿਸ ਨੂੰ ਮੂਕ ਦਰਸ਼ਕ ਬਣਕੇ ਨਹੀ ਰਹਿਣਾ ਚਾਹੀਦਾ, ਸਗੋਂ ਕਾਰਵਾਈ ਕਰਨੀ ਚਾਹੀਦੀ ਹੈ। ਮਨਮੋਹਨ ਸਿੰਘ ਨੇ ਅਤਵਾਦ, ਨਕਸਲਵਾਦ ਅਤੇ ਘੁਸਪੈਠ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇਕ ਟਾਸਕ ਫੋਰਸ ਬਣਾਉਣ ਦਾ ਵੀ ਸੁਝਾਅ ਦਿਤਾ। ਉਨ੍ਹਾਂ ਨੇ ਕਿਹਾ ਕਿ ਇਸਦਾ ਸਾਹਮਣਾ ਕਰਨ ਲਈ ਟਾਸਕ ਫੋਰਸ ਨੂੰ 100 ਦਿਨ ਦੇ ਅੰਦਰ ਸਰਕਾਰ ਨੂੰ ਜਰੂਰੀ ਕਦਮ ਦਾ ਇਕ ਰੋਡਮੈਪ ਤਿਆਰ ਕਰਕੇ ਦੇਣਾ ਹੋਵੇਗਾ।