ਨਵੀਂ ਦਿੱਲੀ- ਸੁਪਰੀਮਕੋਰਟ ਨੇ ਮੁੰਬਈ ਵਿੱਚ ਜੈਨ ਕਮਿਊਨਟੀ ਦੇ ਧਾਰਮਿਕ ਤਿਊਹਾਰ ਪਰਯੂਸ਼ਣ ਦੇ ਦੌਰਾਨ ਮੀਟ ਦੀ ਵਿਕਰੀ ਤੇ ਰੋਕ ਲਗਾਉਣ ਸਬੰਧੀ ਬੰਬੇ ਹਾਈਕੋਰਟ ਦੇ ਆਦੇਸ਼ ਦੇ ਖਿਲਾਫ਼ ਦਰਖਾਸਤ ਤੇ ਵਿਚਾਰ ਕਰਨ ਤੋਂ ਇਨਕਾਰ ਕਰ ਦਿੱਤਾ। ਅਦਾਲਤ ਨੇ ਕਿਹਾ ਕਿ ਮੀਟ ਬੈਨ ਕਿਸੇ ਤੇ ਵੀ ਥੋਪਿਆ ਨਹੀਂ ਜਾ ਸਕਦਾ।
ਮਹਾਂਰਾਸ਼ਟਰ ਸਰਕਾਰ ਨੇ ਜੈਨੀਆਂ ਦੇ ਧਾਰਮਿਕ ਤਿਊਹਾਰ ਪਰਯੂਸ਼ਣ ਤੇ 17 ਸਿਤੰਬਰ ਨੂੰ ਮੀਟ ਦੀ ਵਿਕਰੀ ਤੇ ਰੋਕ ਲਗਾ ਦਿੱਤੀ ਸੀ। ਪਰ ਬੰਬੇ ਹਾਈਕੋਰਟ ਨੇ ਮੁੰਬਈ ਵਿੱਚ ਮੀਟ ਦੀ ਵਿਕਰੀ ਤੇ ਲਗੀ ਰੋਕ ਹਟਾ ਦਿੱਤੀ ਸੀ। ਇਸ ਫੈਂਸਲੇ ਦੇ ਖਿਲਾਫ਼ ਜੈਨ ਸੰਸਥਾ ਨੇ ਸੁਪਰੀਮ ਕੋਰਟ ਵਿੱਚ ਦਰਖਾਸਤ ਦਿੱਤੀ ਸੀ।
ਜਸਟਿਸ ਟੀ ਐਸ ਠਾਕੁਰ ਅਤੇ ਜਸਟਿਸ ਕੁਰੀਅਨ ਜੋਸਫ ਦੀ ਬੈਂਚ ਨੇ ਵੀਰਵਾਰ ਨੂੰ ਬੰਬੇ ਹਾਈਕੋਰਟ ਦੁਆਰਾ ਦਿੱਤੇ ਗਏ ਫੈਂਸਲੇ ਵਿੱਚ ਦਖਲਅੰਦਾਜ਼ੀ ਕਰਨ ਤੋਂ ਮਨ੍ਹਾਂ ਕਰ ਦਿੱਤਾ। ਜਸਟਿਸ ਠਾਕੁਰ ਨੇ ਕਬੀਰ ਦਾ ਦੋਹਾ ਸੁਣਾਉਂਦੇ ਹੋਏ ਕਿਹਾ, ‘ ਕਬੀਰਾ ਤੇਰੀ ਝੌਂਪੜੀ ਗਲ ਕਟੀਅਨ ਕੇ ਪਾਸ, ਜੈਸੀ ਕਰਨੀ ਤੈਸੀ ਭਰਨੀ ਤੂੰ ਕਿਉਂ ਭਇਓ ਉਦਾਸ।’
ਅਪੀਲ ਕਰਨ ਵਾਲਿਆਂ ਵੱਲੋਂ ਅਹਿੰਸਾ ਦੀ ਦੁਹਾਈ ਦਿੱਤੇ ਜਾਣ ਤੇ ਜਸਟਿਸ ਠਾਕੁਰ ਨੇ ਕਿਹਾ ਕਿ ਸਹਿਣਸ਼ੀਲਤਾ ਅਤੇ ਦਇਆ ਕਿਸੇ ਤੇ ਥੋਪੀ ਨਹੀਂ ਜਾ ਸਕਦੀ, ਉਹ ਮਨ ਦੇ ਅੰਦਰ ਹੁੰਦੀ ਹੈ। ਦਇਆ ਅਤੇ ਸਹਿਣਸ਼ੀਲਤਾ ਸਿਰਫ਼ ਤਿਉਹਾਰਾਂ ਦੇ ਸੀਜਨ ਲਈ ਹੀ ਨਹੀਂ, ਸਗੋਂ ਸਾਲਭਰ ਦੇ ਲਈ ਹੋਣੀ ਚਾਹੀਦੀ ਹੈ। ਬੈਂਚ ਨੇ ਹਾਈਕੋਰਟ ਵਿੱਚ ਹੀ ਇਹ ਮਸਲਾ ਨਿਪਟਾਉਣ ਲਈ ਕਿਹਾ। ਸੁਪਰੀਮ ਕੋਰਟ ਦਾ ਸਖਤ ਰਵਈਆ ਵੇਖਦੇ ਹੋਏ ਜੈਨੀਆਂ ਦੀ ਸੰਸਥਾ ਨੇ ਆਪਣੀ ਪਟੀਸ਼ਨ ਵਾਪਿਸ ਲੈ ਲਈ।