ਫਤਿਹਗੜ੍ਹ ਸਾਹਿਬ :- ਸ: ਇਮਾਨ ਸਿੰਘ ਮਾਨ ਸਰਪ੍ਰਸਤ ਯੂਥ ਅਕਾਲੀ ਦਲ (ਅੰਮ੍ਰਿਤਸਰ) ਨੇ ਅੱਜ ਪਾਰਟੀ ਦੇ ਮੁੱਖ ਦਫਤਰ ਤੋਂ ਆਪਣੇ ਦਸਤਖਤਾਂ ਹੇਠ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਸਰਹਿੰਦ ਦੇ ਐਮ ਐਲ ਏ ਸ: ਦੀਦਾਰ ਸਿੰਘ ਭੱਟੀ ਦੇ ਬੇਟੇ ਗੁੱਗੂ ਭੱਟੀ ਨੇ ਸਰਹਿੰਦ-ਚੁੰਨੀ ਰੋਡ ਉੱਤੇ ਸਥਿਤ ਜਿ਼ਲ੍ਹਾ ਪਰਿਸ਼ਦ ਕੰਪਲੈਕਸ ਵਿੱਚ ਕੁਝ ਸਮੇਂ ਪਹਿਲੇ ਲੋਕਾਂ ਦੀ ਹਾਜ਼ਰੀ ਵਿੱਚ ਇੱਕ ਅਫਸਰ ਦੇ ਸ਼ਰੇਆਮ ਚਪੇੜਾਂ ਮਾਰਨ ਦੀ ਗੈਰ ਇਖਲਾਕੀ ਕਾਰਵਾਈ ਕੀਤੀ ਸੀ। ਲੇਕਿਨ ਉਸ ਸਮੇਂ ਦੀ ਜਿ਼ਲ੍ਹਾ ਫਤਿਹਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਸ਼੍ਰੀਮਤੀ ਅਲਕ ਨੰਦਾ ਦਿਆਲ ਅਤੇ ਸ਼੍ਰੀ ਨਿਲੱਭ ਕਿਸ਼ੌਰ ਐਸ ਐਸ ਪੀ ਫਤਿਹਗੜ੍ਹ ਸਾਹਿਬ ਨੇ ਗੁੱਗੂ ਭੱਟੀ ਵਿਰੁੱਧ ਕੋਈ ਕਾਨੂੰਨੀ ਕਾਰਵਾਈ ਨਾ ਕਰਕੇ ਬਾਦਲ ਦਲ ਦੇ ਗੁੰਡਿਆਂ ਨੂੰ ਅਜਿਹੀਆਂ ਕਾਰਵਾਈਆਂ ਕਰਨ ਦੀ ਸ਼ਹਿ ਦਿੱਤੀ ਸੀ। ਉਹਨਾਂ ਕਿਹਾ ਕਿ ਇਹੀ ਮੁੱਖ ਵਜ੍ਹਾ ਹੈ ਕਿ ਬੀਤੇ ਦਿਨੀਂ ਲੁਧਿਆਣਾ ਵਿਖੇ ਇੱਕ ਤਹਿਸੀਲਦਾਰ ਉੱਤੇ ਯੂਥ ਅਕਾਲੀ ਦਲ ਦੇ ਅਹੁਦਾਦਾਰਾਂ ਨੇ ਕੁੱਟਮਾਰ ਕਰਕੇ ਤਾਨਾਸ਼ਾਹੀ ਸੋਚ ਦਾ ਪ੍ਰਗਟਾਵਾ ਕੀਤਾ ਹੈ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਵੀ ਐਸ ਓ ਆਈ ਅਤੇ ਯੂਥ ਦਲ ਦੇ ਆਗੂਆਂ ਨੂੰ ਸ਼ਹਿ ਦਿੰਦੇ ਹੋਏ ਜੋ ਕਿਹਾ ਗਿਆ ਸੀ ਕਿ ਜੋ ਅਫਸਰਸ਼ਾਹੀ ਸਾਡੇ ਅਹੁਦੇਦਾਰਾਂ ਦੇ ਕੰਮ ਨਹੀਂ ਕਰਦੀ, ਉਹਨਾਂ ਨੂੰ ਵੇਖ ਲਿਆ ਜਾਵੇਗਾ, ਦੀ ਗੱਲ ਵੀ ਸਮਾਜ ਵਿੱਚ ਅਫਰਾ-ਤਫਰੀ ਫੈਲਾਉਣ ਵਾਲੀ ਕਾਰਵਾਈ ਹੈ। ਇਸ ਦਿੱਤੀ ਜਾ ਰਹੀ ਗਲਤ ਸ਼ਹਿ ਦੇ ਕਾਰਨ ਅੱਜ ਪੰਜਾਬ ਦੀ ਕਾਨੂੰਨੀ ਵਿਵਸਥਾ ਡਾਵਾਡੌਲ ਹੋ ਚੁੱਕੀ ਹੈ। ਬਾਦਲ ਦਲ ਦੇ ਅਹੁਦੇਦਾਰਾਂ ਵੱਲੋਂ ਤਾਕਤ ਦੇ ਨਸ਼ੇ ਵਿੱਚ ਇਖਲਾਕੀ ਕਦਰਾਂ ਕੀਮਤਾਂ ਨੂੰ ਨਜ਼ਰ ਅੰਦਾਜ਼ ਕਰਕੇ ਕੇਵਲ ਅਫਸਰਸ਼ਾਹੀ ਨੂੰ ਹੀ ਗੈਰ ਕਾਨੂੰਨੀ ਕੰਮ ਕਰਨ ਲਈ ਹੀ ਮਜ਼ਬੂਰ ਨਹੀਂ ਕੀਤਾ ਜਾ ਰਿਹਾ। ਬਲਕਿ ਆਮ ਲੋਕਾਂ ਨੂੰ ਵੀ ਧਮਕੀਆਂ ਰਾਹੀਂ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਇਹ ਹੋਰ ਵੀ ਦੁੱਖਦਾਇਕ ਵਰਤਾਰਾ ਹੈ ਕਿ ਪੰਜਾਬ ਪੁਲਿਸ ਅਜਿਹੇ ਗੁੰਡਾ ਅਨਸਰਾਂ ਨੂੰ ਨੱਥ ਪਾਉਣ ਅਤੇ ਗੈਰ ਸਮਾਜਿਕ ਕਾਰਵਾਈਆਂ ਰੋਕਣ ਲਈ ਕੋਈ ਕਦਮ ਨਹੀਂ ਉਠਾ ਰਹੀ। ਛੋਟੇ ਤੋਂ ਛੋਟੇ ਮਸਲੇ ਵਿੱਚ ਸੁਖਬੀਰ ਬਾਦਲ ਅਤੇ ਐਸ ਓ ਆਈ ਦੀ ਦਖਲ ਅੰਦਾਜ਼ੀ ਨੇ ਪੰਜਾਬ ਦੇ ਮਾਹੌਲ ਨੂੰ ਗੰਧਲਾ ਕਰ ਦਿੱਤਾ ਹੈ। ਬਿਜਲੀ ਅਤੇ ਪਾਣੀ ਦੀ ਸਪਲਾਈ ਦੀ ਅਤਿ ਮੰਦੀ ਹਾਲਤ ਹੈ। ਜਿਸ ਨਾਲ ਪੰਜਾਬ ਦੀ ਖੇਤੀ ਅਤੇ ਉਦਯੋਗਾਂ ਨੂੰ ਭਾਰੀ ਨੁਕਸਾਨ ਸਹਿਣਾ ਪੈ ਰਿਹਾ ਹੈ। ਬੇਰੁਜ਼ਗਾਰਾਂ ਦੀ ਫੌਜ ਦਿਨੋ ਦਿਨ ਵੱਧਦੀ ਜਾ ਰਹੀ ਹੈ। ਪੰਜਾਬ ਸਰਕਾਰ ਕੋਲ ਇਹਨਾਂ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਜਾਂ ਬਣਦਾ ਰੁਜ਼ਗਾਰ ਭੱਤਾ ਮੁਹੱਈਆ ਕਰਨ ਦੀ ਕੋਈ ਯੋਜਨਾ ਨਹੀਂ ਹੈ।
ਸ: ਇਮਾਨ ਸਿੰਘ ਮਾਨ ਨੇ ਆਪਣੇ ਬਿਆਨ ਦੇ ਅਖੀਰ ਵਿੱਚ ਕਿਹਾ ਕਿ ਪੰਜਾਬ ਵਿੱਚ ਨਸਿ਼ਆਂ ਦੀ ਸਮੱਗਲਿੰਗ ਅਤੇ ਜਾਅਲੀ ਕਰੰਸੀ ਬਣਾਉਣ ਦੀ ਸਮੱਗਲਿੰਗ ਜ਼ੋਰਾਂ ‘ਤੇ ਹੈ। ਨੌਜਵਾਨੀ ਰੁਜ਼ਗਾਰ ਨਾ ਮਿਲਣ ਕਾਰਨ ਨਸਿ਼ਆਂ ਵਿੱਚ ਗ੍ਰਸਤ ਹੁੰਦੀ ਜਾ ਰਹੀ ਹੈ। ਜਿਸ ਤੋਂ ਆਉਣ ਵਾਲੇ ਸਿੱਖ ਸਮਾਜ ਦਾ ਅੰਦਾਜ਼ਾ ਲਗਾਉਣਾ ਔਖਾ ਨਹੀਂ ਕਿ ਉਹਨਾਂ ਦਾ ਕਿਰਦਾਰ ਕਿਹੋ ਜਿਹਾ ਹੋਵੇਗਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸਦੀ ਮੁੱਖ ਜਿ਼ੰਮੇਵਾਰੀ ਧਰਮ ਪ੍ਰਚਾਰ ਕਰਨਾ ਅਤੇ ਸਿੱਖ ਵਿਰੋਧੀ ਕਾਰਵਾਈਆਂ ਨੂੰ ਤੁਰੰਤ ਰੋਕਣਾ ਹੈ, ਉਹ ਕੁੰਭਕਰਨੀ ਨੀਂਦ ਸੁੱਤੀ ਪਈ ਹੈ। ਸਿੱਖ ਨੌਜਵਾਨੀ ਦਸਤਾਰਾਂ ਸਜਾਉਣ ਦੀ ਬਜਾਏ ਰੋਡੇ-ਭੋਡੇ ਹੋਣ ਲੱਗ ਪਈ ਹੈ ਅਤੇ ਸਿੱਖ ਇਤਿਹਾਸ ਤੋਂ ਪਿੱਠ ਮੋੜਦੀ ਜਾ ਰਹੀ ਹੈ। ਮੁਲਾਜ਼ਮ, ਮਜ਼ਦੂਰ ਅਤੇ ਕਿਸਾਨ ਵਰਗ ਮਹਿੰਗਾਈ ਕਾਰਨ ਤਰਾਹ ਤਰਾਹ ਕਰ ਰਹੇ ਹਨ ਅਤੇ ਸਭ ਪਾਸੇ ਅਮਨ ਚੈਨ ਬੁਰੀ ਤਰ੍ਹਾ ਪ੍ਰਭਾਵਿਤ ਹੋਇਆ ਪਿਆ ਹੈ ਅਤੇ ਇਹ ਸਰਕਾਰ ਅਸਫਲ ਸਾਬਿਤ ਹੋ ਚੁੱਕੀ ਹੈ। ਉਹਨਾਂ ਪੰਜਾਬ ਨਿਵਾਸੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਬਾਦਲ ਦਲ ਦੇ ਗੁੰਡੇ ਅਨਸਰ ਦੀਆਂ ਜਿਆਦਤੀਆਂ ਅੱਗੇ ਬਿਲਕੁਲ ਸੀਸ ਨਾ ਝੁਕਾਉਣ। ਬਲਕਿ ਹਰ ਤਰ੍ਹਾ ਦੀ ਹੋ ਰਹੀ ਬੇਇਨਸਾਫੀ ਅਤੇ ਬਾਦਲ ਦਲੀਆਂ ਵੱਲੋਂ ਤਾਕਤ ਦੇ ਨਸ਼ੇ ਵਿੱਚ ਮਚਾਏ ਜਾ ਰਹੇ ਕਹਿਰ ਦਾ ਡੱਟ ਕੇ ਮੁਕਾਬਲਾ ਕਰਨ ਅਤੇ ਇਸ ਪੱਖਪਾਤੀ ਪ੍ਰਬੰਧ ਨੂੰ ਬਿਲਕੁਲ ਪ੍ਰਵਾਨ ਨਾ ਕਰਨ।