ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦਾ ਮੁੰਬਈ ਪਹੁੰਚਣ ਤੇ ਭਰਵਾ ਸਵਾਗਤ ਕੀਤਾ ਗਿਆ। ਬੀਤੇ ਦਿਨੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਮਹਾਰਾਸ਼ਟਰ ਸਣੇ 6 ਸੂਬਿਆਂ ਦਾ ਪਾਰਟੀ ਪ੍ਰਭਾਰੀ ਬਣਨ ਤੋਂ ਬਾਅਦ ਜੀ।ਕੇ। ਦਾ ਇਹ ਪਹਿਲਾ ਮਹਾਰਾਸ਼ਟਰ ਦੌਰਾ ਸੀ। ਸਥਾਨਿਕ ਸਿੱਖ ਆਗੂਆਂ ਦੇ ਨਾਲ ਮੁੰਬਈ ਏਅਰਪੋਰਟ ਤੇ ਪੁੱਜੇ ਮਹਾਰਾਸ਼ਟਰ ਸਿਖ ਐਸੋਸੀਏਸ਼ਨ ਦੇ ਪ੍ਰਧਾਨ ਦਲਜੀਤ ਸਿੰਘ ਬੱਲ ਵੱਲੋਂ ਜੀ.ਕੇ. ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਸਨਮਾਨਿਆ ਗਿਆ।
ਬਾਂਦਰਾ ਦੇ ਹੋਟਲ ਰੰਗ ਸ਼ਾਰਦਾ ਵਿੱਖੇ ਹੋਏ ਪ੍ਰਭਾਵਸ਼ਾਲੀ ਇੱਕਠ ਨੂੰ ਸੰਬੋਧਿਤ ਕਰਦਿਆ ਜੀ.ਕੇ. ਨੇ ਮਹਾਰਾਸ਼ਟਰਾ ਵਿੱਖੇ ਅਕਾਲੀ ਦਲ ਦੀਆਂ ਜੜਾਂ ਮਜ਼ਬੂਤ ਕਰਨ ਦੀ ਲੋੜ ਬਾਰੇ ਵਿਸਤਾਰ ਨਾਲ ਆਪਣੇ ਵਿਚਾਰ ਰੱਖੇ। ਜੀ.ਕੇ. ਨੇ ਦਲੀਲ ਦਿੱਤੀ ਕਿ ਜੇਕਰ ਅਕਾਲੀ ਦਲ ਮਜ਼ਬੂਤ ਹੋਵੇਗਾ ਤਾਂ ਸਿੱਖ ਮਜ਼ਬੂਤ ਹੋਵੇਗਾ। ਲੋਕਸ਼ਾਹੀ ’ਚ ਸਿਰਾਂ ਦੀ ਗਿਣਤੀ ਹੋਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕੌਮੀ ਹੱਕਾਂ ਦੇ ਹਲ ਲਈ ਸਰਕਾਰਾਂ ਪਾਸੋਂ ਮਨਜੂਰੀ ਲੈਣ ਵਾਸਤੇ ਲੋਕਾਂ ਨੂੰ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਨਾਲ ਜੁੜਨ ਦਾ ਵੀ ਸੱਦਾ ਦਿੱਤਾ।
ਜੀ.ਕੇ. ਨੇ ਕਿਹਾ ਕਿ ਸੰਸਾਰ ਭਰ ਵਿੱਚ ਵਸਦੇ ਸਿੱਖ ਜੇਕਰ ਆਪਣੇ ਇਖਲਾਕੀ ਫਰਜ ਨੂੰ ਸਮਝਦੇ ਹੋਏ ਕੌਮੀ ਹਿੱਤਾਂ ਨੂੰ ਮੁੱਖ ਰੱਖਕੇ ਆਪਣੀ ਆਵਾਜ ਪੁਖਤਾ ਤਰੀਕੇ ਨਾਲ ਰਖਣਗੇ ਤਾਂ ਕੋਈ ਵੀ ਸਰਕਾਰ ਉਨ੍ਹਾਂ ਨੂੰ ਖੁੰਝੇ ਲਾਉਣ ਦੀ ਹਿੱਮਤ ਨਹੀਂ ਕਰੇਗੀ। ਇਸ ਮੌਕੇ ਤੇ ਮੌਜ਼ੂਦ ਪਤਿਵੰਤੇ ਸਿੰਘਾਂ ’ਚ ਈ.ਟੀ.ਸੀ. ਚੈਨਲ ਵਾਲੇ ਜਗਜੀਤ ਸਿੰਘ ਕੋਹਲੀ, ਆੱਲ ਇੰਡੀਆ ਮੋਟਰ ਟ੍ਰਾਂਸਪੋਰਟ ਕਾਂਗਰਸ ਦੇ ਪ੍ਰਧਾਨ ਮਲਕੀਅਤ ਸਿੰਘ ਬੱਲ, ਇਕਬਾਲ ਸਿੰਘ ਮਠਾਰੂ, ਸਰਦੂਲ ਸਿੰਘ, ਜਸਬੀਰ ਸਿੰਘ ਸਣੇ ਸੈਂਕੜੇ ਲੋਕ ਮੌਜ਼ੂਦ ਸਨ।