ਤਲਵੰਡੀ ਸਾਬੋ : ਦੱਖਣੀ ਅਫਰੀਕਾ ਦੇ ਸਿਰ ਕੱਢਵੇਂ ਵਿੱਦਿਅਕ ਅਦਾਰੇ ਰੀਜੈਨਸਿਸ ਦੇ ਚੇਅਰਮੈਨ ਡਾ.ਮਾਰਕੋ ਸਾਰਾਵੰਗ ਨੇ ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਦੇ ਨਾਲ ਭਾਰਤੀ ਮਾਮਲਿਆਂ ਨੂੰ ਦੇਖ ਰਹੇ ਡਾ. ਰਿਚਾ ਅਰੋੜਾ ਵੀ ਮੌਜੂਦ ਸਨ ਜੋ ਕਿ ਮੁੰਬਈ ਵਿਖੇ ਬਤੌਰ ਕੰਟਰੀ ਹੈੱਡ ਸੇਵਾਵਾਂ ਨਿਭਾ ਰਹੇ ਹਨ। ਦੋਹਾਂ ਅਦਾਰਿਆਂ ਵਿਚ ਨੇੜਲੇ ਭਵਿੱਖ ਵਿਚ ਅਹਿਦਨਾਮਾ ਕੀਤਾ ਜਾਵੇਗਾ, ਜਿਸ ਸਦਕਾ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਦੱਖਣੀ ਅਫਰੀਕਾ ਵਿਚ ਪੜ੍ਹਾਈ ਕਰਨ ਅਤੇ ਨੌਕਰੀ ਕਰਨ ਦਾ ਮੌਕਾ ਮਿਲੇਗਾ।
ਇਸ ਦੌਰੇ ਸਮੇਂ ਦੱਖਣੀ ਅਫਰੀਕਨ ਵਫਦ ਨੇ ਗੁਰੂ ਕਾਸ਼ੀ ਯੂਨੀਵਰਸਿਟੀ ਦੇ ਕਾਮਰਸ, ਮੈਨੇਜਮੈਂਟ ਅਤੇ ਇੰਜੀਨੀਅਰਿੰਗ ਦੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਸਹੀ ਦਿਸ਼ਾ ਵੱਲ ਮਿਹਨਤ ਕਰ ਕੇ ਅੰਤਰਰਾਸ਼ਟਰੀ ਮਾਰਕਿਟ ਦਾ ਅਹਿਮ ਹਿੱਸਾ ਬਣਨ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਹ ਵੀ ਦੱਸਿਆ ਕਿ ਵਿਦਿਆਰਥੀ ਅੱਧੀ ਪੜ੍ਹਾਈ ਭਾਰਤ ਵਿਚ ਰਹਿੰਦਿਆਂ ਗੁਰੂ ਕਾਸ਼ੀ ਯੂਨੀਵਰਸਿਟੀ ਵਿਚ ਕਰ ਸਕਦੇ ਹਨ ਅਤੇ ਅੱਧੀ ਪੜ੍ਹਾਈ ਦੱਖਣੀ ਅਫਰੀਕਾ ਦੇ ਰੀਜੈਨਸਿਸ ਫਾਊਂਡੇਸ਼ਨ ਵਿਖੇ ਕਰ ਸਕਦੇ ਹਨ ਅਤੇ ਇਸ ਪੜ੍ਹਾਈ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਮਾਨਤਾ ਪ੍ਰਾਪਤ ਹੋਵੇਗੀ। ਵਿਦੇਸ਼ ਵਿਚ ਪੜ੍ਹਾਈ ਕਰਦੇ ਸਮੇਂ, ਟ੍ਰੇਨਿੰਗ ਕਰਦੇ ਸਮੇਂ, ਇੰਟਰਨਸ਼ਿਪ ਕਰਦੇ ਸਮੇਂ ਵਿਦਿਆਰਥੀਆਂ ਨੂੰ ਭੱਤਾ ਵੀ ਮਿਲੇਗਾ। ਇਸ ਦੌਰਾਨ ਉਹ ਵਰਕ ਪਰਮਿਟ ‘ਤੇ ਵੀ ਕੰਮ ਕਰ ਸਕਣਗੇ।
ਗੁਰੂ ਕਾਸ਼ੀ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਨਛੱਤਰ ਸਿੰਘ ਮੱਲ੍ਹੀ ਨੇ ਇਸ ਮਹੱਤਵਪੂਰਨ ਗਤੀਵਿਧੀ ਦੀ ਸ਼ਲਾਘਾ ਕਰਦਿਆਂ ਦੋਹਾਂ ਧਿਰਾਂ ਤੋਂ ਡਾ. ਮਾਰਕੋ, ਡਾ. ਰਿਚਾ ਅਤੇ ਪ੍ਰੋ. ਮਹਿਬੂਬ ਸਿੰਘ ਗਿੱਲ ਨੂੰ ਵਧਾਈ ਦੇ ਪਾਤਰ ਦਰਸਾਇਆ। ਨਾਲ ਹੀ ਉਨ੍ਹਾਂ ਭਵਿੱਖ ਵਿਚ ਅਜਿਹੀਆਂ ਹੋਰ ਗਤੀਵਿਧੀਆਂ ਅਤੇ ਅਹਿਦਨਾਮਿਆਂ ਦਾ ਭਰੋਸਾ ਦਿਵਾਇਆ ਜੋ ਕਿ ਭਾਰਤੀ ਵਿਦਿਆਰਥੀਆਂ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕੰਮ ਕਰਨ ਦੇ ਯੋਗ ਬਣਾਉਣ ਵਿਚ ਸਹਾਈ ਹੋ ਸਕਦੀਆਂ ਹਨ।