ਨਵੀਂ ਦਿੱਲੀ : ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫਾਰ ਸਿੱਖ ਸਟੱਡੀਜ ਵੱਲੋਂ ਆਯੋਜਿਤ ਕੀਤੇ ਜਾ ਰਹੇ ਲੜੀਵਾਰ ਭਾਸ਼ਣਾਂ ਦੀ ਲੜੀ ਵਿੱਚ ਇੱਕ ਹੋਰ ਮਣਕਾ ਜੁੜਿਆ ਜਦੋਂ ਨਾਨਕ ਸਿੰਘ ਨਿਸ਼ਤਰ ਨੇ ਸੰਗਤਾਂ ਨੂੰ ਨਾਂਦੇੜ ਸਾਹਿਬ ਦੇ ਇਤਿਹਾਸ ਤੇ ਸਿੱਖਾਂ ਬਾਰੇ ਖੋਜ ਭਰਪੂਰ ਜਾਣਕਾਰੀ ਦਿੱਤੀ। ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਮੁੱਖ ਸਲਾਹਕਾਰ ਕੁਲਮੋਹਨ ਸਿਘ ਨੇ ਅਦਾਰੇ ਵੱਲੋਂ ਸਿੱਖ ਇਤਿਹਾਸ ਨੂੰ ਸੰਭਾਲਦੇ ਹੋਏ ਸੂਚਨਾਂ ਤੇ ਤਕਨੀਕ ਦਾ ਇਸਤੇਮਾਲ ਕਰਕੇ ਸੰਗਤਾਂ ਤਕ ਪਹੁੰਚਣ ਦੀ ਕੀਤੀ ਜਾ ਰਹੀ ਕੋਸ਼ਿਸ਼ਾਂ ਦੀ ਜਾਣਕਾਰੀ ਦਿੱਤੀ। ਜੀ.ਕੇ. ਨੇ ਕਿਹਾ ਕਿ ਸਿੱਖ ਇਤਿਹਾਸ ’ਚ ਨਾਂਦੇੜ ਸਾਹਿਬ ਦਾ ਮੁਕਾਮ ਖਾਸ ਮਾਅਨੇ ਰਖਦਾ ਹੈ ਕਿਉਂਕਿ ਅੱਜ ਦੇ ਪਦਾਰਥਵਾਦੀ ਯੁੱਗ ’ਚ ਸੱਚ ਅਤੇ ਹੱਕ ਦੀ ਲੜਾਈ ਗੁਰਮਤਿ ਸਿਧਾਂਤ ਦੀ ਰੋਸ਼ਨੀ ’ਚ ਹੀ ਲੜੀ ਜਾ ਸਕਦੀ ਹੈ। ਇਹ ਰੋਸ਼ਨੀ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਤੋਂ ਮਿਲਦੀ ਹੈ ਜਿਸਨੂੰ ਇਸ ਪਵਿੱਤਰ ਸ਼ਹਿਰ ’ਚ ਗੁਰੂ ਸਾਹਿਬ ਨੇ ਗੁਰੂ ਦਾ ਦਰਜਾ ਦਿੱਤਾ ਸੀ।
ਨਿਸ਼ਤਰ ਨੇ ਪੌਰਾਣਿਕ ਕਾਲ ਤੋਂ ਇਤਿਹਾਸ ਦੀ ਸ਼ੁਰੂਆਤ ਕਰਨ ਦੇ ਨਾਲ ਹੀ ਸਦੀ ਦੇ ਅੰਤ ਵਿੱਚ ਮੁਗਲ ਸਲਤਨਤ ਦੁਆਰਾ ਇਸ ਨੂੰ ਜੋੜੇ ਜਾਣ ਤਕ ਚਾਨਣਾ ਪਾਉਂਦੇ ਹੋਏ ਮਹੱਤਵਪੂਰਨ ਤੱਥਾਂ ਨੂੰ ਉਘਾੜਿਆ। ਗੁਰੂ ਸਾਹਿਬਾਨਾ ਵੱਲੋਂ ਰਾਸ਼ਟਰ ਨੂੰ ਇੱਕਠਾ ਕਰਨ ਵਾਸਤੇ ਕੀਤੇ ਗਏ ਕਾਰਜਾਂ ਦੀ ਗਲ ਕਰਦੇ ਹੋਏ ਉਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਦੁਆਰਾ ਸੰਪਾਦਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚਲੇ ਬਹੁਭਾਸੀ ਸਰੂਪ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਸਜਾਏ ਗਏ ਪੰਜ ਪਿਆਰੇ ਸਾਹਿਬਾਨਾਂ ਦੇ ਹਿੰਦੂਸਤਾਨ ਦੇ ਅਲੱਗ ਅਲੱਗ ਹਿਸਿਆਂ ਵਿੱਚੋਂ ਹੋਣ ਦਾ ਵੀ ਹਵਾਲਾ ਦਿੱਤਾ। ਉਨ੍ਹਾਂ ਨੇ ਕਿਹਾ ਕਿ ਨਾਂਦੇੜ ਸਾਹਿਬ 1720 ਈ: ਵਿਚ ਮਹਾਰਾਸ਼ਟਰ ਦਾ ਹਿੱਸਾ ਬਣਿਆ ਸੀ ਤੇ ਸਿੱਖਾਂ ਦੇ ਪੰਜ ਤਖਤਾਂ ਵਿਚੋਂ ਇਕ ਤੱਖਤ ਹੈ ਜਿਸ ਨੂੰ ਗੁਰੂ ਗੋਬਿੰਦ ਸਿੋੰਘ ਜੀ ਦੀ ਚਰਣਛੋਹ ਪ੍ਰਾਪਤ ਹੈ।
ਨਾਨਕ ਸਿੰਘ ਜੀ ਨੇ ਬਹੁਤ ਖੋਜ ਨਾਲ ਭਰਪੂਰ ਸ਼ਬਦਾਂ ਵਿਚ ਨਾਂਦੇੜ ਸਾਹਿਬ ਦੇ ਮੁਸਲਮਾਨ ਭੀਖੂ ਮੀਆਂ ਇਨਾਮਦਾਰ ਵੱਲੋਂ ਇਸ ਸਥਾਨ ਨੂੰ ਬਿਨਾਂ ਕਿਸੇ ਕੀਮਤ ਦੇ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਨੂੰ ਪੇਸ਼ ਕਰਨ ਅਤੇ ਗੁਰੂ ਸਾਹਿਬ ਦਾ ਉਨ੍ਹਾਂ ਪਰਿਵਾਰਾਂ ਲਈ ਵਿਸ਼ੇਸ਼ ਵਿਕਾਸ ਕਰਨਾ ਸਭ ਬਾਖੂਬੀ ਲਫਜਾਂ ਵਿਚ ਬਿਆਨੇ। ਸਿੱਖ ਫੌਜਾਂ ਦੀ ਨਿਜਾਮ ਨੂੰ ਸਹਾਇਤਾ, ਗੁਰਦੁਆਰਾ ਮਾਲ ਟੇਕੜੀ ਸਾਹਿਬ ਦਾ ਝਗੜਾ ਤੇ ਉਸਦਾ ਇਤਿਹਾਸਕ ਨਿਰਣਾ, ਨਾਂਦੇੜ ਦੀ ਦੀਵਾਰ, ਈਦਗਾਹ ਦੀ ਜਗ੍ਹਾ ਦਾ ਤਬਦੀਲ ਹੋਣਾ ਆਦਿ ਕੁਝ ਵਿਸ਼ਿਆ ਬਾਰੇ ਨਿਸ਼ਤਰ ਨੇ ਭਰਪੂਰ ਜਾਣਕਾਰੀ ਦਿੱਤੀ। ਬਾਬਾ ਬੰਦਾ ਸਿੰਘ ਬਹਾਦਰ ਦੀ ਸਿੱਖ ਧਰਮ ਨੂੰ ਨਾਂਦੇੜ ਸਾਹਿਬ ਦੀ ਦੇਣ ਬਾਰੇ ਦਸਦੇ ਹੋਏ ਉਨ੍ਹਾਂ ਨੇ ਸੰਖੇਪ ਵਿਚ ਸਾਰੇ ਇਤਿਹਾਸ ਦੀ ਜਾਣਕਾਰੀ ਦਿੱਤੀ।
ਡਾ: ਜਸਪਾਲ ਸਿੰਘ ਨੇ ਨਾਂਦੇੜ ਸਾਹਿਬ ਦੀ ਧਰਤੀ ਦੀ ਮਹੱਤਤਾ ਬਾਰੇ ਦਸਦੇ ਹੋਏ ਨਾਂਦੇੜ ਸਾਹਿਬ ਵਿੱਖੇ ਗੁਰੂ ਗਰੰਥ ਸਾਹਿਬ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਵੱਲੋਂ ਦਸਾਂ ਗੁਰੂਆਂ ਤੋਂ ਬਾਅਦ ਸਦੀਵ ਗੁਰੂ ਥਾਪਣ ਦੀ ਵੀ ਜਾਣਕਾਰੀ ਦਿੱਤੀ। ਅਦਾਰੇ ਦੇ ਕਨਵੀਨਰ ਤਰਲੋਚਨ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡਾ: ਹਰਬੰਸ ਕੌਰ ਸੱਗੂ ਨੇ ਬਾਖੂਬੀ ਨਿਭਾਇਆ। ਇਸ ਮੌਕੇ ਤੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰ ਪਾਲ ਸਿੰਘ ਚੱਢਾ ਅਤੇ ਧਰਮਪ੍ਰਚਾਰ ਕਮੇਟੀ ਦੇ ਸਰਪ੍ਰਸ਼ਤ ਗੁਰਬਚਨ ਸਿੰਘ ਚੀਮਾ ਵੀ ਮੌਜੂਦ ਸਨ।