ਫਤਿਹਗੜ੍ਹ ਸਾਹਿਬ -“ ਪੰਜਾਬ ਦੀ ਧਰਤੀ ਗੁਰੂਆਂ, ਪੀਰਾਂ, ਫਕੀਰਾਂ ਅਤੇ ਦਰਵੇਸ਼ਾਂ ਦੀ ਪਵਿੱਤਰ ਧਰਤੀ ਹੈ। ਜਿਥੇ ਇਹਨਾਂ ਮਹਾਨ ਰੁਹਾਨੀਅਤ ਭਰੀਆਂ ਸ਼ਖਸੀਅਤਾਂ ਨੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਇਥੋਂ ਦੇ ਨਿਵਾਸੀਆਂ ਦੀਆਂ ਸਮਾਜਿਕ ਮੁਸ਼ਕਿਲਾਂ , ਜਬਰ ਜੁਲਮ ਅਤੇ ਵਿਤਕਰੇ ਭਰੇ ਅਮਲਾਂ ਨੂੰ ਖਤਮ ਕਰਦੇ ਹੋਏ ਇਨਸਾਨੀਅਤ ਅਤੇ ਬਰਾਬਰਤਾ ਦੀ ਸੋਚ ਵਾਲੇ ਅਮਲ ਕੀਤੇ ਹਨ। ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਜਿਸ ਸਿੱਖ ਕੌਮ ਵਿਚ ਦੇਹਧਾਰੀਆਂ , ਡੇਰੇਦਾਰਾਂ ਅਤੇ ਪਾਖੰਡੀਆਂ ਨੂੰ ਉਪਰੋਕਤ ਸ਼ਖਸੀਅਤਾਂ ਨੇ ਬਾਦਲੀਲ ਢੰਗ ਨਾਲ ਨਿੰਦਦੇ ਹੋਏ ਇਥੋਂ ਦੇ ਨਿਵਾਸੀਆਂ ਨੂੰ ਗੁਮਰਾਹ ਕਰਨ ਵਾਲੇ ਅਮਲਾਂ ਤੋਂ ਦੂਰ ਰੱਖਿਆ ਹੈ, ਅੱਜ ਉਥੇ ਆਪਣੇ ਸਿਆਸੀ, ਮਾਲੀ ਅਤੇ ਪਰਿਵਾਰਕ ਸਵਾਰਥਾਂ ਦੀ ਪੂਰਤੀ ਲਈ ਕੇਵਲ ਦੇਹਧਾਰੀ ਅਤੇ ਡੇਰੇਦਾਰ ਪ੍ਰਥਾ ਨੂੰ ਸਰਕਾਰੀ ਸਰਪ੍ਰਸਤੀ ਅਧੀਨ ਮਜਬੂਤ ਹੀ ਨਹੀਂ ਕੀਤਾ ਜਾ ਰਿਹਾ, ਬਲਕਿ ਜਾਤ-ਪਾਤ, ਊਚ-ਨੀਚ ਆਦਿ ਵਿਤਕਰੇ ਭਰੀਆਂ ਕਾਰਵਾਈਆਂ ਨੂੰ ਪ੍ਰਫੁਲਿੱਤ ਕਰਨ ਲਈ ਦੇਹਧਾਰੀ ਪ੍ਰਥਾ ਉਤੇ ਅਮਲ ਕਰਦੇ ਹੋਏ ਲੋਕਾਂ ਨੂੰ ਵੰਡਿਆ ਵੀ ਜਾ ਰਿਹਾ ਹੈ ਅਤੇ ਨਫ਼ਰਤ ਵੀ ਪੈਦਾ ਕੀਤੀ ਜਾ ਰਹੀ ਹੈ। ਜਿਸ ਦੇ ਨਤੀਜੇ ਕਿਸੇ ਵੀ ਸਮਾਜ, ਮੁਲਕ ਜਾਂ ਕੌਮ ਲਈ ਕਦੀ ਵੀ ਲਾਹੇਵੰਦ ਸਾਬਿਤ ਨਹੀਨ ਹੋ ਸਕਦੇ। ਜੋ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਵੱਲੋਂ ਆਪਣੇ ਆਪ ਨੂੰ ਰੱਬ ਦਾ ਦੂਤ ਅਖਵਾਉਂਦੇ ਹੋਏ ਐਮਐਸਜੀ 2 ਫਿਲਮ ਨੂੰ ਬਣਾ ਕੇ ਰਿਲੀਜ਼ ਕਰਨ ਦੇ ਢੌਂਗ ਹੋ ਰਹੇ ਹਨ, ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਅਜਿਹੀਆਂ ਮਨੁੱਖਤਾ ਵਿਰੋਧੀ ਕਾਰਵਾਈਆਂ ਨੂੰ ਅਤੇ ਸਿੱਖੀ ਸਿਧਾਂਤਾਂ ਨੂੰ ਚੁਨੌਤੀ ਦੇਣ ਵਾਲੇ ਅਮਲਾਂ ਨੂੰ ਨਾ ਤਾਂ ਬਰਦਾਸ਼ਤ ਕਰੇਗੀ ਅਤੇ ਨਾ ਹੀ ਅਜਿਹੀ ਗੁਮਰਾਹ ਕਰਨ ਵਾਲੀ ਫਿਲਮ ਨੂੰ ਪੰਜਾਬ ਅਤੇ ਗਵਾਂਢੀ ਸੂਬਿਆਂ ਵਿਚ ਕਿਸੇ ਸਿਨਮੇ ਵਿਚ ਚੱਲਣ ਦੇਵੇਗੀ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਕੇਵਲ ਪੰਜਾਬ ਦੇ ਬਸਿੰਦਿਆਂ ਨੂੰ ਹੀ ਨਹੀਂ ਬਲਕਿ ਪੂਰੇ ਹਿੰਦ ਵਿਚ ਵੱਸਣ ਵਾਲੀਆਂ ਵੱਖ ਵੱਖ ਕੌਮਾਂ ਅਤੇ ਧਰਮਾਂ ਨਾਲ ਸੰਬੰਧਤ ਸਿਰਸੇ ਵਾਲੇ ਪਾਖੰਡੀ ਸਾਧ ਦੇ ਇਨਸਾਨੀਅਤ ਅਤੇ ਸਮਾਜ ਵਿਰੋਧੀਅਮਲਾਂ ਤੋਂ ਸੁਚੇਤ ਕਰਦੇ ਹੋਏ ਅਤੇ ਅਜਿਹੇ ਅਮਲ ਨਾ ਹੋਣ ਦੇਣ ਦੀ ਅਪੀਲ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੋ ਸਿਰਸੇ ਵਾਲੇ ਸਾਧ ਦੇ ਚੇਲੇ ਪੰਜਾਬ ਦੇ ਸ਼ਹਿਰਾਂ ਜਾਂ ਪਿੰਡਾਂ ਵਿਚ ਇਕੱਤਰ ਹੋ ਕੇ ਰੇਲਵੇ ਲਾਇਨਾਂ ਰੋਕਣਜਾਂ ਸੜਕਾਂ ਰੋਕਣ ਜਾਂ ਰੋਜਾਨਾ ਦੀ ਆਮ ਜਿੰਦਗੀ ਵਿਚ ਵਿਘਨ ਪਾਉਣ ਦੀਆਂ ਕਾਰਵਾਈਆਂ ਕਰ ਰਹੇ ਹਨ, ਇਹ ਪੰਜਾਬੀਆਂ ਵਿਸ਼ੇਸ਼ ਤੌਰ ‘ਤੇ ਸਿੱਖ ਕੌਮ ਜੋ ਇਕ ਅਕਾਲ ਪੁਰਖ, ਦਸ ਗੁਰੁ ਸਾਹਿਬਾਨ ਅਤੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦੀ ਹੈ, ਉਹਨਾਂ ਦੀਆਂ ਭਾਵਨਾਵਾਂ ਨੂੰ ਜਾਣਬੁੱਝ ਕੇ ਠੇਸ ਪਹੁੰਚਾਉਣ ਦੇ ਅਮਲ ਹੋ ਰਹੇ ਹਨ। ਜੋ ਸਰਕਾਰ ਵੱਲੋਂ ਇਹਨਾਂ ਦੀ ਸਰਪ੍ਰਸਤੀ ਕਰਕੇ ਇਹਨਾਂ ਨੂੰ ਅਜਿਹੇ ਸਮਾਜ ਵਿਰੋਧੀ ਅਮਲ ਕਰਨ ਦੀ ਇਜਾਜਤ ਦਿੱਤੀ ਜਾ ਰਹੀ ਹੈ, ਇਹ ਇਕ ਸਾਜਿਸ਼ ਅਧੀਨ ਫਿਰ ਤੋਂ ਪੰਜਾਬ ਦੇ ਅਮਨ ਮਈ ਮਾਹੌਲ ਨੂੰ ਵਿਗਾੜਨ ਅਤੇ ਲਹੂ ਲੁਹਾਣ ਕਰਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ। ਜਿਸ ਨੂੰ ਸ਼੍ਰੌਮਣੀ ਅਕਾਲੀ ਦਲ ਅੰਮ੍ਰਿਤਸਰ ਬਿਲਕੁਲ ਵੀ ਕਾਮਯਾਬ ਨਹੀਂ ਹੋਣ ਦੇਵੇਗਾ। ਜੇਕਰ ਸਰਕਾਰ ਪੁਲਿਸ ਅਤੇ ਸਿਵਲ ਅਫ਼ਸਰਸ਼ਾਹੀ ਨੇ ਪੰਜਾਬ ਵਿਚ ਸਿਰਸੇ ਵਾਲੇ ਬਲਾਤਕਾਰੀ ਅਤੇ ਕਾਤਲ ਸਾਧ ਅਤੇ ਉਸਦੇ ਚੇਲੇਆਂ ਵੱਲੋਂ ਫੈਲਾਏ ਜਾ ਰਹੇ ਉਪੱਦਰ ਨੂੰ ਸਹੀ ਪਹੁੰਚ ਅਪਣਾਉਂਦੇ ਹੋਏ ਕਾਬੂ ਨਾ ਕੀਤਾ ਤਾਂ ੀੲਸ ਦੇ ਨਿਕਲਣ ਵਾਲੇ ਭਿਆਨਕ ਨਤੀਜਿਆਂ ਲਈ ਪੰਜਾਬ ਦੀ ਬਾਦਲ ਹਕੂਮਤ, ਪੁਲਿਸ ਅਤੇ ਸਿਵਲ ਅਫ਼ਸਰਸ਼ਾਹੀ ਸਿੱਧੇ ਤੌਰ ‘ਤੇ ਜਿੰਮੇਵਾਰ ਹੋਵੇਗੀ।
ਉਹਨਾਂ ਪੰਜਾਬ ਵਿਚ ਵਿਚਰਨ ਵਾਲੀਆਂ ਵੱਖ ਵੱਖ ਕੌਮਾਂ, ਧਰਮਾਂ , ਫਿਰਕਿਆਂ ਅਤੇ ਸਿੱਖ ਕੌਮ ਨੂੰ ਜੋਰਦਾਰ ਅਪੀਲ ਕਰਦੇ ਹੋਏ ਕਿਹਾ ਕਿ ਸਿਰਸੇ ਵਾਲੇ ਸਾਧ ਵਰਗੇ ਪਾਖੰਡੀ ਡੇਰੇਦਾਰਾਂ ਦੀਆਂ ਨਫ਼ਰਤ ਵਾਲੀਆਂ ਕਾਰਵਾਈਆਂ ਨੂੰ ਕਦਾਚਿੱਤ ਬਰਦਾਸ਼ਤ ਨਾ ਕਰਨ । ਜਿਥੇ ਵੀ ਇਹ ਨਫ਼ਰਤ ਫੈਲਾਉਣ ਵਾਲੀ ਅਤੇ ਗੁਮਰਾਹ ਕਰਨ ਵਾਲੀ ਐਮਐਸਜੀ 2 ਫਿਲਮ ਲਗਾਉਣ ਦੀ ਜਬਰਦਸਤੀ ਕੋਸਿ਼ਸ਼ ਕੀਤੀ ਜਾਵੇ ਜਾਂ ਵੱਖ ਵੱਖ ਕੌਮਾਂ ਅਤੇ ਧਰਮਾ ਵਿਚ ਨਫ਼ਰਤ ਪੈਦਾ ਕਰਕੇ ਦੰਗੇ ਫਸਾਦ ਕਰਵਾਉਣ ਦੇ ਅਮਲ ਕੀਤੇ ਜਾਣ ਤਾਂ ਤੁਰੰਤ ਸਿੱਖ ਕੌਮ ਅਤੇ ਸ਼੍ਰੋਮਣੀ ਅਕਾਲੀ ਦਲ (ਅ) ਅਤੇ ਸਿੱਖ ਜਥੇਬੰਦੀਆਂ ਇਕੱਤਰ ਹੋ ਕੇ ਅਜਿਹੇ ਗੁਮਰਾਹਕੁੰਨ ਪ੍ਰਚਾਰ ਹੋਣ ਤੋਂ ਰੋਕਣ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਜਿਹੇ ਮਨੁੱਖਤਾ ਪੱਖੀ ਫਰਜ਼ ਪੂਰੇ ਕਰਨ ਲਈ ਜਿਥੇ ਬਚਨਬੱਧ ਹੈ, ਉਥੇ ਪੰਜਾਬ ਵਿਚ ਅਤੇ ਹੋਰ ਗਵਾਂਢੀ ਸੂਬਿਆਂ ਵਿਚ ਪਾਖੰਡੀ ਸਾਧਾਂ ਅਤੇ ਡੇਰੇਦਾਰਾਂ , ਜੋ ਮਨੁੱਖਤਾ ਨੂੰ ਵਹਿਮਾਂ ਭਰਮਾਂ ਵਿਚ ਪਾ ਕੇ ਆਪਣੀਆਂ ਪਾਖੰਡੀ ਧਾਰਮਿਕ ਦੁਕਾਨਾਂ ਚੱਲਦੀਆਂ ਰੱਖਣਾ ਚਾਹੁੰਦੇ ਹਨ, ਉਹਨਾਂ ਦਾ ਖਾਤਮਾ ਕਰਨ ਲਈ ਵੀ ਸਿੱਖੀ ਸਿਧਾਂਤਾਂ ਉਤੇ ਪਹਿਰਾ ਦਿੰਦਾ ਹੋਇਆ ਮਨੁੱਖਤਾ ਦੀ ਬੇਹਤਰੀ ਲਈ ਯਤਨਸ਼ੀਲ ਰਹੇਗਾ।