ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵਿਖੇ ਦੋ ਰੋਜ਼ਾ ਕਿਸਾਨ ਮੇਲਾ ਅੱਜ ਆਰੰਭ ਹੋਇਆ। ਇਸ ਕਿਸਾਨ ਮੇਲੇ ਵਿੱਚ ਪੰਜਾਬ ਤੋਂ ਇਲਾਵਾ ਗੁਆਂਢੀ ਸੂਬਿਆਂ ਦੇ ਕਿਸਾਨ ਵੱਡੀ ਗਿਣਤੀ ਵਿੱਚ ਹੁੰਮ ਹੁਮਾ ਕੇ ਪੁੱਜੇ । ਉਦਘਾਟਨੀ ਸਮਾਰੋਹ ਵਿੱਚ ਯੂਨੀਵਰਸਿਟੀ ਦੇ ਪ੍ਰਬੰਧਕੀ ਬੋਰਡ ਦੇ ਮੈਂਬਰ ਸ: ਹਰਦੇਵ ਸਿੰਘ ਰਿਆੜ ਅਤੇ ਬੀਬੀ ਕਰਮਜੀਤ ਕੌਰ ਦਾਨੇਵਾਲੀਆ ਹਾਜ਼ਰ ਹੋਏ ਜਦ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕੀਤੀ। ਇਸ ਮੌਕੇ ਅਮਰੀਕਾ ਤੋਂ ਡਾ: ਰਾਬਰਟ ਥਾਮਸਨ ਵੀ ਹਾਜ਼ਰ ਸਨ। ਇਸ ਮੇਲੇ ਦਾ ਮੁੱਖ ਉਦੇਸ਼ ‘‘ਲੋੜੋਂ ਜ਼ਿਆਦਾ ਪਾਣੀ, ਜ਼ਹਿਰਾਂ, ਖਾਦਾਂ ਫ਼ਸਲਾਂ ਨੂੰ ਪਾ ਕੇ, ਕੁੱਖ ਧਰਤੀ ਦੀ ਬਾਂਝ ਨਾ ਕਰੀਏ, ਪਰਾਲੀ ਨੂੰ ਅੱਗ ਲਾ ਕੇ’’ ਰੱਖਿਆ ਗਿਆ ਹੈ।
ਡਾ: ਢਿੱਲੋਂ ਨੇ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਜੋਤਾਂ ਘੱਟ ਰਹੀਆਂ ਹਨ ਅਤੇ ਮੁੱਢਲੀਆਂ ਲਾਗਤਾਂ ਤੇ ਖਰਚਾ ਵਧ ਰਿਹਾ ਹੈ। ਸਾਨੂੰ ਮੁੱਢਲੀਆਂ ਲਾਗਤਾਂ ਤੇ ਖਰਚਾ ਘੱਟ ਕਰਕੇ ਆਪਣੇ ਮੁਨਾਫ਼ੇ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਕਿਸਾਨਾਂ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਾਨੂੰ ਕੁੱਲ ਝਾੜ ਵੱਲ ਨਹੀਂ ਸਗੋਂ ਕੁੱਲ ਮੁਨਾਫ਼ੇ ਵੱਲ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸੰਚਾਰ ਦੇ ਵੱਖ ਵੱਖ ਸਾਧਨਾਂ ਵਿੱਚੋਂ ਸਭ ਤੋਂ ਉੱਤਮ ਸਾਧਨ ਇਹ ਕਿਸਾਨ ਮੇਲੇ ਹਨ। ਇਨ੍ਹਾਂ ਕਿਸਾਨ ਮੇਲਿਆਂ ਵਿੱਚ ਸਾਇੰਸਦਾਨਾਂ ਨੂੰ ਕਿਸਾਨਾਂ ਨਾਲ ਸਿੱਧੀ ਗੱਲਬਾਤ ਕਰਨ ਦਾ ਮੌਕਾ ਮਿਲਦਾ ਹੈ। ਕਿਸਾਨਾਂ ਵੱਲੋਂ ਪ੍ਰਦਾਨ ਕੀਤੀ ਪਰਤੀ ਸੂਚਨਾ ਦੇ ਆਧਾਰ ਤੇ ਹੀ ਖੋਜਾਂ ਨੂੰ ਦਿਸ਼ਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਸਾਨ ਵੀਰਾਂ ਨੂੰ ਖੇਤੀ ਵਿਭਿੰਨਤਾ ਵੱਲ ਤੁਰਨ ਲਈ ਵੱਖ ਵੱਖ ਫ਼ਸਲਾਂ ਤੋਂ ਇਲਾਵਾ ਇੱਕੋ ਫ਼ਸਲ ਵਿੱਚ ਵੱਖ ਵੱਖ ਕਿਸਮਾਂ ਅਪਨਾਉਣ ਦੀ ਬੇਨਤੀ ਵੀ ਕੀਤੀ। ਉਨ੍ਹਾਂ ਵਿਸ਼ੇਸ਼ ਤੌਰ ਕੁਦਰਤੀ ਸੋਮਿਆਂ ਦੀ ਸੰਜਮ ਨਾਲ ਵਰਤੋਂ ਕਰਨ ਲਈ ਕਿਹਾ ਅਤੇ ਮਿੱਟੀ ਪਰਖ਼ ਦੇ ਆਧਾਰ ਤੇ ਖਾਦਾਂ ਦੀ ਵਰਤੋਂ ਕਰਨ ਦੀ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵਿੱਚ ਹੁਨਰ ਕੇਂਦਰ ਸਥਾਪਿਤ ਕੀਤਾ ਜਾਵੇਗਾ ਜਿਸ ਵਿੱਚ ਭੋਜਨ ਪ੍ਰੋਸੈਸਿੰਗ ਆਦਿ ਕੋਰਸਾਂ ਸੰਬੰਧੀ ਤਕਨੀਕੀ ਜਾਣਕਾਰੀ ਬੇਰੁਜ਼ਗਾਰ ਨੌਜਵਾਨਾਂ ਨੂੰ ਪ੍ਰਦਾਨ ਕੀਤੀ ਜਾਵੇਗੀ। ਮੰਡੀਕਰਨ ਅਤੇ ਮਸ਼ੀਨੀਕਰਨ ਬਾਰੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਾਨੂੰ ਇਸ ਲਈ ਖੇਤੀ ਸੰਦ ਸਹਿਕਾਰੀ ਪੱਧਰ ਤੇ ਵਰਤਣੇ ਚਾਹੀਦੇ ਹਨ ਅਤੇ ਮੰਡੀਕਰਨ ਵੇਲੇ ਵੀ ਸਾਨੂੰ ਇਕੱਠਿਆਂ ਹੋਣਾ ਪਵੇਗਾ। ਉਨ੍ਹਾਂ ਯੂਨੀਵਰਸਿਟੀ ਵੱਲੋਂ ਤਿਆਰ ਬਾਇਓ ਖਾਦਾਂ ਬਾਰੇ ਵੀ ਹਾਜ਼ਰ ਕਿਸਾਨਾਂ ਨੂੰ ਚਾਨਣਾ ਪਾਇਆ।
ਇਸ ਮੌਕੇ ਸ: ਰਿਆੜ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਰਸਾਨੀ ਹਰ ਦੇਸ਼ ਦੀ ਆਰਥਿਕਤਾ ਦਾ ਧਰੂ ਕੇਂਦਰ ਹੈ। ਦੂਜੇ ਹੋਰ ਪੇਸ਼ੇ ਇਸ ਦੀ ਆਰਥਿਕਤਾ ਤੇ ਨਿਰਭਰ ਕਰਦੇ ਹਨ। ਉਨ੍ਹਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀਆਂ ਖੋਜਾਂ ਅਤੇ ਸਾਇੰਸਦਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਅਦਾਰੇ ਦੀ ਅਣਥੱਕ ਮਿਹਨਤ ਸਦਕਾ ਹੀ ਪੰਜਾਬ ਸੂਬਾ ਖੇਤੀ ਦੇ ਖੇਤਰ ਵਿੱਚ ਤਰੱਕੀ ਕਰ ਸਕਿਆ। ਉਨ੍ਹਾਂ ਸਨਮਾਨਿਤ ਕਿਸਾਨਾਂ ਤੋਂ ਸੇਧਾਂ ਲੈਣ ਲਈ ਕਿਹਾ । ਸ਼੍ਰੀਮਤੀ ਦਾਨੇਵਾਲੀਆ ਨੇ ਸੰਬੋਧਨ ਕਰਦਿਆਂ ਕਿਹਾ ਕਿ ਨੌਜਵਾਨ ਪੀੜ੍ਹੀ ਨੂੰ ਹੱਥੀਂ ਕੰਮ ਕਰਨਾ ਚਾਹੀਦਾ ਹੈ ਅਤੇ ਖੇਤੀ ਤੋਂ ਪਰ੍ਹੇ ਨਹੀਂ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਸਿੱਖਿਆ ਇੱਕ ਨਰੋਏ ਸਮਾਜ ਦਾ ਮੁੱਢ ਬੰਨ੍ਹਦੀ ਹੈ ਅਤੇ ਨੌਜਵਾਨ ਵਰਗ ਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ ਹੈ।
ਇਸ ਤੋਂ ਪਹਿਲਾਂ ਜੀ ਆਇਆ ਦੇ ਸ਼ਬਦ ਯੂਨੀਵਰਸਿਟੀ ਦੇ ਨਿਰਦੇਸ਼ਕ ਪਸਾਰ ਸਿੱਖਿਆ ਡਾ: ਰਾਜਿੰਦਰ ਸਿੰਘ ਸਿੱਧੂ ਨੇ ਕਹੇ। ਉਨ੍ਹਾਂ ਇਸ ਮੌਕੇ ਸੰਬੋਧਨ ਕਰਦਿਆਂ ਕਿਹਾ ਕਿ ਸਾਨੂੰ ਹਮੇਸ਼ਾਂ ਯੂਨੀਵਰਸਿਟੀ ਦੀਆਂ ਸਿਫਾਰਸ਼ਾਂ ਤੇ ਅਮਲ ਕਰਨਾ ਚਾਹੀਦਾ ਹੈ ਕਿਉਂਕਿ ਇਹ ਸਿਫਾਰਸ਼ਾਂ ਗਹਿਰੀ ਖੋਜ ਉਪਰੰਤ ਹਾਸਿਲ ਖੋਜ ਪ੍ਰਾਪਤੀਆਂ ਤੇ ਅਧਾਰਿਤ ਹੁੰਦੀਆਂ ਹਨ। ਉਨ੍ਹਾਂ ਕਿਸਾਨਾਂ ਨੂੰ ਹਰ ਜ਼ਿਲ੍ਹੇ ਵਿੱਚ ਸਥਾਪਿਤ ਕ੍ਰਿਸ਼ੀ ਵਿਗਿਆਨ ਕੇਂਦਰਾਂ ਨਾਲ ਜੁੜਨ ਲਈ ਕਿਹਾ। ਯੂਨੀਵਰਸਿਟੀ ਦੇ ਨਿਰਦੇਸ਼ਕ ਖੋਜ ਡਾ: ਬਲਵਿੰਦਰ ਸਿੰਘ ਨੇ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ 100 ਤੋਂ ਵੱਧ ਫ਼ਸਲਾਂ ਦੇ ਖੋਜ ਕਾਰਜ ਨੇਪਰੇ ਚਾੜੇ ਜਾ ਰਹੇ ਹਨ ਅਤੇ ਆਪਣੀ ਹੋਂਦ ਤੋਂ ਬਾਅਦ ਇਹ ਯੂਨੀਵਰਸਿਟੀ ਵੱਖ ਵੱਖ ਫ਼ਸਲਾਂ ਦੀਆਂ 772 ਕਿਸਮਾਂ ਜਾਰੀ ਕਰ ਚੁੱਕੀ ਹੈ। ਇਨ੍ਹਾਂ ਕਿਸਮਾਂ ਵਿੱਚੋਂ 155 ਕਿਸਮਾਂ ਨੂੰ ਕੌਮਾਂਤਰੀ ਪੱਧਰ ਤੇ ਜਾਰੀ ਹੋਣ ਦਾ ਮਾਣ ਹਾਸਿਲ ਹੈ। ਡਾ: ਬਲਵਿੰਦਰ ਸਿੰਘ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਬੀਤੇ ਦਿਨੀਂ ਯੂਨੀਵਰਸਿਟੀ ਵੱਲੋਂ ਜਾਰੀ ਵੱਖ ਵੱਖ ਫ਼ਸਲਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਪ੍ਰਦਾਨ ਕੀਤੀ।
ਮੇਲੇ ਦੌਰਾਨ ਚਾਰ ਅਗਾਂਹਵਧੂ ਕਿਸਾਨਾਂ ਅਤੇ ਇਕ ਕਿਸਾਨ ਬੀਬੀ ਨੂੰ ਸਨਮਾਨਿਤ ਕੀਤਾ ਗਿਆ। ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਵੱਲੋਂ ਪ੍ਰਭਾਵਸ਼ਾਲੀ ਸਟਾਲਾਂ ਤੋਂ ਇਲਾਵਾ ਪ੍ਰਦਰਸ਼ਨੀ ਪਲਾਟ ਲਗਾਏ ਗਏ ਜਿਥੇ ਨਵੀਂ ਵਿਕਸਤ ਤਕਨਾਲੋਜੀ ਅਤੇ ਤਕਨੀਕਾਂ ਨੂੰ ਦਰਸਾਇਆ ਗਿਆ। ਕਿਸਾਨਾਂ ਦੇ ਸਵਾਲਾਂ ਦੇ ਜਵਾਬ ਮੌਕੇ ਤੇ ਦਿੱਤੇ ਗਏ। ਬੀਜਾਂ ਦੀ ਦੁਕਾਨ ਅਤੇ ਸਾਹਿਤ ਦੇ ਸਟਾਲਾਂ ਤੇ ਭਾਰੀ ਇਕੱਠ ਵੇਖਿਆ ਗਿਆ। ਮੇਲੇ ਦੌਰਾਨ ਨਾਮੀ ਕਲਾਕਾਰਾਂ ਵੱਲੋਂ ਆਏ ਕਿਸਾਨਾਂ ਦਾ ਖੂਬ ਮਨੋਰੰਜਨ ਕੀਤਾ ਗਿਆ।
ਅੰਤ ਵਿੱਚ ਧੰਨਵਾਦ ਦੇ ਸ਼ਬਦ ਯੂਨੀਵਰਸਿਟੀ ਦੇ ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਪੁਸ਼ਪਿੰਦਰ ਸਿੰਘ ਔਲਖ ਨੇ ਕਹੇ।