ਵਸਿ਼ਗਟਨ- ਵਾਈਟ ਹਾਉਸ ਵਿਚ ਹੁਣੇ ਜਿਹੇ ਆਯੋਜਿਤ ਇਕ ਪੱਤਰਕਾਰ ਸੰਮੇਲਨ ਕਰਕੇ ਅਮਰੀਕਾ ਦੇ ਰਾਸ਼ਟਰਪਤੀ ਓਬਾਮਾ ਦੀ ਇਮੇਜ਼ ਬਾਰੇ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਓਬਾਮਾ ਨੇ ਇਥੇ ਹਫਿੰਗਟਨ ਪੋਸਟ ਦੇ ਨੈਸ਼ਨਲ ਐਡੀਟਰ ਨੂੰ ਉਸ ਦੇ ਨਾਂ ਨਾਲ ਬੁਲਾਇਆ ਅਤੇ ਬਰੀਫਿੰਗ ਰੂਮ ਵਿਚ ਉਸ ਨੂੰ ਦੂਸਰੇ ਨੰਬਰ ਤੇ ਆਉਣ ਦਾ ਮੌਕਾ ਦਿਤਾ। ਇਸ ਤੇ ਦੂਸਰੇ ਪੱਤਰਕਾਰਾਂ ਨੇ ਅਰੋਪ ਲਗਾਇਆ ਕਿ ਓਬਾਮਾ ਤੋਂ ਪਹਿਲਾਂ ਤੋਂ ਹੀ ਸੈਟ ਪ੍ਰਸ਼ਨ ਪੁਛੇ ਜਾਂਦੇ ਹਨ। ਭਾਂਵੇ ਓਬਾਮਾ ਦੇ ਪ੍ਰੈਸ ਸਕੱਤਰ ਰਾਬਰਟ ਗਿਬਸ ਨੇ ਇਨ੍ਹਾਂ ਅਰੋਪਾਂ ਨੂੰ ਪੂਰੀ ਤਰ੍ਹਾਂ ਨਾਲ ਖਾਰਿਜ਼ ਕੀਤਾ ਹੈ।
ਗਿਬਸ ਜਦੋਂ ਵਾਈਟ ਹਾਊਸ ਦੀ ਪ੍ਰੈਸ ਬਰੀਫਿੰਗ ਲਈ ਸਾਹਮਣੇ ਆਏ ਤਾਂ ਪੱਤਰਕਾਰਾਂ ਨੇ ਉਸ ਉਪਰ ਸਵਾਲਾਂ ਦੀ ਝੜੀ ਲਾ ਦਿਤੀ। ਉਨ੍ਹਾਂ ਨੇ ਇਹ ਸਵਾਲ ਮੰਗਲਵਾਰ ਦੀ ਪ੍ਰੈਸ ਕਾਨਫਰੰਸ ਬਾਰੇ ਕੀਤੇ। ਇਸ ਵਿਚ ਐਡੀਟਰ ਨਿਕੋ ਪਿਟਨੇ ਨੂੰ ਓਬਾਮਾ ਨੇ ਉਸ ਦੇ ਨਾਂ ਨਾਲ ਬੁਲਾਇਆ ਅਤੇ ਈਰਾਨ ਦੇ ਮੁੱਦੇ ਤੇ ਸਵਾਲ ਪੁੱਛਣ ਲਈ ਉਸ ਨੂੰ ਬਰੀਫਿੰਗ ਲਈ ਦੂਸਰੇ ਨੰਬਰ ਤੇ ਸਦਿਆ। ਬਾਕੀ ਪੱਤਰਕਾਰਾਂ ਨੇ ਕਿਹਾ ਕਿ ਇਸ ਤਰ੍ਹਾਂ ਨਾਲ ਗਲਤ ਸੰਦੇਸ਼ ਜਾਂਦਾ ਹੈ ਅਤੇ ਓਬਾਮਾ ਤੇ ਭਰੋਸੇ ਬਾਰੇ ਸਵਾਲ ਖੜ੍ਹੇ ਹੁੰਦੇ ਹਨ। ਗਿਬਸ ਨੇ ਪੱਤਰਕਾਰਾਂ ਨੂੰ ਬੁਲਾਏ ਜਾਣ ਦੇ ਫੈਸਲੇ ਦਾ ਬਚਾਅ ਕਰਦੇ ਹੋਏ ਕਿਹਾ ਕਿ ਈਰਾਨ ਵਿਚ 12 ਜੂਨ ਨੂੰ ਹੋਈਆਂ ਚੋਣਾਂ ਤੋਂ ਬਾਅਦ ਮੀਡੀਆ ਤੇ ਰੋਕ ਲਗਾ ਦਿਤੀ ਗਈ ਸੀ। ਅਜਿਹੇ ਬਹੁਤ ਘੱਟ ਪੱਤਰਕਾਰ ਹਨ ਜੋ ਈਰਾਨ ਦੇ ਲੋਕਾਂ ਦੇ ਸਮਰਥਣ ਵਿਚ ਬੋਲ ਸਕਣ। ਇਸ ਲਈ ਉਸ ਨੂੰ ਪਹਿਲਾਂ ਬਰੀਫਿੰਗ ਦੇ ਲਈ ਮੌਕਾ ਦਿਤਾ ਗਿਆ।