ਲੁਧਿਆਣਾ : ਜਿਲਾ ਤੰਬਾਕੂ ਕੰਟਰੋਲ ਕਮੇਟੀ, ਲੁਧਿਆਣਾ ਵੱਲੋਂ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦੇ ਸਹਿਯੋਗ ਨਾਲ ਸਰਕਟ ਹਾਊਸ ਵਿਖੇ ਕਰਵਾਈ ਜਾ ਰਹੀ ਤੰਬਾਕੂ ਕੰਟਰੋਲ ਸੰਬੰਧੀ ਸਿਖਲਾਈ ਵਰਕਸ਼ਾਪ ਦੇ ਦੂਜੇ ਦਿਨ ਪੂਰੇ ਜਿਲੇ ਦੇ ਤੰਬਾਕੂ ਕੰਟਰੋਲ ਦੇ ਕੰਮ ਵਿੱਚ ਲੱਗੀਆਂ ਐਨਫੋਰਸਮੈਂਟ ਟੀਮਾਂ ਨੂੰ ਸਿਖਲਾਈ ਦਿੱਤੀ ਗਈ। ਵਰਕਸ਼ਾਪ ਦੀ ਪ੍ਰਧਾਨਗੀ ਸਿਵਲ ਸਰਜਨ ਲੁਧਿਆਣਾ ਡਾ. ਰੇਨੂੰ ਛੱਤਵਾਲ ਨੇ ਕੀਤੀ। ਇਸ ਮੌਕੇ ਸਹਾਇਕ ਸਿਵਲ ਸਰਜਨ ਡਾ. ਕੇ ਐਸ ਸੈਣੀ, ਜਿਲਾ ਮਾਸ ਮੀਡੀਆ ਅਫਸਰ ਡਾ. ਹਰਜਿੰਦਰ ਸਿੰਘ, ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਤੋਂ ਡਿਵੀਜਨਲ ਕੁਆਰਡੀਨੇਟਰ ਸ਼੍ਰੀ ਹਰਪ੍ਰੀਤ ਸਿੰਘ ਅਤੇ ਰਮਨ ਸ਼ਰਮਾ ਨੇ ਹਾਜਰੀਨ ਕਰੀਬ 70 ਦੇ ਕਰੀਬ ਸਰੋਤਿਆਂ ਨੂੰ ਕੋਟਪਾ-2003 ਦੇ ਸਾਰੇ ਸੈਕਸ਼ਨਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਇਸ ਨੂੰ ਲਾਗੂ ਕਰਨ ਦੇ ਤਰੀਕੇ ਦੱਸੇ। ਸਿਵਲ ਸਰਜਨ ਡਾ. ਰੇਨੂੰ ਛਤਵਾਲ ਨੇ ਟੀਮਾਂ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਸਿਗਰਟ ਐਂਡ ਅਦਰ ਤੰਬਾਕੂ ਪ੍ਰੋਡਕਟਸ ਐਕਟ –2003 (ਕੋਟਪਾ) ਦੀ ਧਾਰਾ-5 ਤਹਿਤ ਕਿਸੇ ਵੀ ਤੰਬਾਕੂ ਉਤਪਾਦ ਦੀ ਸਿੱਧੇ ਜਾਂ ਅਸਿੱਧੇ ਤਰੀਕੇ ਨਾਲ ਇਸ਼ਤਿਹਾਰਬਾਜੀ ਨਹੀਂ ਹੋ ਸਕਦੀ। ਜੇਕਰ ਕੋਈ ਦੁਕਾਨਦਾਰ ਕਿਸੇ ਤੰਬਾਕੂ ਕੰਪਨੀ ਦਾ ਬੋਰਡ ਲਗਾਉਂਦਾ ਹੈ ਤਾਂ ਉਸ ਨੂੰ 5 ਸਾਲ ਦੀ ਕੈਦ ਅਤੇ 5000 ਰੁਪਏ ਜੁਰਮਾਨਾ ਹੋ ਸਕਦਾ ਹੈ। ਸ਼੍ਰੀ ਹਰਪ੍ਰੀਤ ਸਿੰਘ ਡਿਵੀਜਨਲ ਕੁਆਰਡੀਨੇਟਰ ਨੇ ਕੋਟਪਾ ਦੀਆਂ ਹੋਰ ਧਾਰਾਵਾਂ ਬਾਰੇ ਵੀ ਚਾਨਣਾ ਪਾਇਆ ਤੇ ਬਲਾਕ ਪੱਧਰ ਦੀਆਂ ਟੀਮਾਂ ਨੂੰ ਇਸ ਧਾਰਾਵਾਂ ਨੂੰ ਲਾਗੂ ਕਰਨ ਦੇ ਤਰੀਕੇ ਦੱਸੇ। ਉਹਨਾਂ ਕਿਹਾ ਕਿ ਕਿਸੇ ਵੀ ਸਿੱਖਿਅਕ ਅਦਾਰੇ ਦੇ 100 ਗਜ ਦੇ ਘੇਰੇ ਦੇ ਅੰਦਰ ਕੋਈ ਤੰਬਾਕੂ ਉਤਪਾਦ ਦੀ ਦੁਕਾਨ ਨਹੀਂ ਹੋ ਸਕਦੀ ਅਤੇ ਸਕੂਲ ਦੀ ਬਾਹਰਲੀ ਦੀਵਾਰ ਤੇ ਤੰਬਾਕੂ ਮੁਕਤ ਸਕੂਲ ਦਾ ਬੋਰਡ ਲੱਗਿਆ ਹੋਣਾ ਜਰੂਰੀ ਹੈ। ਸ਼੍ਰੀ ਰਮਨ ਸ਼ਰਮਾ ਨੇ ਆਪਣੇ ਸੰਬੋਧਨ ਵਿੱਚ ਤੰਬਾਕੂ ਦੇ ਬੁਰੇ ਪ੍ਰਭਾਵਾਂ ਦੀ ਚਰਚਾ ਕਰਦਿਆਂ ‘ਪੈਸਿਵ ਸਮੋਕਿੰਗ’ ਨੂੰ ਸੱਭ ਤੋਂ ਬੁਰਾ ਦੱਸਿਆ ਅਤੇ ਬੱਚਿਆਂ ਲਈ ਜਾਨਲੇਵਾ ਕਿਹਾ। ਉਹਨਾਂ ਕਿਹਾ ਕਿ ‘ਗਲੋਬਲ ਅਡਲਟ ਤੰਬਾਕੂ ਸਰਵੇ-2009-10’ ਮੁਤਾਬਕ ਭਾਰਤ ਵਿੱਚ ਰੋਜ਼ਾਨਾ 2200 ਲੋਕ ਤੰਬਾਕੂ ਨਾਲ ਮਰ ਰਹੇ ਹਨ ਜਿਸ ਵਿੱਚ 48 ਵਿਅਕਤੀ ਪੰਜਾਬ ਹਨ ਅਤੇ ਸੰਸਾਰ ਵਿੱਚ ਕਰੀਬ 56 ਲੱਖ ਵਿਅਕਤੀ ਸਾਲਾਨਾ ਇਸ ਦੀ ਭੇਟ ਚੜ੍ਹ ਰਹੇ ਹਨ। ਉਹਨਾਂ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਕਿਹਾ ਕਿ ਪੰਜਾਬ ਭਰ ਵਿੱਚ ਖੁੱਲੀ ਸਿਗਰਟ ਦੀ ਵਿਕਰੀ, ਗੁਟਖਾ, ਪਾਨ ਮਸਾਲਾ, ਪ੍ਰੋਸੈਸਡ, ਫਲੇਵਰਡ ਅਤੇ ਸੁਗੰਧਿਤ ਚਬਾਉਣ ਵਾਲੇ ਤੰਬਾਕੂ ਦੀ ਵਿਕਰੀ ’ਤੇ ਮੁਕੰਮਲ ਰੋਕ ਹੈ ਅਤੇ ਉਲੰਘਣਾ ਕਰ ਵਾਲੇ ਨੂੰ ਜੁਰਮਾਨਾ ਤੇ ਕੈਦ ਵੀ ਹੋ ਸਕਦੀ ਹੈ। ਡਾ. ਕੇ ਐਸ ਸੈਣੀ, ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਤੰਬਾਕੂ ਸੰਬੰਧੀ ਕਾਨੂੰਨ ਦੀ ਪਾਲਣਾ ਨੂੰ ਫੂਡ ਸੇਫਟੀ ਦੇ ਲਾਇਸੈਂਸਾਂ ਦੀ ਪ੍ਰਕਿਰਿਆ ਵਿੱਚ ਸ਼ਾਮਲ ਕਰ ਲਿਆ ਗਿਆ ਹੈ ਅਤੇ ਇਸ ਦੀ ਉਲੰਘਣਾ ਕਰਨ ’ਤੇ ਲਾਇਸੈਂਸ ਰੱਦ ਹੋ ਸਕਦਾ ਹੈ। ਇਸ ਮੌਕੇ ਜਿਲੇ ਦੇ ਸੀਨੀਅਰ ਮੈਡੀਕਲ ਅਫਸਰ, ਸੈਨੀਟਰੀ ਇੰਸਪੈਕਟਰ ਅਤੇ ਐਲਐਚਵੀ ਆਦਿ ਹਾਜਰ ਸਨ।