ਨਵੀ ਦਿੱਲੀ – ਸ੍ਰ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰ੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਕਲ• ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ. ਅਵਤਾਰ ਸਿੰਘ ਮੱਕੜ ਵੱਲੋ ਤਖਤਾਂ ਦੇ ਜਥੇਦਾਰਾਂ ਵੱਲੋ ਪੰਥ ਵਿਰੋਧੀ ਗਤੀ ਵਿਧੀਆ ਕਰਨ ਵਾਲੇ ਸੌਦਾ ਸਾਧ ਗੁਰਮੀਤ ਰਾਮ ਰਹੀਮ ਦੇ ਹੱਕ ਸ਼੍ਰੋਮਣੀ ਕਮੇਟੀ ਦੇ ਮੈਬਰਾਂ ਵੱਲੋ ਹੱਥ ਖੜੇ ਕਰਵਾ ਕੇ ਕੀਤੀ ਗਈ ਹਮਾਇਤ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦਿਆ ਕਿਹਾ ਕਿ ਮੱਕੜ ਤੇ ਸੌਦਾ ਸਾਧ ਵਿੱਚ ਹੁਣ ਕੋਈ ਫਰਕ ਨਹੀ ਰਹਿ ਗਿਆ।
ਜਾਰੀ ਇੱਕ ਬਿਆਨ ਰਾਹੀ ਸ੍ਰ ਸਰਨਾ ਨੇ ਕਿਹਾ ਕਿ ਜਥੇਦਾਰਾਂ ਵੱਲੋ ਸੌਦਾ ਸਾਧ ਨੂੰ ਦਿੱਤੀ ਮੁਆਫੀ ਨੂੰ ਲੈ ਕੇ ਦੁਨੀਆ ਭਰ ਦਾ ਸਿੱਖ ਜਗਤ ਵਿੱਚ ਰੋਸ ਪਾਇਆ ਜਾ ਰਿਹਾ ਹੈ ਤੇ ਸ਼ੋਸ਼ਲ ਮੀਡੀਏ ਤੇ ਜਥੇਦਾਰਾਂ ਨੂੰ ਜੋ ਛਾਂਦੇ ਸੰਗਤਾਂ ਨੇ ਦਿੱਤੇ ਹਨ ਉਹਨਾਂ ਦੀ ਮਿਸਾਲ ਅਤੀਤ ਵਿੱਚ ਨਹੀ ਮਿਲਦੀ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲਾਂ ਜਥੇਦਾਰ ਹੈ ਜਿਹਨਾਂ ਦੇ ਪੁਤਲੇ ਸੰਗਤਾਂ ਨੇ ਦੇਸ਼ ਭਰ ਵਿੱਚ ਸਾੜੇ ਹਨ ਅਤੇ ਜਦੋ ਕਿਸੇ ਕੌਮ ਦੇ ਧਾਰਮਿਕ ਰਹਿਬਰ ਦੀ ਇੰਨੀ ਤੌਹੀਨ ਹੋ ਜਾਵੇ ਤਾਂ ਉਸ ਨੂੰ ਆਪਣੇ ਆਹੁਦੇ ਤੇ ਬਣੇ ਰਹਿਣ ਦਾ ਕੋਈ ਅਧਿਕਾਰ ਨਹੀ ਹੈ। ਉਹਨਾਂ ਕਿਹਾ ਕਿ ਗਿਆਨੀ ਗੁਰਬਚਨ ਸਿੰਘ ਸਮੇਤ ਪੰਜਾਂ ਜਥੇਦਾਰਾਂ ਨੂੰ ਨੈਤਿਕਤਾ ਦੇ ਆਧਾਰ ‘ਤੇ ਅਸਤੀਫੇ ਦੇ ਦੇਣੇ ਚਾਹੀਦੇ ਹਨ।
ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸਾਰੇ ਇਤਿਹਾਸ ਨੂੰ ਜੇਕਰ ਖੰਗਾਲਿਆ ਜਾਵੇ ਤਾਂ ਉਸ ਵਿੱਚੋ ਸਿਵਾਏ ਸੱਤਾ ਦੇ ਲਾਲਚ ਵਿੱਚੋ ਕੁਝ ਵੀ ਨਹੀ ਨਿਕਲਦਾ ਅਤੇ ਬਾਦਲ ਮਾਰਕਾ ਸ਼੍ਰੋਮਣੀ ਕਮੇਟੀ ਮੈਬਰਾਂ ਕੋਲੋ ਸੌਦਾ ਸਾਧ ਦੀ ਹਮਾਇਤ ਕਰਵਾ ਕੇ ਬਾਦਲ ਨੇ ਇੱਕ ਹੋਰ ਪੰਥ ਵਿਰੋਧੀ ਮੀਲ ਪੱਥਰ ਗੱਡਿਆ। ਉਹਨਾਂ ਕਿਹਾ ਕਿ ਬਾਦਲ ਨੇ ਸੱਤਾ ਹਾਸਲ ਕਰਨ ਲਈ ਵੀ ਸਿੱਖ ਨੌਜਵਾਨਾਂ ਦੇ ਕਤਲ ਕਰਵਾਏ ਤੇ ਸੱਤਾ ਹਾਸਲ ਕਰਨ ਉਪਰੰਤ ਖੁਦ ਕਤਲਾ ਨੂੰ ਅੰਜ਼ਾਮ ਦਿੱਤਾ। ਉਹਨਾਂ ਕਿਹਾ ਕਿ ਬਾਦਲ ਨੇ ਸੱਤਾ ਦੇ ਲਾਲਚ ਵਿੱਚ ਹੀ ਜਥੇਦਾਰਾਂ ਕੋਲੋ ਸਿਰਸਾ ਸਾਧ ਨੂੰ ਮੁਆਫੀ ਦਿਵਾਈ ਹੈ ਤਾਂ ਕਿ 2017 ਵਿੱਚ ਸੌਦਾ ਸਾਧ ਦੇ ਚੇਲਿਆ ਦੀਆ ਉਹ ਵੋਟਾਂ ਹਾਸਲ ਕਰ ਸਕੇ ਪਰ ਬਾਦਲ ਨੂੰ ਇਹ ਚਾਲ ਪੁੱਠੀ ਪੈ ਚੁੱਕੀ ਹੈ। ਉਹਨਾਂ ਕਿਹਾ ਕਿ ਬਾਦਲ ਦੀ ਸਿਆਸੀ ਬੇੜੀ ਮੰਝਧਾਰ ਵਿੱਚ ਫਸ ਚੁੱਕੀ ਹੈ ਤੇ ਉਹ ਨਾ ਹੁਣ ਘਰ ਦਾ ਰਿਹਾ ਹੈ ਤੇ ਨਾ ਹੀ ਘਾਟ ਦਾ ਰਿਹਾ ਹੈ ਇਸ ਲਈ ਜਿਹੜੇ ਉਸ ਦੀ ਡੁੱਬਦੀ ਬੇੜੀ ਵਿੱਚੋ ਸਮੇਂ ਸਿਰ ਛਾਲਾ ਮਾਰ ਕੇ ਬਾਹਰ ਆ ਜਾਣਗੇ ਉਹ ਬੱਚ ਜਾਣਗੇ ਤੇ ਜਿਹੜੇ ਉਸ ਵਿੱਚ ਸਵਾਰ ਰਹੇ ਉਹਨਾਂ ਦਾ ਹਸ਼ਰ ਵੀ ਮੰਦਾ ਹੀ ਹੋਵੇਗਾ। ਉਹਨਾਂ ਕਿਹਾ ਕਿ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਦੁਰਵਰਤੋ ਕਰਨ ਵਿੱਚ ਬਾਦਲ ਨੇ ਕੋਈ ਕਸਰ ਬਾਕੀ ਨਹੀ ਛੱਡੀ ਪਰ ਉਹਨਾਂ ਨੂੰ ਇਸ ਗੱਲ ਦਾ ਮਲਾਲ ਜਰੂਰ ਹੈ ਕਿ ਪੰਥਕ ਸਫਾਂ ਵਿੱਚ ਇਮਾਨਦਾਰ ਆਗੂ ਮੰਨੇ ਜਾਂਦੇ ਜਥੇਦਾਰ ਗੁਰਚਰਨ ਸਿੰਘ ਟੌਹੜੇ ਦੇ ਕਈ ਸਾਥੀ ਵੀ ਸੱਤਾ ਬਣਾਈ ਰੱਖਣ ਲਈ ਬਾਦਲ ਦੇ ਦੁੰਮਛੱਲੇ ਬਣੇ ਹੋਏ ਹਨ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਭਾਂਵੇ ਬੰਦ ਨੂੰ ਅੰਸ਼ਕ ਹੁੰਗਾਰਾ ਮਿਲਿਆ ਹੈ ਅਤੇ ਪੰਥਕ ਜਥੇਬੰਦੀਆ ਦੇ ਆਗੂਆਂ ਨੂੰ ਬਾਦਲ ਨੇ ਔਰੰਗਜੇਬੀ ਨੀਤੀ ਅਪਨਾ ਕੇ ਘਰਾਂ ਵਿੱਚ ਨਜ਼ਰਬੰਦ ਕਰਕੇ ਆਰ.ਐਸ.ਐਸ ਤੇ ਸੌਦਾ ਸਾਧ ਨੂੰ ਭਾਂਵੇ ਖੁਸ਼ ਕਰ ਲਿਆ ਹੈ ਪਰ ਪੰਥਕ ਸਫ਼ਾਂ ਵਿੱਚ ਬਾਦਲ ਵਿਰੋਧੀ ਮੁਹਿੰਮ ਆਰੰਭ ਹੋ ਗਈ ਜਿਹੜੀ 2017 ਦੀਆ ਵਿਧਾਨ ਸਭਾ ਚੋਣਾਂ ਵਿੱਚ ਰੰਗ ਵਿਖਾਏਗੀ।
ਬਾਦਲ ਨੇ ਸ਼੍ਰੋਮਣੀ ਕਮੇਟੀ ਮੈਬਰਾਂ ਕੋਲੋ ਸੌਦਾ ਸਾਧ ਦੀ ਹਮਾਇਤ ਕਰਾ ਕੇ ਇੱਕ ਹੋਰ ਪੰਥ ਵਿਰੋਧੀ ਮੀਲ ਪੱਥਰ ਗੱਡਿਆ-ਸਰਨਾ
This entry was posted in ਭਾਰਤ.