ਨਵੀਂ ਦਿੱਲੀ- ਅੰਸਾਰ ਬਰਨੀ ਜੋ ਕਿ ਮਨੁੱਖੀ ਅਧਿਕਾਰ ਕਮਿਸ਼ਨ ਦੇ ਸਰਗਰਮ ਮੈਂਬਰ ਵੀ ਹਨ। ਉਹ ਸਰਬਜੀਤ ਵਲੋਂ ਪਾਕਿਸਤਾਨ ਦੇ ਰਾਸ਼ਟਰਪਤੀ ਆਸਿਫ ਅਲੀ ਜਰਦਾਰੀ ਕੋਲ ਮਾਫੀ ਲਈ ਨਵੀਂ ਅਰਜ਼ੀ ਦਾਖਿਲ ਕਰਨਗੇ। ਸਰਬਜੀਤ ਨੂੰ ਪਾਕਿਸਤਾਨ ਵਿਚ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ। ਮੌਤ ਦੀ ਸਜ਼ਾ ਦੇ ਸਬੰਧ ਵਿਚ ਸਰਬਜੀਤ ਦੀ ਪੁਨਰਵਿਚਾਰ ਦੀ ਅਰਜ਼ੀ ਨੂੰ ਸੁਪਰੀਮ ਕੋਰਟ ਨੇ ਬੁੱਧਵਾਰ ਖਾਰਿਜ਼ ਕਰ ਦਿਤਾ ਹੈ।
ਬਰਨੀ ਪਾਕਿਸਤਾਨ ਦੇ ਰਾਸ਼ਟਰਪਤੀ ਦੇ ਸਾਹਮਣੇ ਵੀਰਵਾਰ ਨੂੰ ਸਰਬਜੀਤ ਲਈ ਮਾਫੀ ਦੀ ਨਵੀਂ ਅਰਜ਼ੀ ਦਾਖਿਲ ਕਰਨ ਜਾ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਵਿਸ਼ਵਾਸ਼ ਹੈ ਕਿ ਸਿਰਫ ਗੈਰ ਮੁਸਲਿਮ ਜਾਂ ਭਾਰਤੀ ਨਾਗਰਿਕ ਹੋਣ ਕਰਕੇ ਇਕ ਨਿਰਦੋਸ਼ ਵਿਅਕਤੀ ਨੂੰ ਫਾਂਸੀ ਦੀ ਸਜ਼ਾ ਦੇਣ ਤੋਂ ਪਾਕਿਸਤਾਨ ਦੀ ਸਰਕਾਰ ਨੂੰ ਰੋਕਣ ਵਿਚ ਉਹ ਸਫਲ ਹੋਣਗੇ। ਪਾਕਿਸਤਾਨ ਵਿਚ 18 ਸਾਲ ਪਹਿਲਾਂ ਚਾਰ ਬੰਬ ਧਮਾਕਿਆਂ ਵਿਚ ਕਥਿਤ ਰੂਪ ਵਿਚ ਸਰਬਜੀਤ ਦੇ ਸ਼ਾਮਿਲ ਹੋਣ ਦੇ ਸਬੰਧ ਵਿਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ ਅਤੇ ਮੌਤ ਦੀ ਸਜ਼ਾ ਦਿਤੀ ਗਈ ਸੀ। ਇਨ੍ਹਾਂ ਬੰਬ ਧਮਾਕਿਆਂ ਵਿਚ 14 ਲੋਕ ਮਾਰੇ ਗਏ ਸਨ। ਸਰਬਜੀਤ ਦੇ ਪਰੀਵਾਰ ਦੇ ਮੈਂਬਰਾਂ ਦਾ ਕਹਿਣਾ ਹੈ ਕਿ ਉਹ ਦੋਸ਼ੀ ਨਹੀਂ ਹੈ ਅਤੇ ਉਸ ਨੂੰ ਗਲਤ ਢੰਗ ਨਾਲ ਦੋਸ਼ੀ ਕਰਾਰ ਦਿਤਾ ਗਿਆ ਹੈ।