ਨਵੀਂ ਦਿੱਲੀ – ਐਚਐਸਬੀਸੀ ਬੈਂਕ ਅਤੇ ਉਸ ਦੇ ਕੁਝ ਕਰਮਚਾਰੀਆਂ ਦੁਆਰਾ ਵਿਦੇਸ਼ਾਂ ਵਿੱਚ ਸਥਿਤ ਆਪਣੀ ਬੈਂਕ ਦੀਆਂ ਸ਼ਾਖਾਵਾਂ ਵਿੱਚ ਗੈਰ ਕਾਨੂੰਨੀ ਢੰਗ ਨਾਲ ਖੋਲ੍ਹੇ ਗਏ ਬੈਂਕ ਖਾਤਿਆਂ ਦੇ ਮਸਲੇ ਦੀ ਇਨਕਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਨਕਮ ਵਿਭਾਗ ਦੇ ਅਧਿਕਾਰੀਆਂ ਨੂੰ ਇਹ ਸੂਚਨਾ ਮਿਲੀ ਹੈ ਕਿ ਖਾਤੇ ਖੋਲ੍ਹਣ ਵਿੱਚ ਨਿਯਮਾਂ ਦਾ ਉਲੰਘਣ ਕੀਤਾ ਗਿਆ ਹੈ ਤਾਂ ਜੋ ਧੰਨ ਜਮ੍ਹਾਂ ਕਰਨ ਦੀ ਰਾਹ ਆਸਾਨ ਹੋ ਸਕੇ।
ਭਾਰਤ ਦੇ ਅਧਿਕਾਰੀਆਂ ਦੇ ਨਾਲ ਹੀ ਬੈਂਕ ਦੀਆਂ ਘੱਟ ਤੋਂ ਘੱਟ ਦੋ ਵਿਦੇਸ਼ੀ ਸ਼ਾਖਾਵਾਂ ਦੇ ਕਰਮਚਾਰੀਆਂ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਵੈਸੇ ਇਨਕਮ ਅਧਿਕਾਰੀਆਂ ਨੇ ਇਹ ਜਾਂਚ ਕੁਝ ਮਹੀਨੇ ਪਹਿਲਾਂ ਹੀ ਸ਼ੁਰੂ ਕਰ ਦਿੱਤੀ ਸੀ। ਰੈਵੇਨਿਯੂ ਵਿਭਾਗ ਨੇ ਰੀਜਰਵ ਬੈਂਕ ਦੇ ਸਾਹਮਣੇ ਇਹ ਮੁੱਦਾ ਉਠਾਇਆ ਹੈ ਕਿ ਬੈਂਕ ਨੇ ਬੈਂਕਿੰਗ ਲਾਈਸੰਸ ਨਿਯਮਾਂ ਦੇ ਤਹਿਤ ਕੇਵਾਈਸੀ ਨਿਯਮਾਂ ਦਾ ਪਾਲਣ ਕੀਤਾ ਹੈ ਜਾਂ ਨਹੀਂ।
ਇਨਕਮ ਵਿਭਾਗ ਇਸ ਗੱਲ ਦੀ ਵੀ ਜਾਂਚ ਕਰ ਰਿਹਾ ਹੈ ਕਿ ਕੀ ਐਚਐਸਬੀਸੀ ਦੀਆਂ ਵਿਦੇਸ਼ੀ ਸ਼ਾਖਾਵਾਂ ਦੇ ਕਰਮਚਾਰੀ ਸਿੱਧੇ ਤੌਰ ਤੇ ਭਾਰਤੀ ਗਾਹਕਾਂ ਦੇ ਨਾਲ ਸੰਪਰਕ ਵਿੱਚ ਹਨ ਅਤੇ ਵਿਦੇਸ਼ੀ ਸ਼ਖਾਵਾਂ ਵਿੱਚ ਉਨ੍ਹਾਂ ਦੇ ਖਾਤੇ ਖੋਲ੍ਹ ਰਹੇ ਹਨ।ਇਹ ਵੀ ਸ਼ੱਕ ਕੀਤਾ ਜਾ ਰਿਹਾ ਹੈ ਕਿ ਇਹ ਲੋਕ ਅਜਿਹਾ ਧੰਨ ਜਮ੍ਹਾਂ ਕਰਵਾਉਂਦੇ ਹਨ ਜੋ ਕਿ ਕਾਲਾ ਧੰਨ ਹੋ ਸਕਦਾ ਹੈ। ਜਿਕਰਯੋਗ ਹੈ ਕਿ ਐਚਐਸਬੀਸੀ ਦੀ ਜਨੇਵਾ ਵਿੱਚ ਸਥਿਤ ਸ਼ਾਖਾ ਵਿੱਚ 600 ਤੋਂ ਵੱਧ ਭਾਰਤੀਆਂ ਦੇ ਖਾਤੇ ਪਹਿਲਾਂ ਤੋਂ ਹੀ ਸਕੈਨਰ ਤੇ ਹਨ।