ਅੰਮ੍ਰਿਤਸਰ – ਸ੍ਰੀ ਦਰਬਾਰ ਸਾਹਿਬ ਦੇ ਐਡੀਸ਼ਨਲ ਹੈਡਗਰੰਥੀ ਮੋਹਣ ਸਿੰਘ ਦੁਆਰਾ ਸਿੱਖ ਰਹਿਤ ਮਰਿਆਦਾ ਦੀ ਉਲੰਘਣਾ ਦਾ ਮੁੱਦਾ ਕਾਫੀ ਭਖਿਆ ਹੈ। ਮੋਹਣ ਸਿੰਘ ਦੇ ਵਿਆਹ ਦੀ 50ਵੀਂ ਵਰ੍ਹੇਗੰਢ ਸਮੇਂ ਮਰਿਆਦਾ ਦੀ ਉਲੰਘਣਾ ਦਾ ਮੁੱਦਾ ਪੰਥਕ ਹਲਕਿਆਂ ਵਿਚ ਕਾਫੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਗਿਆਨੀ ਮੋਹਣ ਸਿੰਘ ਦਾ ਕਹਿਣਾ ਹੈ ਕਿ ਉਸ ਨੇ ਸਿੱਖ ਰਹਿਤ ਮਰਿਆਦਾ ਦਾ ਕੋਈ ਉਲੰਘਣ ਨਹੀਂ ਕੀਤਾ।
ਉਨ੍ਹਾਂ ਅਨੁਸਾਰ ਮਰਿਆਦਾ ਦੇ ਜੋ ਚਾਰ ਨਿਯਮ ਹਨ, ਉਨ੍ਹਾਂ ਵਿਚੋਂ ਉਨ੍ਹਾਂ ਨੇ ਕਿਸੇ ਇਕ ਦਾ ਵੀ ਉਲੰਘਣ ਨਹੀਂ ਕੀਤਾ। ਇਸ ਦੇ ਬਾਵਜੂਦ ਕੁਝ ਪੰਥਕ ਹਲਕਿਆਂ ਵਿਚ ਇਸ ਘਟਨਾ ਨੂੰ ਉਛਾਲਿਆ ਜਾ ਰਿਹਾ ਹੈ। ਦਮਦਮੀ ਟਕਸਾਲ ਦੇ ਬਾਬਾ ਰਾਮ ਸਿੰਘ ਅਤੇ ਕਈ ਹੋਰ ਸਿੱਖ ਸੰਗਠਨਾਂ ਦੇ ਆਗੂ ਇਸ ਦੀ ਅਲੋਚਨਾ ਕਰ ਰਹੇ ਹਨ। ਵਰ੍ਹੇਗੰਢ ਦੀ ਸੀਡੀ ਵੀ ਜਾਰੀ ਕਰ ਦਿਤੀ ਗਈ ਹੈ। ਇਸ 40 ਮਿੰਟ ਦੀ ਸੀਡੀ ਵਿਚ ਉਨ੍ਹਾਂ ਨੂੰ ਕੇਕ ਕਟਦੇ ਹੋਏ ਅਤੇ ਉਨ੍ਹਾਂ ਦੇ ਸਮਰਥਕਾਂ ਦੁਆਰਾ ਜੈਕਾਰੇ ਬੁਲਾਉਂਦੇ ਹੋਏ ਵਿਖਾਇਆ ਗਿਆ ਹੈ। ਉਨ੍ਹਾਂ ਦੇ ਹੱਥ ਤੇ ਮਹਿੰਦੀ ਵੀ ਲਗੀ ਹੋਈ ਵਿਖਾਈ ਗਈ ਹੈ। ਸਮਾਗਮ ਵਿਚ ਡੀਜੇ ਦੀਆਂ ਧੁੰਨਾਂ ਤੇ ਅਸ਼ਲੀਲ ਗਾਣਿਆਂ ਉਪਰ ਉਨ੍ਹਾਂ ਦੇ ਸਮਰਥਕ ਨਚ ਵੀ ਰਹੇ ਹਨ। ਬਹੁਤ ਹੀ ਫੂਹੜ ਕਿਸਮ ਦੇ ਗਣਿਆਂ ਤੇ ਠੁਮਕੇ ਲਗਦੇ ਵਿਖਾਏ ਗਏ ਹਨ। ਐਸਜੀਪੀਸੀ ਦੇ ਸਕੱਤਰ ਦਲਮੇਘ ਸਿੰਘ ਦਾ ਕਹਿਣਾ ਹੈ ਕਿ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਨਾਂ ਹੀ ਕੋਈ ਸਿ਼ਕਾਇਤ ਮਿਲੀ ਹੈ ਅਤੇ ਨਾਂ ਹੀ ਉਨ੍ਹਾਂ ਨੂੰ ਕੋਈ ਸੀਡੀ ਮਿਲੀ ਹੈ।