ਨਵੀਂ ਦਿੱਲੀ : ਪੰਜਾਬ ਦੇ ਫਰੀਦਕੋਟ ਜਿਲ੍ਹੇ ਦੇ ਬਰਗਾਡੀ ਪਿੰਡ ਵਿੱਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਨੂੰ ਗਲੀਆਂ ’ਚ ਖਿਲਾਰ ਕੇ ਬੇਹੁਰਮਤੀ ਨੂੰ ਅੰਜ਼ਾਮ ਦੇਣ ਵਾਲੇ ਸ਼ਰਾਰਤੀ ਅਨਸਰਾਂ ਦੇ ਕਾਰੇ ਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਡੂੰਘਾ ਦੁੱਖ ਜਤਾਉਂਦੇ ਹੋਏ ਦੋਸ਼ੀਆਂ ਦੇ ਖਿਲਾਫ਼ ਧਾਰਾ 302 ਦੇ ਤਹਿਤ ਮੁੱਕਦਮਾ ਦਰਜ ਕਰਨ ਦੀ ਪੰਜਾਬ ਪੁਲੀਸ ਤੋਂ ਮੰਗ ਕੀਤੀ ਹੈ। ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਅਤੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਨੂੰ ਮੰਦਭਾਗਾ ਕਰਾਰ ਦਿੰਦੇ ਹੋਏ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਨੂੰ ਨਾ ਬਰਦਾਸ਼ਤ ਕਰਨ ਵਾਲੀ ਘਟਨਾ ਦੱਸਿਆ ਹੈ।
ਕਮੇਟੀ ਅਹੁਦੇਦਾਰਾਂ ਅਤੇ ਮੈਂਬਰਾਂ ਦੀ ਇਸ ਮਸਲੇ ਤੇ ਹੋਈ ਹੰਗਾਮੀ ਮੀਟਿੰਗ ’ਚ ਉਕਤ ਘਟਨਾ ਦੇ ਕਰਕੇ ਸੰਗਤਾਂ ਦੇ ਹਿਰਦੇ ਵਲੰਧਰਣ ਦਾ ਵੀ ਦਾਵਾ ਕੀਤਾ ਗਿਆ ਹੈ। ਜੀ.ਕੇ. ਨੇ ਸਾਫ ਕੀਤਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਗੁਰੂਆਂ ਦੀ ਬਾਣੀ ਦੇ ਨਾਲ ਹੀ ਭਗਤਾਂ, ਭਟਾਂ ਤੇ ਸਿੱਖਾਂ ਦੀ ਆਤਮਿਕ ਅਤੇ ਰੁਹਾਨੀ ਜੁੜਾਵ ਦੀ ਪ੍ਰਤੀਕ ਦੇ ਤੌਰ ਤੇ ਦਰਜ਼ ਬਾਣੀ ਸਾਨੂੰ ਜਾਨ ਤੋਂ ਪਿਆਰੀ ਹੈ ਪਰ ਮਨੁੱਖ਼ਤਾ ਨੂੰ ਇਕ ਸੂਤਰ ’ਚ ਜੋੜਨ ਵਾਲੀ ਬਾਣੀ ਦੇ ਸਾਰ ਨੂੰ ਸਮਝੇ ਬਿਨਾਂ ਕੋਈ ਸ਼ਰਾਰਤੀ ਅਨਸਰ ਆਪਣੇ ਕਿਸੇ ਨਿਜ਼ੀ ਜਾਂ ਸਿਆਸ਼ੀ ਮੁਫਾਦ ਵਾਸਤੇ ਸ਼ਬਦ ਗੁਰੂ ਦੀ ਬੇਅਦਬੀ ਕਰਦਾ ਹੈ ਤਾਂ ਕਮੇਟੀ ਉਸਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦੇਣ ਦਾ ਸਮਰਥਨ ਕਰਦੀ ਹੈ।ਜੀ.ਕੇ. ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸ਼ਾਂਝੀਵਾਲਤਾ ਅਤੇ ਸ਼ਾਂਤੀ ਦੇ ਪ੍ਰਚਾਰ ਦਾ ਸੋਮਾਂ ਵੀ ਦਸਿਆ।
ਸਿਰਸਾ ਨੇ ਕਿਹਾ ਕਿ ਜਿਸ ਗੁਰੂ ਨੇ ਸਾਨੂੰ ਇਸ ਭਵ ਸਾਗਰ ਤੋਂ ਪਾਰ ਲੈ ਜਾਣਾ ਹੈ ਅਗਰ ਉਸ ਦੀ ਬੇਅਦਬੀ ਕਰਨ ਦੀ ਸੋਚਣ ਵਾਲਾ ਇਨਸਾਨ ਆਪਣੇ ਇਸ ਜੀਵਨ ’ਚ ਅੱਗੇ ਵੱਧਣ ਦੀ ਆਸ਼ ਰਖਦਾ ਹੈ ਤਾਂ ਉਸਤੋਂ ਵੱਡਾ ਬੇਵਕੂਫ਼ ਹੋਰ ਕੋਈ ਨਹੀਂ ਹੈ। ਸਿਰਸਾ ਨੇ ਸਿੱਖ ਸੰਗਤਾਂ ਨੂੰ ਬਿਬੇਕ ਨਾਲ ਕੰਮ ਲੈਂਦੇ ਹੋਏ ਅਫ਼ਵਾਹਾਂ ਤੋਂ ਗੁਰੇਜ਼ ਕਰਕੇ ਸ਼ਰਾਰਤੀ ਅਨਸਰਾਂ ਦੇ ਮਨਸ਼ੂਬਿਆਂ ਨੂੰ ਢਾਹ ਲਾਉਣ ਦੀ ਵੀ ਅਪੀਲ ਕੀਤੀ। ਇਸ ਮੌਕੇ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਮਹਿੰਦਰਪਾਲ ਸਿੰਘ ਚੱਢਾ, ਮੀਤ ਪ੍ਰਧਾਨ ਸਤਪਾਲ ਸਿੰਘ, ਜੁਆਇੰਟ ਸਕੱਤਰ ਅਮਰਜੀਤ ਸਿੰਘ ਪੱਪੂ, ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਸਰਪ੍ਰਸ਼ਤ ਗੁਰਬਚਨ ਸਿੰਘ ਚੀਮਾ ਤੇ ਮੈਂਬਰ ਸਾਹਿਬਾਨ ਮੌਜ਼ੂਦ ਸਨ।