ਅੰਮ੍ਰਿਤਸਰ – ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ 24 ਸਿਤੰਬਰ ਨੂੰ ਸੌਦਾ ਸਾਧ ਨੂੰ ਦਿੱਤੀ ਗਈ ਮਾਫ਼ੀ ਦਾ ਫੈਂਸਲਾ ਵਾਪਿਸ ਲੈ ਲਿਆ ਗਿਆ ਹੈ। ਸਿੱਖ ਸੰਗਤ ਵਿੱਚ ਰਾਮ ਰਹੀਮ ਨੂੰ ਦਿੱਤੀ ਗਈ ਮਾਫ਼ੀ ਪ੍ਰਤੀ ਭਾਰੀ ਰੋਹ ਨੂੰ ਵੇਖਦੇ ਹੋਏ ਸ਼ੁਕਰਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਈ ਪੰਜ ਸਿੰਘ ਸਾਹਿਬਾਨ ਦੀ ਬੈਠਕ ਵਿੱਚ ਇਹ ਫੈਂਸਲਾ ਲਿਆ ਗਿਆ। ਡੇਰਾ ਮੁੱਖੀ ਨੂੰ ਦਿੱਤੀ ਗਈ ਮਾਫ਼ੀ ਦਾ ਮਾਮਲਾ ਕਾਫ਼ੀ ਤੂਲ ਫੜ ਗਿਆ ਸੀ ਅਤੇ ਕੁਝ ਸਿੱਖ ਸੰਗਠਨਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਸੀ।
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਕੀਤੇ ਗਏ ਇੱਕ ਪ੍ਰੈਸ ਨੋਟ ਵਿੱਚ ਇਹ ਕਿਹਾ ਗਿਆ ਕਿ ਖਾਲਸਾ ਪੰਥ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ ਡੇਰਾ ਸੱਚਾ ਸੌਦਾ ਮੁੱਖੀ ਦੀ ਮੁਆਫ਼ੀ ਦੇ ਫੈਂਸਲੇ ਨੂੰ ਰੱਦ ਕੀਤਾ ਜਾਂਦਾ ਹੈ ਅਤੇ ਪੰਜ ਤਖ਼ਤ ਸਾਹਿਬਾਨਾਂ ਦੇ ਜੱਥੇਦਾਰ ਸਾਹਿਬਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਖਾਲਸਾ ਪੰਥ ਦੇ ਮਾਣ-ਸਨਮਾਨ ਲਈ ਸਦਾ ਤਤਪਰ ਹਨ।ਸ੍ਰੀ ਅਕਾਲ ਤਖ਼ਤ ਸਾਹਿਬ ਦੇ ਇਤਿਹਾਸ ਵਿੱਚ ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਫੈਂਸਲੇ ਨੂੰ ਵਾਪਿਸ ਲਿਆ ਗਿਆ ਹੋਵੇ। ਬੈਠਕ ਤੋਂ ਬਾਅਦ ਸਿੰਘ ਸਾਹਿਬਾਨ ਨੇ ਕੁਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ।
ਵਰਨਣਯੋਗ ਹੈ ਕਿ ਸੌਦਾ ਸਾਧ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਤਰ੍ਹਾਂ ਪਹਿਰਾਵਾ ਪਹਿਨਣ ਕਰਕੇ 8 ਸਾਲ ਪੁਰਾਣੇ ਮਾਮਲੇ ਵਿੱਚ ਸਿੰਘ ਸਾਹਿਬਾਨ ਵੱਲੋਂ ਮੁਆਫ਼ੀ ਦਿੱਤੀ ਗਈ ਸੀ। ਜਿਸ ਕਾਰਣ ਦੇਸ਼-ਵਿਦੇਸ਼ ਦੇ ਸਿੱਖਾਂ ਵਿੱਚ ਜਬਰਦਸਤ ਗੁਸੇ ਦੀ ਲਹਿਰ ਭੜਕ ਗਈ ਸੀ ਅਤੇ ਇਸ ਫੈਂਸਲੇ ਦਾ ਸਖਤ ਵਿਰੋਧ ਹੋਇਆ ਸੀ।