ਨਵੀਂ ਦਿੱਲੀ : ਰਾਣਾ ਪਰਮਜੀਤ ਸਿੰਘ, ਚੇਅਰਮੈਨ ਧਰਮ ਪ੍ਰਚਾਰ ਕਮੇਟੀ (ਦਿ. ਸਿ. ਗੁ. ਪ੍ਰਬੰਧਕ ਕਮੇਟੀ) ਨੇ ਕੋਟਕਪੂਰਾ ਵਿਖੇ ਵਾਪਰੇ ਦੁਖਾਂਤ, ਜਿਸ ਵਿੱਚ, ਪੁਲਿਸ ਵਲੋਂ ਢਾਹੇ ਅੰਨ੍ਹੇ ਤਸ਼ਦਦ ਅਤੇ ਚਲਾਈ ਗਈ ਗੋਲੀ ਨਾਲ ਤਿੰਨ ਸਿੱਖ ਸ਼ਹੀਦ ਅਤੇ ਵੱਡੀ ਗਿਣਤੀ ਵਿੱਚ ਬੁਰੀ ਤਰ੍ਹਾਂ ਜ਼ਖਮੀ ਹੋਏ ਹਨ, ਪੁਰ ਡੂੰਘੇ ਦੁਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮੰਗ ਕੀਤੀ ਹੈ ਕਿ ਇਸ ਕਾਰੇ ਦੇ ਲਈ ਜ਼ਿਮੇਂਦਾਰ ਪੁਲਿਸੀਆਂ ਨੂੰ ਤੁਰੰਤ ਮੁਅਤਲ ਕਰ, ਉਨ੍ਹਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਏ। ਸ. ਰਾਣਾ ਨੇ ਜਾਰੀ ਆਪਣੇ ਬਿਆਨ ਵਿੱਚ ਕਿਹਾ ਕਿ ਬਰਗਾੜੀ ਵਿਖੇ ਜਿਸਤਰ੍ਹਾਂ ਗੁਰਦੁਆਰਾ ਪਾਤਸ਼ਾਹੀ ਦਸਵੀਂ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕੀਤਾ ਗਿਆ ਅਤੇ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ (ਪਤਰੇ) ਗੁਰਦੁਆਰਾ ਸਾਹਿਬ ਦੇ ਆਸ-ਪਾਸ, ਗਲੀਆਂ ਵਿੱਚ ਅਤੇ ਬੱਸ ਅੱਡੇ ਪੁਰ ਖਿਲਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ ਦੀ ਬੇਹੁਰਮਤੀ ਕੀਤੀ ਗਈ, ਉਸ ਨਾਲ ਸਮੁਚੇ ਸਿੱਖ ਪੰਥ ਦੀਆਂ ਧਾਰਮਕ ਭਾਵਨਾਵਾਂ ਲੂਹੀਆਂ ਗੲਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਣ ਪੈਦਾ ਹੋਏ ਰੋਸ ਦਾ ਪ੍ਰਗਾਟਵਾ ਕਰ ਰਹੇ ਸਿੱਖਾਂ ਦੀਆਂ ਭਾਵਨਾਵਾਂ ਦਾ ਸਨਮਾਨ ਕੀਤਾ ਜਾਣਾ ਚਾਹੀਦਾ ਸੀ। ਸ. ਰਾਣਾ ਨੇ ਰੋਸ ਭਰੇ ਸ਼ਬਦਾਂ ਵਿੱਚ ਕਿਹਾ ਕਿ ਪ੍ਰੰਤੂ ਪੰਜਾਬ ਪੁਲਿਸ ਵਲੋਂ ਅਜਿਹਾ ਨਾ ਕਰ, ਉਨ੍ਹਾਂ ਪੁਰ ਲਾਠੀਆਂ ਮਾਂਜ ਅਤੇ ਗੋਲੀਆਂ ਚਲਾ ਅੰਨ੍ਹਾਂ ਤਸ਼ਦਦ ਢਾਹ ਸਿੱਖਾਂ ਨੂੰ ਸ਼ਹੀਦ ਅਤੇ ਬੁਰੀ ਤਰ੍ਹਾਂ ਜ਼ਖਮੀ ਕੀਤਾ ਜਾਣਾ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ ਮੰਨਿਆ ਜਾ ਸਕਦਾ। ਸ. ਰਾਣਾ ਨੇ ਕਿਹਾ ਕਿ ਪੁਲਿਸ ਦੀ ਇਸ ਜ਼ਾਲਮਾਨਾ ਕਾਰਵਾਈ ਕਾਰਣ ਸਿੱਖ ਜਗਤ ਵਿੱਚ ਜੋ ਭਾਰੀ ਰੋਸ ਪੈਦਾ ਹੋਇਆ ਹੈ, ਉਸਨੂੰ ਵੇਖਦਿਆਂ ਤੁਰੰਤ ਹੀ ਦੋਸ਼ੀਆਂ ਵਿਰੁਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਸ. ਰਾਣਾ ਨੇ ਆਪਣੇ ਬਿਆਨ ਵਿੱਚ ਹੋਰ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ, ਸਮੁਚੇ ਸਿੱਖ ਜਗਤ ਤੇ ਸਦੀਵੀ ਅਤੇ ਜਾਗਤ ਜੋਤਿ ਸਤਿਗੁਰੂ ਹਨ। ਉਨ੍ਹਾਂ ਕਿਹਾ ਕਿ ਰਾਜਸੀ ਸੋਚ ਦੇ ਅਧਾਰ ਤੇ ਭਾਵੇਂ ਸਿੱਖ ਵੰਡੇ ਹੋ ਸਕਦੇ ਹਨ, ਪ੍ਰੰਤੂ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਉਨ੍ਹਾਂ ਦੀ ਨਿਸ਼ਠਾ ਅਤੇ ਸਤਿਕਾਰ ਦੀ ਭਾਵਨਾ ਇੱਕ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਬਰਗਾੜੀ ਦੀ ਦੁਖਦਾਈ ਘਟਨਾ ਨੇ ਹਰ ਸਿੱਖ ਦਾ ਹਿਰਦਾ ਲੂਹ ਸੁਟਿਆ ਹੈ। ਇਸ ਕਾਰੇ ਦੇ ਲਈ ਭਾਵੇਂ ਕੋਈ ਵੀ ਜ਼ਿਮੇਂਦਾਰ ਹੋਵੇ, ਸਿੱਖ ਪੰਥ ਉਸਨੂੰ ਕਦੀ ਵੀ ਮਾਫ ਨਹੀਂ ਕਰੇਗਾ। ਸ. ਰਾਣਾ ਨੇ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਕਾਇਮ ਰਖਣ ਅਤੇ ਇਸ ਕਾਰੇ ਦੇ ਜ਼ਿਮੇਂਦਾਰਾਂ ਨੂੰ ਇਬਰਤਨਾਕ ਸਜ਼ਾ ਦੁਆਉਣ ਲਈ ਸਾਰਿਆਂ ਨੂੰ ਇੱਕ ਜੁਟ ਹੋ ਸਹਿਯੋਗ ਕਰਨਾ ਚਾਹੀਦਾ ਹੈ।
ਸ. ਰਾਣਾ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਸ਼ਹੀਦ ਹੋਏ ਸਿੱਖਾਂ ਦੇ ਪਰਿਵਾਰਾਂ ਦੀ ਸੰਭਾਲ ਅਤੇ ਜ਼ਖਮੀਆਂ ਦੀ ਸਹਾਇਤਾ ਲਈ ਹਰ ਯੋਗ ਕਦਮ ਚੁਕਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਕਾਰਣ ਹਰ ਗੁਰੂ ਨਾਨਕ ਨਾਮ ਲੇਵਾ ਦੁਖੀ ਹੈ। ਉਨ੍ਹਾਂ ਸਮੂਹ ਸਿੱਖ ਜਥੇਬੰਦੀਆਂ ਅਤੇ ਗਰਦੁਆਰਿਆਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਉਹ ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਪ੍ਰਕਾਸ਼ ਅਤੇ ਸੁਖ ਆਸਨ ਦੇ ਅਸਥਾਨਾਂ ਤੇ ਹਰ ਸਮੇਂ ਘਟੋਘਟ ਇੱਕ ਸੇਵਾਦਾਰ ਨੁੰ ਜ਼ਰੂਰ ਤੈਨਾਤ ਰਖਿਆ ਕਰਨ ਤਾਂ ਜੋ ਸ਼ਰਾਰਤੀ ਅਨਸਰਾਂ ਦੇ ਕਾਰੇ ਤੋਂ ਬਚਿਆ ਰਿਹਾ ਜਾ ਸਕੇ।
ਸ੍ਰੀ ਗੁਰੁ ਗ੍ਰੰਥ ਸਾਹਿਬ ਦੇ ਮਾਨ-ਸਨਮਾਨ ਨਾਲ ਕੋਈ ਸਮਝੌਤਾ ਨਹੀਂ – ਰਾਣਾ
This entry was posted in ਭਾਰਤ.