ਚੰਡੀਗੜ੍ਹ : ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ’ਚ ਵਾਪਰ ਰਹੀਆਂ ਪਵਿੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਦੁੱਖਦਾਈ ਘਟਨਾਵਾਂ ਅਤੇ ਉਨ੍ਹਾਂ ਤੋਂ ਬਾਅਦ ਵਾਪਰੀਆਂ ਪੁਲਿਸ ਹਿੰਸਾ ਦੀਆਂ ਵਾਰਦਾਤਾਂ ਦੇ ਮੁੱਦੇ ’ਤੇ ਸਹਿਜਧਾਰੀ ਸਿੱਖ ਪਾਰਟੀ ਦੇ ਕੌਮੀ ਪ੍ਰਧਾਨ ਡਾ. ਪਰਮਜੀਤ ਸਿੰਘ ਰਾਣੂ ਅੱਜ ਪੰਜਾਬ ਦੇ ਮਾਣਯੋਗ ਰਾਜਪਾਲ ਸ੍ਰੀ ਕਪਤਾਨ ਸਿੰਘ ਸੋਲੰਕੀ ਨੂੰ ਮਿਲੇ। ਇਸ ਮੌਕੇ ਸਿੱਖ ਕੌਮ ਨਾਲ਼ ਏਕਤਾ ਤੇ ਆਪਸੀ ਭਾਈਚਾਰੇ ਦੀ ਅਦੁੱਤੀ ਮਿਸਾਲ ਪੇਸ਼ ਕਰਦਿਆਂ ਕ੍ਰਿਸਚੀਅਨ ਪਾਸਟਰ ਐਸੋਸੀਏਸ਼ਨ ਦੇ ਪ੍ਰਧਾਨ ਪਾਦਰੀ ਰਾਜ ਮਸੀਹ ਅਤੇ ਪੰਜਾਬ ਦੇ ਮੁਫ਼ਤੀ ਜਨਾਬ ਅਬਦੁਲ ਸੱਤਾਰ ਵੀ ਡਾ. ਰਾਣੂ ਨਾਲ਼ ਮੌਜੂਦ ਸਨ।
ਮਾਣਯੋਗ ਰਾਜਪਾਲ ਨੂੰ ਮਿਲੇ 6-ਮੈਂਬਰੀ ਵਫ਼ਦ ਨੇ ਪੰਜਾਬ ਦੀਆਂ ਇਨ੍ਹਾਂ ਹਾਲੀਆ ਘਟਨਾਵਾਂ ਉਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅਜਿਹੀਆਂ ਵਾਰਦਾਤਾਂ ਨਾਲ ਦੇਸ਼ ਦੇ ਜਮਹੂਰੀ ਤਾਣਾ-ਬਾਣਾ ਕਮਜ਼ੋਰ ਹੋਣ ਦਾ ਖ਼ਦਸ਼ਾ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਬਹੁਤ ਡੂੰਘੇਰੀ ਸਾਜ਼ਿਸ਼ ਹੈ, ਜੋ ਪੰਜਾਬ ਦੀ ਫ਼ਿਰਕੂ ਏਕਤਾ ਨੂੰ ਭੰਗ ਕਰਨਾ ਅਤੇ ਆਪਸੀ ਭਾਈਚਾਰੇ ਵਿੱਚ ਵੰਡੀਆਂ ਪਾਉਣੀਆਂ ਚਾਹੁੰਦੀ ਹੈ। ਅਜਿਹੇ ਮੌਕੇ ਸਾਨੂੰ ਸਭਨਾਂ ਨੂੰ ਸ਼ਾਂਤੀ ਕਾਇਮ ਰੱਖਣ ਦੀ ਜ਼ਰੂਰਤ ਹੈ।
ਡਾ. ਪਰਮਜੀਤ ਸਿੰਘ ਰਾਣੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਵ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਣ ਤੋਂ ਬਾਅਦ ਘੱਟ-ਗਿਣਤੀ ਸਿੱਖਾਂ ਉਤੇ ਪੁਲਿਸ ਵੱਲੋਂ ਕੀਤੇ ਗਏ ਅਥਾਹ ਤਸ਼ੱਦਦਾਂ ਨਾਲ ਕਈ ਨਿਰਦੋਸ਼ ਜਾਨਾਂ ਗਈਆਂ ਤੇ ਸ਼ਾਂਤੀਪੂਰਨ ਤਰੀਕੇ ਈਸ਼ਵਰ ਦਾ ਜਾਪ ਕਰ ਰਹੇ ਲੋਕਾਂ ਉਤੇ ਵੀ ਪੁਲਿਸ ਨੇ ਗੋਲ਼ੀਆਂ ਚਲਾਈਆਂ। ਇਸ ਨਾਲ ਪਹਿਲਾਂ ਤੋਂ ਹੀ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਏ ਜਾਣ ਤੋਂ ਪੀੜਤ ਸਿੱਖਾਂ ਦੇ ਜ਼ਖ਼ਮਾਂ ਉਤੇ ਲੂਣ ਛਿੜਕਿਆ ਗਿਆ। ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਵਿੱਚ ਕਰਫ਼ਿਊ ਜਿਹਾ ਮਾਹੌਲ ਬਣਿਆ ਹੋਇਆ ਹੈ। ਲੋਕ ਘਰਾਂ ’ਚੋਂ ਨਿੱਕਲ ਕੇ ਸੜਕਾਂ ਉਤੇ ਜਾ ਚੁੱਕੇ ਹਨ। ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਭੜਕਾ ਕੇ ਸ਼ਰਾਰਤੀ ਤੱਤ ਤੇ ਦੇਸ਼-ਵਿਰੋਧੀ ਤਾਕਤਾਂ ਪੰਜਾਬ ’ਚ ਵੀਹ ਵਰ੍ਹੇ ਪੁਰਾਣਾ ਇਤਿਹਾਸ ਦੁਹਰਾਉਣ ਲਈ ਆਪਣੀਆਂ ਗਤੀਵਿਧੀਆਂ ਅਰੰਭ ਕਰ ਚੁੱਕੀਆਂ ਹਨ। ਸਰਕਾਰ ਵੱਲੋਂ ਪਾਬੰਦੀਸ਼ੁਦਾ ਕੁੱਝ ਖਾੜਕੂ ਜੱਥੇਬੰਦੀਆਂ ਵੀ ਇਸ ਪ੍ਰਕਿਰਿਆ ਵਿੱਚ ਸ਼ਾਮਲ ਹਨ ਤੇ ਹਰੇਕ ਧਰਨੇ ਵਿੱਚ ਹੁਣ ‘ਖ਼ਾਲਿਸਤਾਨ ਜ਼ਿੰਦਾਬਾਦ’ ਦੇ ਨਾਅਰੇ ਗੂੰਜ ਰਹੇ ਹਨ।
ਡਾ. ਰਾਣੂ ਨੇ ਕਿਹਾ ਕਿ ਅਕਾਲੀ ਸਰਕਾਰ ਦੇ ਕਾਰਜਕਾਲ ਦੌਰਾਨ ਇਹ ਗੜਬੜੀ ਫ਼ਿਰੋਜ਼ਪੁਰ ਜ਼ਿਲ੍ਹੇ, ਜੋ ਪਾਕਿਸਤਾਨ ਦੀ ਸਰਹੱਦ ਨਾਲ ਲਗਦਾ ਹੈ, ਤੋਂ ਸ਼ੁਰੂ ਹੋਈ ਹੈ ਅਤੇ ਹੌਲੀ-ਹੌਲੀ ਸਮੁੱਚੇ ਪੰਜਾਬ ਨੂੰ ਆਪਣੀ ਲਪੇਟ ਵਿੱਚ ਲੈ ਚੁੱਕੀ ਹੈ। ਪੰਜਾਬ ਪਹਿਲਾਂ ਹੀ ਅੱਤਵਾਦ ਤੋਂ ਪ੍ਰਭਾਵਿਤ ਸੂਬਾ ਰਹਿ ਚੁੱਕਾ ਹੈ ਅਤੇ ਅਥਾਹ ਕੁਰਬਾਨੀਆਂ ਤੋਂ ਬਾਅਦ ਸੂਬੇ ’ਚ ਸ਼ਾਂਤੀ ਪਰਤੀ ਸੀ। ਡਾ. ਰਾਣੂ ਨੇ ਦੱਸਿਆ ਕਿ ਉਨ੍ਹਾਂ ਦੀ ਸਹਿਜਧਾਰੀ ਸਿੱਖ ਪਾਰਟੀ ਨੇ ਮਾਣਯੋਗ ਰਾਜਪਾਲ ਤੋਂ ਮੰਗ ਕੀਤੀ ਹੈ ਕਿ ਪੰਜਾਬ ਨੂੰ ਇਸ ਨਫ਼ਰਤ ਅਤੇ ਹਿੰਸਾ ਦੀ ਅੱਗ ਤੋਂ ਬਚਾ ਲਿਆ ਜਾਵੇ। ਇਸ ਲਈ ਕਿਸੇ ਕੇਂਦਰੀ ਜਾਂਚ ਏਜੰਸੀ ਤੋਂ ਪੰਜਾਬ ਦਾ ਸਰਵੇਖਣ ਕਰਵਾ ਕੇ ਹਾਲਾਤ ਦੀ ਨਜ਼ਾਕਤ ਨੂੰ ਧਿਆਨ ਵਿੱਚ ਰਖਦਿਆਂ ਤੇ ਲੋਕਾਂ ਦੀਆਂ ਭਾਵਨਾਵਾਂ ਨੂੰ ਸਮਝਦੇ ਹੋਏ ਉਹ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੀ ਸਿਫ਼ਾਰਸ਼ ਕਰਨ, ਕਿਉਂਕਿ ਅੱਜ ਪੰਜਾਬ ਵਿੱਚ ਅਰਾਜਕਤਾ ਦਾ ਮਾਹੌਲ ਹੈ।
ਡਾ. ਪਰਮਜੀਤ ਸਿੰਘ ਰਾਣੂ ਨੇ ਦੁਖਦਾਈ ਲਹਿਜੇ ਵਿੱਚ ਕਿਹਾ ਕਿ ਪੰਜਾਬ ਦੀ ਪੁਲਿਸ ਆਪਣੇ ਹੀ ਨਿਹੱਥੇ ਲੋਕਾਂ ਉਤੇ ਗੋਲ਼ੀਆਂ ਵਰ੍ਹਾ ਕੇ ਮਾਰ ਰਹੀ ਹੈ ਤੇ ਲੋਕ ਮਜਬੂਰਨ ਸੜਕਾਂ ਉਤੇ ਆ ਚੁੱਕੇ ਹਨ ਤੇ ਧਰਨੇ ਦੇ ਰਹੇ ਹਨ। ਕੁੱਝ ਲੋਕ ਖ਼ਾਲਿਸਤਾਨ ਦੇ ਝੰਡੇ ਲਹਿਰਾ ਕੇ ਪ੍ਰਦਰਸ਼ਨ ਵੀ ਕਰ ਰਹੇ ਹਨ। ਪਿਛਲੇ ਕੁੱਝ ਵਰ੍ਹਿਆਂ ਦੌਰਾਨ ਕੇਂਦਰੀ ਖ਼ੁਫ਼ੀਆ ਏਜੰਸੀਆਂ ਨੇ ਵੀ ਖ਼ੁਲਾਸਾ ਕੀਤਾ ਹੈ ਕਿ ਪਾਕਿਸਤਾਨੀ ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਆਉਣ ਵਾਲ਼ੇ ਸਮੇਂ ’ਚ ਸਿੱਖ ਖਾੜਕੂ ਜੱਥੇਬੰਦੀ ‘ਬੱਬਰ ਖ਼ਾਲਸਾ ਇੰਟਰਨੈਸ਼ਨਲ’ ਅਤੇ ‘ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ’ ਨਾਲ ਮਿਲ਼ ਕੇ ਭਾਰਤ ’ਚ ਆਪਣੀਆਂ ਗਤੀਵਿਧੀਆਂ ਅਰੰਭ ਕਰਨ ਜਾ ਰਹੀ ਹੈ। ਜੇ ਸਮੇਂ ’ਤੇ ਯੋਗ ਕਾਰਵਾਈ ਨਾ ਕੀਤੀ ਗਈ, ਤਾਂ ਪੰਜਾਬ ਤੇ ਭਾਰਤ ਦੇਸ਼ ਦੀ ਏਕਤਾ ਅਤੇ ਅਖੰਡਤਾ ਖ਼ਤਰੇ ’ਚ ਪੈ ਸਕਦੀ ਹੈ।